
ਸਿੱਖ ਰਹਿਤ ਮਰਯਾਦਾ ਉਹ ਮੁੱਖ ਦਸਤਾਵੇਜ਼ ਹੈ ਜੋ ਸਿੱਖਾਂ ਦੀ ਨਿੱਜੀ ਜ਼ਿੰਦਗੀ ਅਤੇ ਸੰਗਤੀ ਜੀਵਨ ਲਈ ਬੁਨਿਆਦੀ ਨਿਯਮ ਤੈਅ ਕਰਦਾ ਹੈ। ਇਸ ਦਸਤਾਵੇਜ਼ ਵਿੱਚ ਦਿੱਤੇ ਨਿਯਮ ਸ੍ਰੀ ਅਕਾਲ ਤਖ਼ਤ ਸਾਹਿਬ — ਜੋ ਸਿੱਖਾਂ ਦੀ ਸਰਵੋਚ ਸੱਤਾ ਤੇ ਕੇਂਦਰੀ ਅਸਥਾਨ ਹੈ — ਉੱਥੇ ਮੰਨੇ ਜਾਂਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਗੂ ਕੀਤੇ ਜਾਂਦੇ ਹਨ। ਸ਼੍ਰੋਮਣੀ ਕਮੇਟੀ ਪੰਜਾਬ ਅਤੇ ਦੁਨੀਆ ਭਰ ਦੇ ਸਿੱਖਾਂ ਦੀ ਮੁੱਖ ਨੁਮਾਇੰਦਗੀ ਕਰਦੀ ਹੈ ਅਤੇ ਵੱਡੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਦੀ ਹੈ। ਸਿੱਖ ਰਹਿਤ ਮਰਯਾਦਾ ਨੂੰ ਦੁਨੀਆ ਭਰ ਦੇ ਸਿੱਖ ਸੰਸਥਾਨ ਅਤੇ ਗੁਰਦੁਆਰੇ ਵੀ ਮੰਨਦੇ ਅਤੇ ਹਵਾਲੇ ਵਜੋਂ ਵਰਤਦੇ ਹਨ।
ਇਹ ਸਮਝਣਾ ਲਾਜ਼ਮੀ ਹੈ ਕਿ ਸਿੱਖ ਰਹਿਤ ਮਰਯਾਦਾ ਪੂਰੀ ਰਹਿਤ ਦਾ ਵਿਸਥਾਰ ਨਹੀਂ, ਸਗੋਂ ਸਿੱਖ ਜੀਵਨ ਲਈ ਇੱਕ ਮੁੱਢਲਾ ਢਾਂਚਾ ਪੇਸ਼ ਕਰਦੀ ਹੈ। ਗੁਰੂ ਸਾਹਿਬ ਦੀ ਸਿੱਖਿਆ ’ਤੇ ਆਧਾਰਿਤ ਬਹੁਤ ਸਾਰੀ ਰਹਿਤ ਇਸ ਲਿਖਤੀ ਮਰਯਾਦਾ ਤੋਂ ਬਾਹਰ ਵੀ ਮਿਲਦੀ ਹੈ। ਕੁਝ ਰਹਿਤਾਂ ਅੰਮ੍ਰਿਤ ਸੰਚਾਰ ਦੌਰਾਨ ਦਿੱਤੀ ਜਾਣ ਵਾਲੀ ਸਿੱਖਿਆ ਤੋਂ ਆਉਂਦੀਆਂ ਹਨ, ਅਤੇ ਕੁਝ ਗੁਰਮਤ ਅਧਾਰਿਤ ਸੀਨਾ-ਬਸੀਨਾ ਖਾਲਸਾ ਰਵਾਇਤਾਂ ਹਨ ਜੋ ਅੱਜ ਵੀ ਸਿੱਖਾਂ ਵਿੱਚ ਪ੍ਰਚਲਤ ਹਨ। ਜਰੂਰੀ ਹੈ ਕਿ ਹਰ ਰਹਿਤ ਗੁਰਮਤ ਅਨੁਕੂਲ ਹੋਵੇ—ਅਰਥਾਤ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖਿਆ ਨਾਲ ਮੇਲ ਖਾਂਦੀ ਹੋਵੇ ਅਤੇ ਗੁਰਬਾਣੀ ਦੇ ਉਪਦੇਸ਼ ਦੇ ਵਿਰੁੱਧ ਨਾ ਜਾਵੇ।
ਸਿੱਖ ਰਹਿਤ ਮਰਯਾਦਾ ਸਭ ਤੋਂ ਪਹਿਲਾਂ 1936 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਲਾਗੂ ਕੀਤੀ ਗਈ ਸੀ। ਸਮੇਂ ਦੇ ਨਾਲ ਇਸ ਵਿੱਚ ਕਈ ਸੋਧ ਅਤੇ ਸੁਧਾਰ ਵੀ ਕੀਤੇ ਗਏ ਹਨ। ਅੱਜ ਵੀ ਇਹ ਮਰਯਾਦਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੂਰੀ ਤਰ੍ਹਾਂ ਲਾਗੂ ਹੈ, ਅਤੇ ਉੱਥੇ ਦੀ ਸੇਵਾ ਅਤੇ ਪ੍ਰਚਾਰ ਇਸੇ ਦੇ ਆਧਾਰ ’ਤੇ ਹੁੰਦੇ ਹਨ। ਜਦੋਂ ਵੀ ਸਿੱਖ ਮਰਯਾਦਾ ਨਾਲ ਸੰਬੰਧਿਤ ਕੋਈ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਸਿੱਖਿਆ ਦੇ ਨਾਲ-ਨਾਲ, ਇਹ ਦਸਤਾਵੇਜ਼ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੁਨੀਆ ਭਰ ਦੇ ਸਿੱਖਾਂ ਲਈ ਮੁੱਖ ਹਵਾਲਾ ਬਣਦੇ ਹਨ।
Click on the tiles to view contents
ਜੋ ਇਸਤ੍ਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।
ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ’ ਨਾਮ ਜਪੇ।
ਨਿਤਨੇਮ ਦਾ ਪਾਠ ਕਰੇ। ਨਿਤਨੇਮ ਦੀਆਂ ਬਾਣੀਆਂ ਇਹ ਹਨ:-
ਸੇਵਰ ਦੀਆਂ ਬਾਣੀਆਂ:- ਜਪੁ, ਜਾਪੁ, ੧੦ ਸਵੱਯੇ (‘ਸ੍ਰਾਵਗ ਸੁਧ’ ਵਾਲੇ), ਬੇਨਤੀ ਚੌਪਈ ਅਤੇ ਅਨੰਦੁ - ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ।
ਸ਼ਾਮ (ਸੂਰਜ ਡੁੱਬਣ ਵੇਲੇ) ਦੀ ਬਾਣੀ:- ਸੋ ਦਰੁ ਰਹਿਰਾਸ। ਇਸ ਵਿੱਚ ਇਹ ਬਾਣੀਆਂ ਮੂਲ ਪਾਠ ਹਨ:-
ਰਾਤ (ਸੌਣ ਵੇਲੇ) ਦੀ ਬਾਣੀ:- ਸੋਹਿਲਾ ਸਾਹਿਬ।
ਅੰਮ੍ਰਿਤ ਵੇਲੇ ਅਤੇ ਸੋ ਦਰੁ ਵੇਲੇ ਦੇ ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂੁੁਰੀ ਹੈ।
ੳ) ਅਰਦਾਸ ਇਹ ਹੈ:-
ੴ ਵਾਹਿਗੁਰੂ ਜੀ ਕੀ ਫ਼ਤਹ ॥ ਸ੍ਰੀ ਭਗਉਤੀ ਜੀ ਸਹਾਇ ॥ ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸ਼ਾਹੀ ੧੦ ॥
ਪ੍ਰਿਥਮ ਭਗਉਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈਂ ਸਹਾਇ ॥ ਅਰਜਨ ਹਰਿਗੋਬਿੰਦ ਨੂ ਸਿਮਰੋਂ ਸ੍ਰੀ ਹਰਿਰਾਇ ॥ ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ॥ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ ॥ ਸਭ ਥਾਈਂ ਹੋਇ ਸਹਾਇ ॥੧॥
ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਈਂ ਹੋਇ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰ!
ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!
ਪੰਜਾਂ ਤਖ਼ਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!
ਪ੍ਰਿਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖ਼ਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖ਼ਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ!
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!!
ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਦਾ ਰਾਖਾ ਆਪਿ ਵਾਹਿਗੁਰੂ।
ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ.......................ਦੀ ਅਰਦਾਸ ਹੈ ਜੀ।
ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ।
ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਇਸ ਤੋਂ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਨਾਲ ਮੱਥਾ ਟੇਕੇ ਅਤੇ ਫਿਰ ਖੜ੍ਹੇ ਹੋ ਕੇ ‘ਵਾਹਿਗੁੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ’ ਬੁਲਾਵੇ। ਉਪ੍ਰੰਤ ‘ਸਤਿ ਸ੍ਰੀ ਅਕਾਲ’ ਦਾ ਜੈਕਾਰਾ ਗਜਾਇਆ ਜਾਵੇ।
ਅ) ਅਰਦਾਸ ਹੋਣ ਸਮੇਂ ਸੰਗਤ ਵਿੱਚ ਹਾਜ਼ਰ ਸਾਰੇ ਇਸਤ੍ਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ ਹੈ। ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਹੋਵੇ, ਉਹ ਭੀ ਉੱਠ ਕੇ ਚੌਰ ਕਰੇ।
ੲ) ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜ੍ਹੋ ਕੇ, ਹੱਥ ਜੋੜ ਕੇ ਅਰਦਾਸ ਕਰੇ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ, ਪ੍ਰਵਾਨ ਹੈ।
ਸ) ਜਦੋਂ ਕੋਈ ਖਾਸ ਅਰਦਾਸ ਕਿਸੇ ਇਕ ਜਾਂ ਵਧੀਕ ਆਦਮੀਆਂ ਵਲੋਂ ਹੋਵੇ, ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉਠਣਾ ਜ਼ਰੂੁਰੀ ਨਹੀਂ।
ੳ) ਗੁਰਬਾਣੀ ਦਾ ਅਸਰ ਸਾਧ ਸੰਗਤ ਵਿੱਚ ਬੈਠਿਆਂ ਵਧੇਰੇ ਹੁੰਦਾ ਹੈ। ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲ ਦੇ ਅਸਥਾਨਾਂ ਗੁਰਦੁਆਰਿਆਂ ਦੇ ਦਰਸ਼ਨ ਕਰੇ ਅਤੇ ਸਾਧ ਸੰਗਤ ਵਿੱਚ ਬੈਠਕੇ ਗੁਰਬਾਣੀ ਤੋਂ ਲਾਭ ਉਠਾਵੇ।
ਅ) ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ-ਪ੍ਰਤੀ ਹੋਵੇ। ਬਿਨਾਂ ਖਾਸ ਕਾਰਨ ਦੇ (ਜਦ ਕਿ ਪ੍ਰਕਾਸ਼ ਜਾਰੀ ਰਖਣ ਦੀ ਲੋੜ ਹੋਵੇ) ਰਾਤ ਨੂੰ ਪ੍ਰਕਾਸ਼ ਨਾ ਰਹੇ। ਆਮ ਤੌਰ ਤੇ ਰਹਿਰਾਸ ਦੇ ਪਾਠ ਮਗਰੋਂ ਸੁੱਖ-ਆਸਨ ਕੀਤਾ ਜਾਵੇ। ਜਦ ਤੱਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ, ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ, ਜਾਂ ਬੇਅਦਬੀ ਦਾ ਖਤਰਾ ਨਾ ਹੋਵੇ, ਤਦ ਤੱਕ ਪ੍ਰਕਾਸ਼ ਰਹੇ। ਉਪ੍ਰੰਤ ਸੁੱਖ ਆਸਨ ਕਰ ਦੇਣਾ ਉਚਿਤ ਹੈ, ਤਾਂ ਜੋ ਬੇਅਦਬੀ ਨਾ ਹੋਵੇ।
ੲ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਅਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂੁੁੁਰੀ ਹੈ ਕਿ ਸਥਾਨ ਸਾਫ਼ ਸੁਥਰਾ ਹੋਵੇ। ਉੱਪਰ ਚੰਦੋਆ ਸਾਹਿਬ ਹੋਵੇ। ਪ੍ਰਕਾਸ਼ ਮੰਜੀ ਸਾਹਿਬ ਤੇ ਸਾਫ਼ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਨੂੰ ਸੰਭਾਲ ਕੇ ਪ੍ਰਕਾਸ਼ਣ ਲਈ ਗਦੇਲੇ ਆਦਿ ਸਮਾਨ ਵਰਤੇ ਜਾਣ ਅਤੇ ਉੱਪਰ ਲਈ ਰੁਮਾਲਾ ਸਾਹਿਬ ਹੋਵੇ। ਜਦ ਪਾਠ ਨਾ ਹੁੰਦਾ ਹੋਵੇ, ਤਾਂ ਉੱਤੇ ਰੁਮਾਲਾ ਸਾਹਿਬ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਸਾਹਿਬ ਵੀ ਚਾਹੀਏ।
ਸ) ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਕਰਮ-ਕਾਂਡੀ ਭੋਗ ਲਾਉਣਾ, ਪੂਜਾ ਰੂਪ 'ਚ ਜੋਤਾਂ ਜਗਾਂਉਣੀਆਂ, ਟੱਲ ਖੁੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ, ਘਿਉ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ।
ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗ ਤੇ ਬਰਾਬਰ ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮੱਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮੱਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।
ਕ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ (ਸੁੱਖ ਆਸਣ ਵਾਲਾ ਪਲੰਘ ਜਾਂ ਆਸਣ) ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜ੍ਹਿਆਂ ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰਖਣਾ, ਗੁਰਦੁਆਰਿਆਂ ਵਿੱਚ ਮੂਰਤੀਆਂ (ਬੁੱਤ) ਬਣਾਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ।
ਖ) ਇਕ ਤੋਂ ਦੂਜੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਜਾਣ ਵੇਲੇ ਅਰਦਾਸ ਕਰਨੀ ਚਾਹੀਏ। ਜਿਸ ਨੇ ਸਿਰ ਤੇ ਸ੍ਰੀ ਗੁਰੂ ਗ੍ਰ੍ਰੰ੍ਰਥ ਸਾਹਿਬ ਜੀ ਚੁਕਿਆ ਹੋਵੇ, ਉਹ ਨੰਗੇ ਪੈਰੀਂ ਚਲੇ, ਪਰ ਜੇਕਰ ਕਿਸੇ ਮੌਕੇ ਜੋੜੇ ਪਾਣ ਦੀ ਅਤੀ ਲੋੜ ਪੈ ਜਾਵੇ, ਤਾਂ ਕੋਈ ਭਰਮ ਨਹੀਂ ਕਰਨਾ।
ਗ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਕ ਸ਼ਬਦ ਦਾ ਵਾਕ ਲਿਆ ਜਾਵੇ।
ਘ) ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਵੇ, ਤਾਂ ਭਾਵੇਂ ਅੱਗੇ ਪ੍ਰਕਾਸ਼ ਹੋਇਆ ਹੋਵੇ ਜਾਂ ਨਾ, ਹਰ ਇਕ ਸਿੱਖ ਨੂੰ ਸਨਮਾਨ ਲਈ ਉੱਠ ਖਲੋਣਾ ਚਾਹੀਏ।
ਙ) ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਤੇ ਜੁਰਾਬਾਂ ਬਾਹਰ ਲਾਹ ਕੇ, ਸੁਥਰਾ ਹੋ ਕੇ ਜਾਣਾ ਚਾਹੀਏ। ਜੇ ਪੈਰ ਮੇਲੇ ਜਾਂ ਗੰਦੇ ਹੋਣ, ਤਾਂ ਜਲ ਨਾਲ ਧੋ ਲੈਣੇ ਚਾਹੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪ੍ਰਕਰਮਾ ਕਰਨੀ ਚਾਹੀਏ।
ਚ) ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ, ਮਜ਼੍ਹਬ, ਜਾਤ ਵਾਲੇ ਨੂੰ ਮਨਾਹੀ ਨਹੀਂ, ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਿਵਰਜਿਤ (ਤਮਾਕੂ ਆਦਿ) ਕੋਈ ਚੀਜ਼ ਨਹੀਂ ਹੋਣੀ ਚਾਹੀਦੀ।
ਛ) ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਹੈ। ਉਪ੍ਰੰਤ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ’ ਬੁਲਾਈ ਜਾਵੇ।
ਜ) ਸੰਗਤ ਵਿੱਚ ਬੈਠਣ ਲਈ ਭੀ ਸਿੱਖ-ਅਸਿੱਖ, ਛੂਤ-ਛਾਤ, ਜਾਤ-ਪਾਤ, ਊਚ-ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ।
ਝ) ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੇਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ।
ਞ) ਸੰਗਤ ਵਿੱਚ ਜਾਂ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ। ਸੰਗਤ ਵਿੱਚ ਸਿੱਖ ਇਸਤ੍ਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕਢਣਾ ਗੁਰਮੱਤ ਵਿਰੁੱਧ ਹੈ।
ਟ) ਤਖ਼ਤ ਸਾਹਿਬਾਨ ਪੰਜ ਹਨ:-
ਠ) ਤਖ਼ਤ ਸਾਹਿਬਾਨਾਂ ਦੇ ਖਾਸ ਅਸਥਾਨ ਉਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੰਘ (ਸਿੰਘ ਜਾਂ ਸਿੰਘਣੀ) ਹੀ ਚੜ੍ਹ ਸਕਦੇ ਹਨ। (ਤਖ਼ਤ ਸਾਹਿਬਾਨਾਂ ਉਤੇ ਪਤਿਤ ਤੇ ਤਨਖਾਹੀਏ ਸਿੱਖ ਤੋਂ ਬਿਨਾਂ ਹਰ ਇਕ ਪ੍ਰਾਣੀ ਮਾਤਰ, ਸਿੱਖ ਗ਼ੈਰ-ਸਿੱਖ ਦੀ ਅਰਦਾਸ ਹੋ ਸਕਦੀ ਹੈ।)
ਡ) ਹਰ ਇਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ (ਪੀਲਾ) ਜਾਂ ਸੁਰਮਈ (ਨੀਲਾ) ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਉਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ।
ਢ) ਗੁਰਦੁਆਰੇ ਵਿੱਚ ਨਗਾਰਾ ਹੋਵੇ, ਜੋ ਸਮੇਂ ਸਿਰ ਵਜਾਇਆ ਜਾਵੇ।
ੳ) ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।
ਅ) ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਣ ਕਰਨ ਨੂੰ ਕਹਿੰਦੇ ਹਨ।
ੲ) ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।
ਸ) ਸ਼ਬਦਾਂ ਨੂੰ ਜੋਟੀਆਂ (ਸੰਗਤੀ ਕੀਰਤਨ) ਦੀ ਧਾਰਨਾ (ਜਿੱਥੇ ਸ਼ਬਦ ਦੀਆਂ ਤੁਕਾਂ ਦੁਹਰਾਈਆਂ ਜਾਂਦੀਆਂ ਹਨ) ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ।
ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਸੰਗਤ ਦਾ ਅਦਬ ਨਾਲ ਦਰਸ਼ਨ ਕਰਨਾ ਤੇ ਵਾਕ/ਹੁਕਮ ਸੁਣਨਾ — ਇਹੀ ਸਤਿਗੁਰੂ ਦੇ ਦਰਸ਼ਨ ਹਨ। ਰੁਮਾਲ ਚੁੱਕ ਕੇ ਬਿਨਾਂ ਵਾਕ ਲਏ ਸਿਰਫ਼ ਅੰਦਰ ਝਾਤ ਮਾਰਨਾ ਜਾਂ ਹੋਰਨਾਂ ਨੂੰ ਦਿਖਾਉਣਾ ਮਨਮੱਤ ਹੈ।
ਅ) ਸੰਗਤ ਵਿੱਚ ਇਕ ਸਮੇਂ ਸਿਰਫ਼ ਇਕ ਕੰਮ ਹੋਵੇ — ਜਾਂ ਕੀਰਤਨ, ਜਾਂ ਕਥਾ, ਜਾਂ ਵਿਆਖਿਆ, ਜਾਂ ਪਾਠ।
ੲ) ਦੀਵਾਨ ਦੇ ਸਮੇਂ ਗੁਰੂ ਸਾਹਿਬ ਦੀ ਤਾਬਿਆ (ਹਾਜ਼ਰੀ) ਵਿੱਚ ਸਿਰਫ਼ ਸਿੱਖ (ਮਰਦ ਜਾਂ ਔਰਤ) ਹੀ ਬੈਠ ਸਕਦਾ ਹੈ।
ਸ) ਸੰਗਤ ਨੂੰ ਪਾਠ ਸਿਰਫ਼ ਸਿੱਖ ਹੀ ਸੁਣਾ ਸਕਦਾ ਹੈ। ਆਪਣੇ ਲਈ ਪਾਠ ਕੋਈ ਵੀ ਕਰ ਸਕਦਾ ਹੈ, ਭਾਵੇਂ ਸਿੱਖ ਨਾ ਹੋਵੇ।
ਹ) ਹੁਕਮ ਲੈਂਦਿਆਂ ਖੱਬੇ ਪੰਨੇ ਦੇ ਉੱਪਰਲੇ ਹਿੱਸੇ ‘ਤੇ ਜੋ ਸ਼ਬਦ ਚੱਲ ਰਿਹਾ ਹੋਵੇ, ਉਹ ਮੁੱਢ ਤੋਂ ਪੜ੍ਹੋ। ਜੇ ਸ਼ਬਦ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ, ਤਾਂ ਪੰਨਾ ਪਿੱਛੇ ਕਰਕੇ ਸ਼ੁਰੂ ਤੋਂ ਸਾਰਾ ਸ਼ਬਦ ਪੜ੍ਹੋ। ਜੇ ਵਾਰ ਹੋਵੇ, ਤਾਂ ਸਲੋਕਾਂ ਤੋਂ ਲੈ ਕੇ ਪਉੜੀ ਤੱਕ ਪੂਰਾ ਪੜ੍ਹੋ। ਜਿੱਥੇ ਸ਼ਬਦ ਦੇ ਅੰਤ ‘ਨਾਨਕ’ ਆਦਿ ਵਾਲੀ ਤੁਕ ਆ ਜਾਵੇ, ਉੱਥੇ ਭੋਗ ਪਾਓ।
ਕ) ਦੀਵਾਨ ਦੇ ਅੰਤ ‘ਤੇ ਜਾਂ ਭੋਗ ਵਾਲੀ ਅਰਦਾਸ ਤੋਂ ਬਾਅਦ ਅੰਤਮ ਹੁਕਮ ਲਿਆ ਜਾਵੇ।
ੳ) ਹਰ ਇਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਿਵੇਕਲਾ ਸਥਾਨ ਨੀਯਤ ਕਰਨਾ ਚਾਹੀਏ।
ਅ) ਹਰ ਇਕ ਸਿੱਖ ਸਿੱਖਣੀ, ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਏ।
ੲ) ਹਰ ਇਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ‘ਹੁਕਮ’ ਲਵੇ। ਜੇ ਇਸ ਵਿੱਚ ਉਕਾਈ ਹੋ ਜਾਵੇ, ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਜਾਂ ਸੁਣੇ। ਸਫ਼ਰ ਆਦਿ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।
ਸ) ਚੰਗਾ ਤਾਂ ਇਹ ਹੈ ਕਿ ਹਰ ਇਕ ਸਿੱਖ ਆਪਣਾ ਸਹਿਜ ਪਾਠ ਜਾਰੀ ਰੱਖੇ ਅਤੇ ਮਹੀਨੇ ਦੋ ਮਹੀਨੇ ਮਗਰੋਂ (ਜਾਂ ਜਿਤਨੇ ਸਮੇਂ ਵਿੱਚ ਹੋ ਸਕੇ) ਭੋਗ ਪਾਵੇ।
ਹ) ਪਾਠ ਅਰੰਭ ਕਰਨ ਸਮੇਂ ਅਨੰਦ ਸਾਹਿਬ (ਪਹਿਲੀਆਂ ਪੰਜ ਪਉੜੀਆਂ ਤੇ ਇਕ ਅੰਤਲੀ ਪਉੜੀ) ਦੇ ਪਾਠ ਮਗਰੋਂ ਅਰਦਾਸਾ ਕਰ ਕੇ ਹੁਕਮ ਲੈਣਾ ਚਾਹੀਏ, ਫੇਰ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਨਾ ਚਾਹੀਏ।
ੳ) ਅਖੰਡ ਪਾਠ ਕਿਸੇ ਭੀੜ (ਮੁਸੀਬਤ) ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ ੪੮ ਘੰਟੇ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ਼ ਤੇ ਸ਼ੁਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ, ਗੁੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤ੍ਰਾ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ਼ ਕਰਨਾ ਚਾਹੀਏ, ਭਾਵੇਂ ਸਮਾਂ ਕੁਝ ਵਧੀਕ ਲੱਗ ਜਾਵੇ।
ਅ) ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕੱਰਰ (ਨਿਸ਼ਚਿਤ) ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਪਾਠੀ ਦੀ ਯਥਾ-ਸ਼ਕਤਿ (ਭਾਵ ਜਿੰਨਾਂ ਵੀ ਹੋ ਸਕੇ) ਭੋਜਨ ਬਸਤਰ ਆਦਿ ਨਾਲ ਯੋਗ ਸੇਵਾ ਕੀਤੀ ਜਾਵੇ।
ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕਰਮ ਕਾਂਡ ਦੇ ਰੂਪ ਵਿੱਚ ਕੁੰਭ, ਜੋਤ, ਨਲੀਏਰ, ਆਦਿ ਰੱਖਣਾ ਜਾਂ ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।
ਸਹਿਜ ਪਾਠ ਦੇ ਅਰੰਭ ਵੇਲੇ ਪ੍ਰਸ਼ਾਦ ਲਿਆ ਕੇ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਕਰਕੇ ਅਰਦਾਸ ਮਗਰੋਂ ‘ਹੁਕਮ’ (ਮੁਖਵਾਕ) ਲਿਆ ਜਾਵੇ। ਅਖੰਡ ਪਾਠ ਵੇਲੇ ਕੜਾਹ ਪ੍ਰਸ਼ਾਦ ਹੋਵੇ, ਫੇਰ ਅਨੰਦ ਸਾਹਿਬ (ਛੇ ਪਉੜੀਆਂ) ਦੇ ਪਾਠ ਕਰਨ ਮਗਰੋਂ ਅਰਦਾਸ ਕਰ ਕੇ ‘ਹੁਕਮ’ ਲੈ ਕੇ ਪਾਠ ਦਾ ਅਰੰਭ ਕੀਤਾ ਜਾਵੇ।
ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ (ਸਹਿਜ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ। ਇਸ ਤੋਂ ਬਾਅਦ ਰਾਗਮਾਲਾ ਚਲਦੀ ਸਥਾਨਕ ਰੀਤੀ ਅਨੁਸਾਰ ਪੜ੍ਹੀ ਜਾ ਸਕਦੀ ਹੈ। ਇਸ ਤੋਂ ਉਪਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ।
ਅ) ਭੋਗ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਅਨੁਸਾਰ ਰੁਮਾਲਾ ਸਾਹਿਬ, ਚੌਰ ਸਾਹਿਬ, ਚੰਦੋਆ ਸਾਹਿਬ ਆਦਿ ਦੀ ਭੇਟਾ, ਅਤੇ ਪੰਥਕ ਕਾਰਜਾਂ ਲਈ ਯਥਾ-ਸ਼ਕਤਿ (ਭਾਵ ਜਿੰਨਾਂ ਵੀ ਹੋ ਸਕੇ) ‘ਅਰਦਾਸ’ ਕਰਾਈ ਜਾਵੇ।
ੳ) ਕੜਾਹ ਪ੍ਰਸ਼ਾਦ ਜੋ ਵਿਧੀ ਅਨੁਸਾਰ ਤਿਆਰ ਕਰਕੇ ਜਾਂ ਕਰਾ ਕੇ ਲਿਆਂਦਾ ਜਾਵੇ, ਸੰਗਤ ਵਿੱਚ ਪ੍ਰਵਾਨ ਹੋਵੇਗਾ।
ਅ) ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਇਹ ਹੈ:
ਸੁਅੱਛ ਸਰਬਲੋਹ ਭਾਂਡੇ ਵਿਚ ਤ੍ਰਿਭਾਵਲੀ (ਆਟਾ, ਉੱਤਮ ਮਿੱਠਾ ਤੇ ਘਿਉ ਇਕੋ ਜਿਹੇ ਪਾ ਕੇ) ਗੁਰਬਾਣੀ ਦਾ ਪਾਠ ਕਰਦੇ ਹੋਏ ਕੀਤਾ ਜਾਵੇ। ਫਿਰ ਸੁਅੱਛ ਬਸਤਰ ਨਾਲ ਢੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੁਅੱਛ ਚੌਂਕੀ ਉੱਪਰ ਰੱਖਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੰਗਤ ਨੂੰ ਉੱਚੀ ਆਵਾਜ਼ ਵਿੱਚ ਸੁਣਾ ਕੇ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ ਦਾ ਪਾਠ ਕੀਤਾ ਜਾਵੇ ਅਤੇ ਅਰਦਾਸਾ ਸੋਧਿਆ ਜਾਵੇ ਤੇ ਪਰਵਾਨਗੀ ਲਈ ਕ੍ਰਿਪਾਨ ਭੇਟ ਹੋਵੇ।
ੲ) ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਵਿੱਚੋਂ ਪੰਜਾਂ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ। ਵਰਤਾਉਣ ਵਾਲਾ ਸਿੰਘ ਤਿਆਰ ਬਰ ਤਿਆਰ ਹੋਵੇ। ਉਹ ਕਿਸੇ ਕੋਲੋਂ ਪੁੱਛੇ ਨਾ ਕਿ ਕੀ ਤੂੰ ਤਿਆਰ ਬਰ ਤਿਆਰ ਹੈਂ ਜਾਂ ਨਹੀਂ, ਕੇਵਲ ਆਪ ਹੀ ਸੰਗਤ ਵਿੱਚ ਨਜ਼ਰ ਮਾਰ ਕੇ ਵੇਖ ਲਵੇ ਕਿ ਕਿਹੜਾ ਕਿਹੜਾ ਰਹਿਤ ਵਿੱਚ ਪੱਕਾ ਦਿਸਦਾ ਹੈ।
ਜੇ ਸੰਗਤ ਵਿੱਚ (ਜਿਸ ਵਿੱਚ ਤਾਬਿਆ ਬੈਠਾ ਸਿੰਘ ਭੀ ਸ਼ਾਮਲ ਹੈ) ਵਿੱਚ ਪੰਜਾਂ ਤੋਂ ਘਟ ਤਿਆਰ ਬਰ ਤਿਆਰ ਸਿੰਘ ਮਿਲਣ, ਤਾਂ ਜਿਤਨੇ ਹੋਣ ਉਨ੍ਹਾਂ ਨੂੰ ਵਰਤਾ ਕੇ ਬਾਕੀ ਦਾ ਹਿਸਾ ਕੜਾਹ ਪ੍ਰਸ਼ਾਦ ਦੀ ਦੇਗ ਵਿੱਚ ਰਲਾ ਕੇ ਸਾਰੀ ਸੰਗਤ ਵਿੱਚ ਵਰਤਾ ਦੇਵੇ।
ਉਪ੍ਰੰਤ ਸੰਗਤ ਵਿੱਚ ਵਰਤਾਉਣ ਲੱਗਿਆਂ ਪਹਿਲਾਂ ਤਾਬਿਆ ਬੈਠੇ ਸਿੰਘ ਨੂੰ ਛੋਟੇ ਬਾਟੇ ਪਾ ਕੇ ਦੇਵੇ ਤੇ ਫਿਰ ਬਾਕੀ ਸੰਗਤ ਨੂੰ ਵਰਤਾਏ। ਕਿਸੇ ਦਾ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ ਅਣਸਿੱਖ, ਨੀਚ ਊਚ ਜਾਤ ਵਾਲੇ ਨੂੰ ਇਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦ ਵਰਤਾਣ ਵੇਲੇ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਤੋਂ ਜਾਤ-ਪਾਤ ਜਾਂ ਛੂਤ-ਛਾਤ ਦਾ ਖਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ।
ਸ) ਕੜਾਹ ਪ੍ਰਸ਼ਾਦ ਭੇਟਾ ਕਰਨ ਵੇਲੇ ਇੱਕ ਛੋਟੀ ਜਿਹੀ ਨਕਦ ਭੇਟ ਅਰਦਾਸ ਭੀ ਹੋਵੇ।
ੳ) ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ।
ਅ) ਕਥਾ ਦਾ ਮਨੋਰਥ ਗੁਰਮੱਤ ਦ੍ਰਿੜ੍ਹਾਉਣਾ ਹੀ ਹੋਵੇ।
ੲ) ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ, ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣੀਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮੱਤ ਅਨੁਕੂਲ ਹੋਣ) ਦੀ ਹੋ ਸਕਦੀ ਹੈ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਹਾਂ, ਪਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿਖਿਆ ਦਾ ਲਿਆ ਜਾ ਸਕਦਾ ਹੈ।
ਸ) ਵਖਿਆਨ:- ਗੁਰਦੁਆਰੇ ਵਿੱਚ ਗੁਰਮੱਤ ਤੋਂ ਵਿਰੁੱਧ ਕੋਈ ਵਖਿਆਨ ਨਹੀਂ ਹੋ ਸਕਦਾ।
ਹ) ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਉਂ ਹੁੰਦਾ ਹੈ:-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਕੀਰਤਨ, ਕਥਾ, ਵਖਿਆਨ, ਅਨੰਦੁ ਸਾਹਿਬ, ਅਰਦਾਸ, ਫ਼ਤਹ, ਸਤਿ ਸ੍ਰੀ ਅਕਾਲ ਦਾ ਜੈਕਾਰਾ ਤੇ ‘ਹੁਕਮ’ (ਮੁਖਵਾਕ)।
ਸਿੱਖ ਦੀ ਆਮ ਰਹਿਣੀ, ਕਿਰਤ ਵਿਰਤ, ਗੁਰਮੱਤ ਅਨੁਸਾਰ ਹੋਵੇ। ਗੁਰਮੱਤ ਇਹ ਹੈ:-
ੳ) ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ।
ਅ) ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ।
ੲ) ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਦਾ ਪ੍ਰਕਾਸ਼ ਇਕੋ ਰੂਪ ਕਰਕੇ ਮੰਨਣਾ।/p>
ਸ) ਜਾਤ-ਪਾਤ, ਛੂਤ-ਛਾਤ, ਜੰਤ੍ਰ ਮੰਤ੍ਰ ਤੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼ਾਂ, ਸ਼ਰਾਧ, ਪਿੱਤਰ, ਖਿਆਹ, ਪਿੰਡ ਪੱਤਿਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਞੂ, ਤੁਲਸੀ ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ।
ਗੁਰ ਅਸਥਾਨ ਤੋਂ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ।
ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ, ਸ਼ਾਸਤਰ, ਗਾਇਤ੍ਰੀ, ਗੀਤਾ, ਕੁਰਾਨ, ਅੰਜੀਲ ਆਦਿ ਉਤੇ ਨਿਸਚਾ ਨਹੀਂ ਕਰਨਾ। ਹਾਂ, ਆਮ ਵਾਕਫ਼ੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।
ਹ) ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ ਕਿਸੇ ਅਨ-ਧਰਮੀ ਦਾ ਦਿਲ ਨਾ ਦੁਖਾਵੇ।
ਕ) ਹਰ ਇਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ।
ਖ) ਸਿੱਖ ਲਈ ਗੁਰਮੁਖੀ ਦੀ ਵਿਦਿਆ ਪੜ੍ਹਨੀ ਜ਼ਰੂਰੀ ਹੈ। ਹੋਰ ਵਿਦਿਆ ਭੀ ਪੜ੍ਹੇ।
ਗ) ਸੰਤਾਨ ਨੂੰ ਗੁਰਸਿੱਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫ਼ਰਜ਼ ਹੈ।
ਘ) ਕੇਸ ਲੜਕੇ ਕੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾ ਮੰਗੇ, ਕੇਸ ਉਹੀ ਰੱਖੇ, ਨਾਮ ਸਿੰਘ ਰੱਖੇ। ਲੜਕੀ ਦੇ ਨਾਮ ਦੇ ਨਾਲ ਕੌਰ ਰੱਖੇ। ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ।ਤ ਰੱਖੇ।
ਙ) ਸਿੱਖ ਭੰਗ, ਅਫ਼ੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤੇ। ਅਮਲ ਪ੍ਰਸ਼ਾਦੇ ਦਾ ਹੀ ਰੱਖੇ।
ਚ) ਸਿੱਖ ਮਰਦ ਅਥਵਾ ਇਸਤ੍ਰੀ ਨੂੰ ਨੱਕ ਕੰਨ ਛੇਦਨਾ ਮਨ੍ਹਾਂ ਹੈ।/p>
ਛ) ਗੁਰੂ ਕਾ ਸਿੱਖ ਕੰਨਿਆਂ ਨਾ ਮਾਰੇ, ਕੁੜੀ-ਮਾਰ (ਭ੍ਰੂਨ ਹਤਿਆ/ ਗਰਭਪਾਤ ਕਰਨ ਵਾਲੇ) ਨਾਲ ਨਾ ਵਰਤੇ।
ਜ) ਗੁਰੂ ਕਾ ਸਿੱਖ ਧਰਮ ਦੀ ਕਿਰਤ ਕਰ ਕੇ ਨਿਰਬਾਹ ਕਰੇ।
ਝ) ਗੁਰੂ ਕਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ।
ਞ) ਚੋਰੀ ਯਾਰੀ ਨਾ ਕਰੇ, ਜੂਆ ਨ ਖੇਡੇ।
ਟ) ‘ਪਰ ਬੇਟੀ ਕੋ ਬੇਟੀ ਜਾਨੈ। ਪਰ ਇਸਤ੍ਰੀ ਕੋ ਮਾਤ ਬਖਾਨੈ। ਅਪਨੀ ਇਸਤ੍ਰੀ ਸੋਂ ਰਤਿ ਹੋਈ। ਰਹਿਤਵੰਤ ਸਿੰਘ ਹੈ ਸੋਈ।’
ਇਸੇ ਤਰ੍ਹਾਂ ਸਿੱਖ ਇਸਤ੍ਰੀ ਆਪਣੇ ਪਤੀਬਰਤ ਧਰਮ ਵਿੱਚ ਰਹੇ।
ਠ) ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤੱਕ ਗੁਰ ਮਰਯਾਦਾ ਕਰੇ।
ਡ) ਸਿੱਖ ਸਿੱਖ ਨੂੰ ਮਿਲਣ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ’ ਬੁਲਾਵੇ। ਮਰਦ ਇਸਤ੍ਰੀ ਦੋਹਾਂ ਲਈ ਇਹੋ ਹੁਕਮ ਹੈ।
ਢ) ਸਿੱਖ ਇਸਤ੍ਰੀਆਂ ਲਈ ਪਰਦਾ ਜਾਂ ਘੁੰਡ ਕਰਨਾ ਉਚਿਤ ਨਹੀਂ।
ਣ) ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁਟ ਪੁਸ਼ਾਕ ਸੰਬੰਧੀ ਬਾਕੀ ਕੋਈ ਪਾਬੰਦੀ ਨਹੀਂ, ਜੇਕਰ ਪਹਿਰਾਵਾ ਸਰੀਰਕ ਸੰਜਮ ਅਤੇ ਗੁਰਮੱਤ ਅਨੁਕੂਲ ਹੋਵੇ। ਸਿੱਖ ਇਸਤ੍ਰੀ ਦਸਤਾਰ ਸਜਾਵੇ ਉਚਿਤ ਹੈ, ਪਰ ਪੰਥ ਨਾ ਸਜਾਉਣ ਵਾਲੀ ਇਸਤ੍ਰੀ ਨੂੰ ਭੀ ਸਵੀਕਾਰ ਕਰਦਾ ਹੈ।
ੳ) ਜਦ ਵਾਹਿਗੁਰੂ ਦੀ ਕਿਰਪਾ ਨਾਲ ਸਿੱਖ ਦੇ ਘਰ ਬਾਲਕ ਦਾ ਜਨਮ ਹੋਵੇ, ਤਾਂ ਗੁੜ੍ਹਤੀ ਦੀ ਥਾਂ ਜਲ ਵਿੱਚ ਪਤਾਸੇ ਪਾ ਕੇ ਮੂਲ ਮੰਤ੍ਰ ਉਚਾਰਣ ਕਰਕੇ ਕ੍ਰਿਪਾਨ ਦੀ ਨੋਕ ਨਾਲ ਇਕ ਦੋ ਬੂੰਦਾਂ ਬਾਲਕ ਦੇ ਮੂੰਹ ਵਿੱਚ ਪਾ ਦਿਤੀਆਂ ਜਾਣ। ਬਾਕੀ ਦਾ ਜਲ ਮਾਤਾ ਪੀ ਲਵੇ। ਫੇਰ ‘ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ’ ਗੁਰਵਾਕ ਅਨੁਸਾਰ ਵਾਹਿਗੁਰੂ ਦੇ ਧੰਨਵਾਦ ਅਤੇ ਮਾਤਾ ਦੀ ਅਰੋਗਤਾ ਲਈ ਅਰਦਾਸਾ ਕੀਤਾ ਜਾਵੇ।
ਅ) ਜਦ ਮਾਤਾ ਉਠਣ ਬੈਠਣ ਤੇ ਇਸ਼ਨਾਨ ਕਰਨ ਦੇ ਜੋਗ ਹੋਵੇ, ਤਾਂ (ਦਿਨਾਂ ਦੀ ਕੋਈ ਗਿਣਤੀ ਮੁਕੱਰਰ ਨਹੀਂ) ਟੱਬਰ ਤੇ ਸੰਬੰਧੀ ਗੁਰਦੁਆਰੇ ਕੜਾਹ ਪ੍ਰਸ਼ਾਦ ਲੈ ਕੇ ਜਾਣ ਜਾਂ ਕਰਾਉਣ ਅਤੇ ਗੁਰੂ ਜੀ ਦੇ ਹਜ਼ੂਰ ‘ਪਰਮੇਸਰਿ ਦਿਤਾ ਬੰਨਾ’ (ਰਾਗੁ ਸੋਰਠਿ ਮ: ੫), ‘ਸਤਿਗੁਰੂ ਸਾਚੈ ਦੀਆ ਭੇਜਿ’ (ਰਾਗੁ ਆਸਾ ਮ:੫) ਆਦਿ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹਨ। ਉਪ੍ਰੰਤ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਹੋਵੇ, ਤਾਂ ਪਾਠ ਦਾ ਭੋਗ ਪਾਇਆ ਜਾਵੇ। ਫਿਰ ਵਾਕ ਲਿਆ ਜਾਵੇ। ਵਾਕ ਦੇ ਅਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ, ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ। ਲੜਕੇ ਦੇ ਨਾਉਂ ਪਿੱਛੇ ‘ਸਿੰਘ’ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ‘ਕੌਰ’ ਸ਼ਬਦ ਲਗਾਇਆ ਜਾਵੇ।
ਉਪ੍ਰੰਤ, ਅਨੰਦੁ ਸਾਹਿਬ (ਛੇ ਪਉੜੀਆਂ) ਮਗਰੋਂ ਬੱਚੇ ਦੇ ਨਾਮ ਸੰਸਕਾਰ ਦੀ ਖੁਸ਼ੀ ਦਾ ਯੋਗ ਸ਼ਬਦਾਂ ਵਿੱਚ ਅਰਦਾਸਾ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ।
ੲ) ਜਨਮ ਦੇ ਸੰਬੰਧ ਵਿੱਚ ਖਾਣ ਪੀਣ ਵਿੱਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ, ਕਿਉਂਕਿ: ‘ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ ॥'
ਸ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਾ ਸਾਹਿਬ ਤੋਂ ਚੋਲਾ ਬਣਾ ਕੇ ਪਾਉਣਾ ਆਦਿ, ਜੇ ਰਸਮੀ ਰੂਪ ਵਿੱਚ ਕੀਤਾ ਜਾਵੇ, ਮਨਮੱਤ ਹੈ।
ੳ) ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜਾਤ ਪਾਤ ਗੋਤ ਵਿਚਾਰੇ ਦੇ ਹੋਣਾ ਚਾਹੀਏ।
ਅ) ਸਿੱਖੀ ਦਾ ਵਿਆਹ ਸਿੱਖ ਨਾਲ ਹੀ ਹੋਵੇ।
ੲ) ਸਿੱਖ ਦਾ ਵਿਆਹ ‘ਅਨੰਦ’ ਰੀਤੀ (ਭਾਵ ਅੰਨਦ ਕਾਰਜ) ਨਾਲ ਕਰਨਾ ਚਾਹੀਏ।
ਸ) ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ।
ਹ) ਜਦ ਲੜਕੀ ਸਰੀਰ, ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ, ਤਾਂ ਕਿਸੇ ਯੋਗ ਸਿੱਖ ਨਾਲ ‘ਅਨੰਦ’ ਪੜ੍ਹਾਇਆ ਜਾਵੇ।
ਕ) ਅੰਨਦ ਕਾਰਜ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂੁੁਰੀ ਨਹੀਂ; ਪਰ ਜੇ ਕਰਨੀ ਹੋਵੇ, ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁੁੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇਕ ਕ੍ਰਿਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ।
ਖ) ਅਨੰਦ ਕਾਰਜ ਦਾ ਦਿਨ ਮੁਕਰੱਰ ਕਰਨ ਲੱਗਿਆਂ ਕੋਈ ਥਿਤਿ ਵਾਰ, ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪੱਤ੍ਰੀ ਵਾਚਣਾ ਮਨਮੱਤ ਹੈ। ਕੋਈ ਦਿਨ, ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰ ਕੇ ਚੰਗਾ ਦਿੱਸੇ, ਨੀਅਤ ਕਰ ਲੈਣਾ ਚਾਹੀਏ।
ਗ) ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁਸ ਕੇ ਜਾਣਾ, ‘ਛੰਦ’ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮੱਤ ਹੈ।
ਘ) ਜਿਤਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ, ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ। ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਫ਼ਤਹ ਗਜਾਈ ਜਾਵੇ।
ਙ) ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲੱਗੇ, ਰਾਗੀ ਜਾਂ ਸੰਗਤ ਕੀਰਤਨ ਕਰੇ। ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਿਠਾਏ ਜਾਣ। ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ।
ਸੰਗਤ ਦੀ ਆਗਿਆ ਲੈ ਕੇ ‘ਅਨੰਦ’ ਪੜ੍ਹਾਉਣ ਵਾਲਾ ਸਿੱਖ (ਮਰਦ ਜਾਂ ਇਸਤ੍ਰੀ) ਲੜਕੇ ਲੜਕੀ ਤੇ ਉਨ੍ਹਾਂ ਦਿਆਂ ਮਾਪਿਆਂ ਜਾਂ ਸਰਬਰਾਹਾਂ ਨੂੰ ਖੜਾ ਕਰ ਕੇ ‘ਅਨੰਦ’ ਦੇ ਅਰੰਭ ਦਾ ਅਰਦਾਸਾ ਸੋਧੇਫਿਰ ਉਹ ਲੜਕੇ ਲੜਕੀ ਨੂੰ ਗੁਰਮਤਿ ਅਨੁਸਾਰ ਗ੍ਰਿਹਸਤ ਧਰਮ ਦੇ ਫ਼ਰਜ਼ਾਂ ਦਾ ਉਪਦੇਸ਼ ਕਰੇ:-
Aਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਵਖੋ-ਵੱਖਰੇ, ਗ੍ਰਹਿਸਤ ਧਰਮ ਦੇ ਫ਼ਰਜ਼ ਦੱਸੇ ਜਾਣ:-
ਉਪਦੇਸ਼ ਦੀਆਂ ਗੱਲਾਂ ਪਰਵਾਨ ਕਰਦੇ ਹੋਏ ਵਰ ਤੇ ਕੰਨਿਆਂ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ। ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ‘ਸੂਹੀ ਮਹਲਾ ੪’ ਵਿੱਚ ਦਿਤੀਆਂ ਲਾਵਾਂ ਦਾ ਪਾਠ ਸੁਣਾਵੇ।
ਇਕ ਇਕ ਲਾਂਵ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆਂ ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪਰਕਰਮਾ ਕਰਨ। ਪਰਕਰਮਾ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕਰਮ ਅਨੁਸਾਰ ਸੁਰ ਨਾਲ ਗਾਈ ਜਾਣ, ਅਤੇ ਵਰ ਕੰਨਿਆਂ ਹਰ ਇਕ ਲਾਂਵ ਮਗਰੋਂ ਮੱਥਾ ਟੇਕ ਕੇ ਅਗਲੀ ਲਾਂਵ ਸੁਣਨ ਲਈ ਖੜੇ ਹੋ ਜਾਣ।
ਉਪਰੰਤ ਉਹ ਮੱਥਾ ਟੇਕ ਕੇ ਆਪਣੀ ਥਾਂ ਤੇ ਬੈਠ ਜਾਣ, ਤੇ ਰਾਗੀ ਸਿੰਘ ਜਾਂ ਅਨੰਦ ਕਰਾਉਣ ਵਾਲਾ ਅਨੰਦੁ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਪਉੜੀ ਦਾ ਪਾਠ ਕਰੇ। ਫਿਰ ‘ਅਨੰਦ’ ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ ਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ।
ਚ) ਅਨ-ਮੱਤ ਵਾਲਿਆਂ ਦਾ ਵਿਆਹ ‘ਅਨੰਦ’ ਰੀਤੀ (ਅਨੰਦ ਕਾਰਜ) ਨਾਲ ਨਹੀਂ ਹੋ ਸਕਦਾ।
ਛ) ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੇ।
ਜ) ‘ਜੋ ਬਾਲਕੀ ਦੇ ਮਾਤਾ ਪਿਤਾ ਕਦਾਂਚ ਸੱਬਬ ਪਾਇ, ਬਾਲਕੀ ਦੇ ਮਾਪਿਆਂ ਦੇ ਗ੍ਰਹਿ ਬਿਖੇ ਜਾਵਹਿ ਅਤੇ ਉਥੈ ਪ੍ਰਸ਼ਾਦੁ ਹੋਵੇ, ਤਾਂ ਖਾਣਾ। ਸਕੁਚਣਾ ਨਾਹੀਂ। ਏਹ ਅੰਨ ਨਾ ਖਾਣਾ ਸਭ ਭਰਮ ਹੈ, ਦੂਜਾ ਭਾਉ ਹੈ।… ਖ਼ਾਲਸੇ ਨੋ ਖਾਣਾ ਖਿਲਾਣਾ ਸ੍ਰੀ ਗੁਰੂ ਬਾਬੇ ਅਕਾਲ ਪੁਰਖੁ ਬਖਸ਼ਿਆ ਹੈ। ਆਪਸ ਮੈ ਬੇਟੀ ਬੇਟੇ ਵਾਲੇ ਖਾਂਦੇ-ਪੀਂਦੇ ਰਹਿਨ। ਕਿਸ ਵਾਸਤੇ? ਜੋ ਜੋ ਗੁਰੂ ਨੇ ਦੋਵੇਂ ਸਾਕ ਕੀਤੇ ਹੈਨ ॥੧੧॥’
ਝ) ਜਿਸ ਇਸਤ੍ਰੀ ਦਾ ਭਰਤਾ ਕਾਲ-ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ ਸੰਜੋਗ (ਦੁਬਾਰਾ ਵਿਆਹ) ਕਰ ਲਵੇ। ਸਿੱਖ ਦੀ ਇਸਤ੍ਰੀ ਮਰ ਜਾਵੇ, ਤਾਂ ਉਸ ਲਈ ਭੀ ਇਹੋ ਹੁਕਮ ਹੈ।
ਞ) ਦੁਬਾਰਾ ਵਿਆਹ ਦੀ ਭੀ ਉਹੋ ਰੀਤ ਹੈ, ਜੋ ਅਨੰਦ ਕਾਰਜ ਲਈ ਉਤੇ ਦੱਸੀ ਹੈ।
ਟ) ਆਮ ਹਾਲਤਾਂ ਵਿੱਚ ਸਿੱਖ ਨੂੰ ਇਕ ਇਸਤ੍ਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਏ।
ਠ) ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਭੀ ਅੰਮ੍ਰਿਤ ਛਕਾ ਲਵੇ।
ੳ) ਪ੍ਰਾਣੀ ਨੂੰ ਮਰਨ ਵੇਲੇ- ਜੋ ਮੰਜੇ ’ਤੇ ਹੋਵੇ ਤਾਂ – ਹੇਠ ਨਹੀਂ ਉਤਾਰਨਾ (ਇਸ ਭਰਮ ਵਿੱਚ ਕਿ ਇਸ ਨਾਲ ਆਤਮਾ ਘਰ ਵਿੱਚ ਨਹੀਂ ਟਿਕਦੀ), ਦੀਵਾ-ਵੱਟੀ (ਮਿਰਤਕ ਦੀ ਆਤਮਾ ਨੂੰ ਅੱਗਾਂ ਦਾ ਰਾਹ ਦਿਖਾਉਣ ਵਾਲਾ ਕਰਮ ਕਾਂਡ ਰੂਪ ਦੀਵਾ), ਗਉ ਮਣਸਾਉਣਾ (ਮਿਰਤਕ ਦੀ ਆਤਮਾ ਦੀ ਯਾਤਰਾ ਵਿੱਚ ਮਦਦ ਕਰਨ ਵਾਸਤੇ) ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ‘ਵਾਹਿਗੁਰੂ’ ‘ਵਾਹਿਗੁਰੂ’ ਕਰਨਾ।
ਅ) ਪ੍ਰਾਣੀ ਦੇ ਦੇਹ ਤਿਆਗਣ ’ਤੇ ਧਾਹ ਨਹੀਂ ਮਾਰਨੀ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ, ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ।
ੲ) ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਭੀ ਸਸਕਾਰਨਾ ਚਾਹੀਏ। ਜਿਥੇ ਸਸਕਾਰ ਦਾ ਪ੍ਰਬੰਧ ਨਾ ਹੋ ਸਕੇ ਉਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ।
ਸ) ਸਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ।
ਹ) ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸੁਅੱਸ਼ ਬਸਤ੍ਰ ਪਾਏ ਜਾਣ ਤੇ ਕਕਾਰ ਜੁਦਾ ਨ ਕੀਤੇ ਜਾਣ। ਫਿਰ ਤਖ਼ਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ। ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਜੇ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੌਖ ਨੂੰ ਮੁਖ ਰੱਖ ਕੇ ਨਿਯਤ ਕੀਤਾ ਜਾਵੇ। ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਤੇ ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਭੀ ਹੋਵੇ। ‘ਦੁਸਿਹਰੇ’ ਦੇ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ।
ਸਸਕਾਰ ਵਾਲੀ ਥਾਂ ’ਤੇ:
ਘਰ ਜਾਂ ਗੁਰਦੁਆਰੇ ਵਾਪਸ ਆ ਕੇ:
ਕ) ਮਿਰਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਅਸਥਾਨ ’ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ।
ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁਢਾ, ਮਰਨਾ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ ਮਨਮਤ ਹੈ।
ਇਨ੍ਹਾਂ ਸੰਸਕਾਰਾਂ ਤੋਂ ਛੁੱਟ ਸਮੇਂ ਸਮੇਂ ਜੋ ਭੀ ਖੁਸ਼ੀ ਗ਼ਮੀ ਦਾ ਮੌਕਾ ਆ ਬਣੇ (ਜਿਵੇਂ ਨਵੇਂ ਮਕਾਨ ਵਿੱਚ ਪ੍ਰਵੇਸ਼ ਕਰਨਾ, ਨਵੀਂ ਦੁਕਾਨ ਖੋਲ੍ਹਣਾ, ਬਾਲਕ ਨੂੰ ਸਕੂਲੇ ਪਾਉਣਾ, ਆਦਿ) ਤਾਂ ਸਿੱਖ ਨੂੰ ਚਾਹੀਏ ਕਿ ਵਾਹਿਗੁਰੂ ਦੀ ਸਹਾਇਤਾ ਮੰਗਣ ਲਈ ਅਰਦਾਸਾ ਸੋਧੇ। ਸਿੱਖੀ ਵਿੱਚ ਸਾਰੇ ਸੰਸਕਾਰਾਂ ਦਾ ਜ਼ਰੂੁਰੀ ਅੰਗ ਬਾਣੀ ਦਾ ਪਾਠ ਤੇ ਅਰਦਾਸਾ ਹੈ।
ਸੇਵਾ ਸਿੱਖ ਧਰਮ ਦਾ ਇਕ ਉੱਘਾ ਅੰਗ ਹੈ।੧ ਇਸ ਨੂੰ ਨਮੂਨੇ ਮਾਤਰ ਸਿਖਾਉਣ ਲਈ ਗੁਰਦੁਆਰਿਆਂ ਵਿੱਚ ਹੀ ਪ੍ਰਬੰਧ ਕੀਤਾ ਹੁੰਦਾ ਹੈ। ਸਾਧਾਰਨ ਰੂਪ ਇਸ ਦੇ ਇਹ ਹਨ:- ਗੁਰਦੁਆਰੇ ਦਾ ਝਾੜੂ ਲੇਪਣ, ਸੰਗਤਾਂ ਦੀ ਪਾਣੀ ਪੱਖੇ ਦੀ ਸੇਵਾ, ਲੰਗਰ ਦੀ ਸੇਵਾ, ਜੋੜੇ ਝਾੜਨੇ, ਆਦਿ।
ੳ) ਗੁਰੂ ਕਾ ਲੰਗਰ- ਇਸ ਦੇ ਦੋ ਭਾਵ ਹਨ:- ਇਕ ਸਿੱਖਾਂ ਨੂੰ ਸੇਵਾ ਸਿਖਾਉਣਾ, ਦੂਜਾ, ਊਚ ਨੀਚ, ਛੂਤ ਛਾਤ ਦਾ ਭਰਮ ਮਿਟਾਉਣਾ।
ਅ) ਗੁਰੂ ਕੇ ਲੰਗਰ ਦੀ ਸਮੱਗਰੀ ਲਈ ਸਹਾਇਤਾ ਕੋਈ ਆਦਮੀ ਦੇ ਸਕਦਾ ਹੈ, ਪਰ ਲੰਗਰ ਪਕਾਣ ਦੀ ਸੇਵਾ ਕੇਵਲ ਸਿੱਖ ਹੀ ਕਰ ਸਕਦਾ ਹੈ।
ੲ) ਗੁਰੂ ਕੇ ਲੰਗਰ ਵਿੱਚ ਬੈਠ ਕੇ ਊਚ ਨੀਚ, ਕਿਸੇ ਜਾਤ ਜਾਂ ਵਰਣ ਦਾ ਪ੍ਰਾਣੀ ਪ੍ਰਸ਼ਾਦ ਛਕ ਸਕਦਾ ਹੈ। ਪੰਗਤ੩ ਵਿੱਚ ਬਿਠਾਣ ਲੱਗਿਆਂ ਕਿਸੇ ਦੇਸ਼, ਵਰਣ ਜਾਤ ਜਾਂ ਮਜ਼੍ਹਬ ਦਾ ਵਿਤਕਰਾ ਨਹੀਂ ਕਰਨਾ। ਹਾਂ, ਇਕ ਥਾਲੀ ਵਿੱਚ ਕੇਵਲ ਅੰਮ੍ਰਿਤਧਾਰੀ ਸਿੱਖ ਹੀ ਛਕ ਸਕਦੇ ਹਨ।
ਸੇਵਾ ਕੇਵਲ ਪੱਖੇ ਲੰਗਰ ਆਦਿ ਤੇ ਹੀ ਨਹੀਂ ਮੁਕ ਜਾਂਦੀ। ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈ। ਸੇਵਾ ਸਫਲ ਉਹ ਹੈ, ਜੋ ਥੋੜੇ ਜਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਇਹ ਗੱਲ ਜਥੇਬੰਦੀ ਦੇ ਰਾਹੀਂ ਹੋ ਸਕਦੀ ਹੈ। ਇਕ ਇਕ ਤੇ ਦੋ ਯਾਰ੍ਹਾਂ। ਸਿੱਖ ਨੇ ਇਸ ਲਈ ਸ਼ਖਸੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਹੀ ਪੰਥਕ ਫਰਜ਼ ਭੀ ਪੂਰੇ ਕਰਨੇ ਹਨ। ਇਸ ਜਥੇਬੰਦੀ ਦਾ ਨਾਂ ‘ਪੰਥ’ ਹੈ। ਹਰ ਇਕ ਸਿੱਖ ਨੇ ਪੰਥ ਦਾ ਇਕ ਅੰਗ ਹੋ ਕੇ ਭੀ ਆਪਣਾ ਧਰਮ ਨਿਭਾਉਣਾ ਹੈ।
ੳ) ‘ਗੁਰੂ-ਪੰਥ’:- ਤਿਆਰ ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ-ਪੰਥ ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ।
ਅ) ਗੁਰ-ਸੰਗਤ:- ਜਿੱਥੇ ਥੋੜੇ ਜਿਹੇ ਸਿੱਖ ਭੀ ਹੋਣਗੇ, ਉਹ ਇਕ ਗੁਰ-ਸੰਗਤ ਰਚ ਲੈਣਗੇ, ਵਧੀਕ ਜਿਤਨੇ ਹੋਣ, ਉਤਨਾ ਹੀ ਚੰਗਾ ਹੈ। ਜਿੱਥੇ ਘੱਟ ਤੋਂ ਘੱਟ ਪੰਜ ਤਿਆਰ ਬਰ ਤਿਆਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਹਾਜ਼ਰ ਹੋਣ, ਉਹ ‘ਗੁਰ-ਸੰਗਤ’ ਹੈ।
ੲ) ਸਿੱਖ ਨੂੰ ‘ਗੁਰ-ਸੰਗਤ’ ਦਾ ਮੈਂਬਰ ਬਣਨ ਲਈ ਜ਼ਰੂਰੀ ਹੈ ਕਿ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਵੇ।
ੳ) ਅੰਮ੍ਰਿਤ ਛਕਾਉਣ ਲਈ ਇਕ ਖਾਸ ਅਸਥਾਨ ਤੇ ਪ੍ਰਬੰਧ ਹੋਵੇ। ਉਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ।
ਅ) ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ ਬਰ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਵਿੱਚੋਂ ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਸਿੰਘਣੀਆਂ ਭੀ ਸੰਬੰਧਤ ਸੇਵਾਵਾਂ ਵਿੱਚ ਹਿਸਾ ਲੈ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ।
ੲ) ਇਨ੍ਹਾਂ ਪੰਜਾਂ ਪਿਆਰਿਆਂ ਵਿੱਚ ਕੋਈ ਅੰਗ-ਹੀਣ (ਅੰਨ੍ਹਾਂ, ਕਾਣਾ, ਲੰਙਾ, ਲੂਲ੍ਹਾ) ਜਾਂ ਦੀਰਘ ਰੋਗ ਵਾਲਾ ਨਾ ਹੋਵੇ। ਕੋਈ ਤਨਖਾਹੀਆ ਨਾ ਹੋਵੇ। ਸਾਰੇ ਤਿਆਰ ਬਰ ਤਿਆਰ ਦਰਸ਼ਨੀ ਸਿੰਘ ਹੋਣ।
ਸ) ਹਰ ਦੇਸ਼, ਕੌਮ, ਮਜ਼੍ਹਬ ਤੇ ਜਾਤੀ ਦੇ ਹਰ ਇਕ ਇਸਤ੍ਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸ ਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ। ਬਹੁਤ ਛੋਟੀ ਅਵਸਥਾ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ। ਅੰਮ੍ਰਿਤ ਛਕਣ ਵਾਲੇ ਹਰ ਇਕ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਅਤੇ ਹਰ ਇਕ ਪੰਜ ਕਕਾਰ (ਕੇਸ ਸਮੇਤ ਛੋਟੀ ਦਸਤਾਰ/ਕੇਸਕੀ ਤਾਂ ਕਿ ਸਿਰ ਨੰਗਾ ਨਾ ਰਹੇ ਅਤੇ ਕੇਸਾਂ ਦਾ ਸਤਿਕਾਰ ਬਣਿਆ ਰਹੇ, ਗਾਤਰੇ ਵਾਲੀ ਸਰਬਲੋਹ ਕ੍ਰਿਪਾਨ — ਲੰਬਾਈ ’ਤੇ ਕੋਈ ਪਾਬੰਦੀ ਨਹੀਂ ਪਰ ਵਰਤਣਯੋਗ ਹੋਵੇ, ਰੇਬਦਾਰ ਸਫੈਦ ਰੰਗ ਦਾ ਲੰਮਾ ਕਛਹਿਰਾ, ਲੱਕੜ ਦਾ ਕੰਘਾ ਜੋ ਕੇਸਾਂ ਵਿੱਚ ਰੱਖਿਆ ਜਾਂਦਾ ਹੈ, ਸਰਬਲੋਹ ਦਾ ਕੜਾ ਜਿਸ ਵਿੱਚ ਟੱਕ ਨਾ ਹੋਵੇ) ਦਾ ਧਾਰਨੀ ਹੋਵੇ। ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ। ਸਿਰ ਨੰਗਾ ਜਾਂ ਟੋਪੀ ਨਾ ਹੋਵੇ। ਛੇਦਕ ਗਹਿਣੇ ਕੋਈ ਨਾ ਹੋਣ। ਅਦਬ ਨਾਲ ਹੱਥ ਜੋੜ ਕੇ ਸ੍ਰੀ ਗੁਰੂ ਜੀ ਦੇ ਹਜ਼ੂਰ ਖੜੇ ਹੋਣ।
ਹ) ਜੇ ਕਿਸੇ ਨੇ ਕੁਰਹਿਤ ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ, ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿੱਚ ਪੰਜ ਪਿਆਰੇ ਤਨਖਾਹ ਲਾ ਲੈਣ।
ਕ) ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਵਿੱਚੋਂ ਕੋਈ ਇਕ ਸੱਜਣ ਅੰਮ੍ਰਿਤ ਛਕਣ ਦੇ ਅਭਿਲਾਖੀਆਂ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇ:- ਸਿੱਖ ਧਰਮ ਵਿੱਚ ਕਿਰਤਮ ਦੀ ਪੂਜਾ ਤਿਆਗ ਕੇ ਇਕ ਕਰਤਾਰ ਦੀ ਪ੍ਰੇਮਾ ਭਗਤੀ ਤੇ ਉਪਾਸ਼ਨਾ ਦੱਸੀ ਹੈ। ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ, ਸਾਧ ਸੰਗਤ ਤੇ ਪੰਥ ਦੀ ਸੇਵਾ, ਉਪਕਾਰ, ਨਾਮ ਦਾ ਪ੍ਰੇਮ ਅਤੇ ਅੰਮ੍ਰਿਤ ਛਕ ਕੇ ਰਹਿਤ ਬਹਿਤ ਰੱਖਣਾ ਮੁੱਖ ਸਾਧਨ ਹਨ, ਆਦਿ। ਕੀ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ?
ਖ) ‘ਹਾਂ’ ਦਾ ਜਵਾਬ ਆਉਣ ਤੇ ਪਿਆਰਿਆਂ ਵਿੱਚੋਂ ਇਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ‘ਹੁਕਮ’ ਲਵੇ। ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਪਾਸ ਆ ਬੈਠਣ।
ਗ) ਬਾਟਾ ਸਰਬ-ਲੋਹ ਦਾ ਹੋਵੇ ਤੇ ਚੌਂਕੀ ਸੁਨਹਿਰੇ ਆਦਿ ਕਿਸੇ ਸ੍ਵੱਛ ਚੀਜ਼ ਪੁਰ ਰੱਖਿਆ ਹੋਵੇ।
ਘ) ਬਾਟੇ ਵਿੱਚ ਸ੍ਵੱਛ ਜਲ ਤੇ ਪਤਾਸੇ ਪਾਏ ਜਾਣ ਤੇ ਪੰਜ ਪਿਆਰੇ ਬਾਟੇ ਦੇ ਇਰਦ ਗਿਰਦ ਬੀਰ ਆਸਨ ਹੋ ਕੇ ਬੈਠ ਜਾਣ।
ਙ) ਜਪੁ, ਜਾਪੁ, ੧੦ ਸਵੱਯੇ, ਬੇਨਤੀ ਚੌਪਈ, ਅਨੰਦੁ ਸਾਹਿਬ — ਇਨ੍ਹਾਂ ਬਾਣੀਆਂ ਦਾ ਪਾਠ ਕੀਤਾ ਜਾਵੇ।
ਚ) ਹਰ ਇਕ ਪੜ੍ਹਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ ਤੇ ਧਰੇ ਤੇ ਸੱਜੇ ਹੱਥ ਨਾਲ ਖੰਡਾ੧੬ ਜਲ ਵਿੱਚ ਫੇਰੀ ਜਾਵੇ। ਸੁਰਤ ਇਕਾਗਰ ਹੋਵੇ। ਬਾਕੀ ਦਿਆਂ ਦੇ ਦੋਵੇਂ ਹੱਥ ਬਾਟੇ ਦੇ ਕੰਢੇ ਤੇ, ਅਤੇ ਧਿਆਨ ਅੰਮ੍ਰਿਤ ਵੱਲ ਟਿਕੇ।
ਛ) ਪਾਠ ਹੋਣ ਮਗਰੋਂ ਪਿਆਰਿਆਂ ਵਿੱਚੋਂ ਕੋਈ ਇਕ ਅਰਦਾਸ ਕਰੇ।
ਜ) ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ ਵਿੱਚ ਹਿੱਸਾ ਲਿਆ ਹੈ, ਉਹੀ ਅੰਮ੍ਰਿਤ ਛਕਣ ਵਿੱਚ ਸ਼ਾਮਲ ਹੋ ਸਕਦਾ ਹੈ।
ਝ) ਹੁਣ ਸ੍ਰੀ ਕਲਗੀਧਰ ਦਸਮੇਸ਼ ਪਿਤਾ ਦਾ ਧਿਆਨ ਧਰ ਕੇ ਹਰ ਇਕ ਅੰਮ੍ਰਿਤ ਛਕਣ ਵਾਲੇ ਨੂੰ ਬੀਰ ਆਸਨ ਕਰਾਕੇ ਉਸਦੇ ਖੱਬੇ ਹੱਥ ਉੱਪਰ ਸੱਜਾ ਹੱਥ ਰਖਾਕੇ ਪੰਜ ਚੁਲੇ ਅੰਮ੍ਰਿਤ ਦੇ ਛਕਾਏ ਜਾਣ ਅਤੇ ਹਰ ਚੁਲੇ ਨਾਲ ਇਹ ਕਿਹਾ ਜਾਵੇ:-
ਬੋਲ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ’। ਛਕਣ ਵਾਲਾ ਛਕ ਕੇ ਕਹੇ: ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ’। ਫੇਰ ਪੰਜ ਛੱਟੇ ਅੰਮ੍ਰਿਤ ਦੇ ਨੇਤਰਾਂ ਪਰ ਲਾਏ ਜਾਣ। ਫੇਰ ਪੰਜ ਛੱਟੇ ਕੇਸਾਂ ਵਿੱਚ ਪਾਏ ਜਾਣ। ਹਰ ਇੱਕ ਛੱਟੇ ਨਾਲ ਛਕਣ ਵਾਲਾ ਛਕਾਉਣ ਵਾਲੇ ਦੇ ਪਿੱਛੇ ਪਿੱਛੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ’ ਗਜਾਈ ਜਾਵੇ। ਜੋ ਅੰਮ੍ਰਿਤ ਬਾਕੀ ਰਹੇ, ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ (ਸਿੱਖ ਤੇ ਸਿੱਖਣੀਆਂ) ਰਲ ਕੇ ਛਕਣ।
ਞ) ਉਪ੍ਰੰਤ ਪੰਜੇ ਪਿਆਰੇ ਰਲ ਕੇ ਇਕੋ ਅਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ‘ਵਾਹਿਗੁਰੂ’ ਦਾ ਨਾਮ ਦੱਸ ਕੇ ਮੂਲ ਮੰਤ੍ਰ ਸੁਨਾਉਣ ਤੇ ਉਹਨਾਂ ਪਾਸੋਂ ਇਸ ਦਾ ਰਟਨ ਕਰਾਉਣ:-
ਟ) ਫਿਰ ਪੰਜਾਂ ਪਿਆਰਿਆਂ ਵਿੱਚੋਂ ਕੋਈ ਸੱਜਣ ਰਹਿਤ ਦੱਸੇ:-
"ਅੱਜ ਤੋਂ ਤੁਸੀਂ ‘ਸਤਿਗੁਰ ਕੈ ਜਨਮੇ ਗਵਨ ਮਿਟਾਇਆ’ ਹੈ ਅਤੇ ਖ਼ਾਲਸਾ ਪੰਥ ਵਿੱਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਅਨੰਦਪੁਰ ਸਾਹਿਬ ਦੀ ਹੋ। ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿੱਚ ਤੇ ਹੋਰ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਿਕ ਭਰਾਤਾ ਹੋ। ਤੁਸੀਂ ਪਿਛਲੀ ਕੁਲ, ਕਿਰਤ, ਕਰਮ, ਧਰਮ ਦਾ ਤਿਆਗ ਕਰਕੇ, ਅਰਥਾਤ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼੍ਹਬ ਦਾ ਖਿਆਲ ਤੱਕ ਛੱਡ ਕੇ, ਨਿਰੋਲ ਖ਼ਾਲਸਾ ਬਣ ਗਏ ਹੋ।
ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ, ਦੇਵਤੇ, ਅਵਤਾਰ, ਪੈਗ਼ੰਬਰ ਦੀ ੳਪਾਸ਼ਨਾ ਨਹੀਂ ਕਰਨੀ। ਦਸੋਂ ਗੁਰੂ ਸਾਹਿਬਾਨ ਨੂੰ ਤੇ ਉਨ੍ਹਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ।
ਤੁਸੀਂ ਗੁਰਮੁਖੀ ਜਾਣਦੇ ਹੋ (ਜੇ ਨਹੀਂ ਜਾਣਦੇ ਤਾਂ ਸਿੱਖ ਲਓ) ਅਤੇ ਹਰ ਰੋਜ਼ ਘੱਟ ਤੋਂ ਘੱਟ ਇਨ੍ਹਾਂ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਜਾਂ ਸੁਣਨਾ:-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ।
ਪੰਜਾਂ ਕਕਾਰਾਂ (ਕੇਸ ਸਮੇਤ ਛੋਟੀ ਦਸਤਾਰ/ਕੇਸਕੀ ਤਾਂ ਕਿ ਸਿਰ ਨੰਗਾ ਨਾ ਰਹੇ ਅਤੇ ਕੇਸਾਂ ਦਾ ਸਤਿਕਾਰ ਬਣਿਆ ਰਹੇ, ਗਾਤਰੇ ਵਾਲੀ ਸਰਬਲੋਹ ਕ੍ਰਿਪਾਨ — ਲੰਬਾਈ ’ਤੇ ਕੋਈ ਪਾਬੰਦੀ ਨਹੀਂ ਪਰ ਵਰਤਣਯੋਗ ਹੋਵੇ, ਰੇਬਦਾਰ ਸਫੈਦ ਰੰਗ ਦਾ ਲੰਮਾ ਕਛਹਿਰਾ, ਲੱਕੜ ਦਾ ਕੰਘਾ ਜੋ ਕੇਸਾਂ ਵਿੱਚ ਰੱਖਿਆ ਜਾਂਦਾ ਹੈ, ਸਰਬਲੋਹ ਦਾ ਕੜਾ ਜਿਸ ਵਿੱਚ ਟੱਕ ਨਾ ਹੋਵੇ) ਨੂੰ ਹਰ ਵੇਲੇ ਅੰਗ ਸੰਗ ਰੱਖਣਾ।
ਇਹ ਚਾਰ ਕੁਰਹਿਤਾਂ ਨਹੀਂ ਕਰਨੀਆਂ, ਨਹੀਂ ਤਾਂ ਸਿੱਖ ਪਤਿਤ (ਸਿੱਖੀ ਤੋਂ ਖਾਰਜ) ਹੋ ਜਾਂਦਾ ਹੈ:-
ਇਨ੍ਹਾਂ ਵਿੱਚੋਂ ਕੋਈ ਬੱਜਰ ਕੁਰਹਿਤ (ਸਿੱਖੀ ਹੋ ਖਾਰਿਜ ਹੋਣ ਵਾਲੀ ਕਿਰਿਆ) ਹੋ ਜਾਵੇ, ਤਾਂ ਮੁੜ ਕੇ ਅੰਮ੍ਰਿਤ ਛਕਣਾ ਪਏਗਾ। ਆਪਣੀ ਇੱਛਾ ਵਿਰੁੱਧ ਅਨਭੋਲ ਹੀ ਕੋਈ ਬੱਜਰ ਕੁਰਹਿਤ ਹੋ ਜਾਵੇ ਤਾਂ ਕੋਈ ਦੰਡ ਨਹੀਂ ਪਰ ਫਿਰ ਵੀ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ।
ਉਨ੍ਹਾਂ ਲੋਕਾਂ ਨਾਲ ਨੇੜਤਾ ਨਹੀਂ ਰੱਖਣੀ ਜੋ ਸਿੱਖ ਹੋ ਕੇ ਵੀ ਸਿੱਖੀ ਦੇ ਮੂਲ ਸਿਧਾਂਤਾਂ ਅਤੇ ਸਿੱਖੀ ਸਰੂਪ ਦੀ ਕਦਰ ਨਾ ਕਰਦੇ ਹੋਏ ਬੇਅਦਬੀ ਕਰਦੇ ਹਨ। ਇਸ ਕਰਕੇ ਜੋ ਸਿੱਖ ਹੋ ਕੇ ਸਿਰਗੁੰਮ (ਸਿੱਖੀ ਸਰੂਪ ਦੀ ਬੇਅਦਬੀ ਕਰਨਾ ਵਾਲੇ), ਨੜੀ-ਮਾਰ (ਤਮਾਕੂ ਨਸ਼ਾ ਪੀਣ ਵਾਲੇ), ਕੁੜੀ-ਮਾਰ (ਅਜੋਕੇ ਸਮੇਂ ਵਿੱਚ ਧੀ ਜਾਂ ਪੁੱਤ ਨਾ ਲੈਣ ਦਾ ਫੈਸਲਾ ਕਰਕੇ ਅਬੋਰਸ਼ਨ/ ਗੁਰਭ-ਪਾਤ ਕਰਵਾਉਣ ਵਾਲੇ) ਹੋਣ ਤਾਂ ਉਸ ਨਾਲ ਨੇੜਤਾ ਨਹੀਂ ਰੱਖਣੀ। ਪੰਥ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿੱਚ ਤਤਪਰ ਰਹਿਣਾ, ਆਪਣੀ ਕਮਾਈ ਵਿੱਚੋਂ ਗੁਰੂ ਕਾ ਦਸਵੰਧ ਦੇਣਾ (ਭਾਵ ਆਪਣੀ ਕਮਾਈ ਦਾ ਦਸਵਾਂ ਹਿਸਾ ਪੰਥਕ ਕਾਰਜਾਂ ਲਈ ਵਰਤਣਾ ਜਾਂ ਦੇਣਾ) ਅਤੇ ਹੋਰ ਸਾਰੇ ਕੰਮ ਗੁਰਮਤਿ ਅਨੁਸਾਰ ਕਰਨੇ।
ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿੱਚ ਇਕ ਸੂਤ ਪਰੋਏ ਰਹਿਣਾ, ਰਹਿਤ ਵਿੱਚ ਕੋਈ ਭੁਲ ਜੋ ਜਾਵੇ ਤਾਂ ਖ਼ਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਕੇ ਤਨਖ਼ਾਹ ਬਖਸ਼ਾਉਣੀ। ਅੱਗੇ ਲਈ ਸਾਵਧਾਨ ਰਹਿਣਾ।
ਠ) ਤਨਖਾਹੀਏ, ਭਾਵ ਉਹ ਸਿੱਖ ਜਿਸ ਨੇ ਧਾਰਮਿਕ ਉਲੰਘਣਾ ਕੀਤੀ ਹੋਵੇ ਅਤੇ ਜਿਸ ਕਾਰਨ ਖ਼ਾਲਸੇ ਵਿੱਚ ਉਸ ‘ਤੇ ਧਾਰਮਿਕ ਅਤੇ ਸੰਗਤੀ ਪਾਬੰਦੀ ਲੱਗਦੀ ਹੋਵੇ, ਇਹ ਹੈ:—
੧. ਹੇਠ ਲਿਖੇ ਫਿਰਕਿਆਂ ਜਾਂ ਵਿਅਕਤੀਆਂ ਨਾਲ ਮਿਲ‑ਵਰਤਣਾ—ਭਾਵ ਰੋਟੀ‑ਬੇਟੀ ਦੀ ਸਾਂਝ ਰੱਖਣਾ—ਤਨਖਾਹੀ ਹੈ। ਰੋਟੀ‑ਬੇਟੀ ਦੀ ਸਾਂਝ ਦਾ ਅਰਥ ਖਾਣ‑ਪੀਣ ਜਾਂ ਰਿਸ਼ਤਾ‑ਨਾਤਾ ਰਾਹੀਂ ਨੇੜਤਾ ਵਾਲਾ ਸੰਬੰਧ ਬਣਾਉਣਾ ਹੈ। ਗੁਰੂ ਸਾਹਿਬ ਦੇ ਹੁਕਮ ਦਾ ਇਹੀ ਅਰਥ ਸੀ ਕਿ ਪੰਥ ਇੱਕਤਾ ਵਿੱਚ ਰਹੇ ਅਤੇ ਵੱਖ‑ਵੱਖ ਗੁਰਿਆਈ ਕੇਂਦਰ ਜਾਂ ਮਿਲ‑ਗੋਭਾ ਸਿੱਖੀ ਦੇ ਅੱਡੇ ਨਾ ਬਣਨ। ਹਾਂ, ਜੇ ਇਨ੍ਹਾਂ ਵਿੱਚੋਂ ਕੋਈ ਅੰਮ੍ਰਿਤ ਛਕ ਕੇ ਪੰਥ ਵਿੱਚ ਮਿਲ ਜਾਵੇ, ਤਾਂ ਉਸ ਨਾਲ ਵਰਤਣਾ ਠੀਕ ਹੈ।
੧) ਉਹ ਫਿਰਕੇ ਜੋ ਇਤਿਹਾਸਕ ਤੌਰ ‘ਤੇ ਗੁਰੂ ਸਾਹਿਬ ਜਾਂ ਖ਼ਾਲਸੇ ਦੇ ਵਿਰੋਧੀ ਰਹੇ ਹਨ ਜਾਂ ਜਿਨ੍ਹਾਂ ਨੇ ਗੁਰੂ ਦੇ ਸਰੀਕ (ਬਰਾਬਰਤਾ) ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰ ਰਹੇ ਹਨ:- ਜਿਵੇਂ, (੧) ਬਾਬਾ ਪ੍ਰੀਥੀ ਚੰਦ ਦੇ ਪੈਰੋਕਾਰ — ਜੋ ਪੰਜਵੇਂ ਪਾਤਸ਼ਾਹ ਜੀ ਦੇ ਮੁਕਾਬਲੇ ਖੜ੍ਹੇ ਹੋਏ; (੨) ਮਸੰਦ — ਜਿਨ੍ਹਾਂ ਨੇ ਸੰਗਤ ਦੀ ਭੇਟਾ‑ਦਸਵੰਧ ਦੀ ਲੁੱਟ‑ਖਸੋਟ ਕੀਤੀ; (੩) ਧੀਰ ਮਲ ਦੇ ਪੈਰੋਕਾਰ — ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਜੀ ਦੀ ਗੱਦੀ ਨੂੰ ਝੂਠੇ ਦਾਅਵਿਆਂ ਨਾਲ ਚੁਣੌਤੀ ਦਿੱਤੀ; (੪) ਬਾਬਾ ਰਾਮ ਰਾਇ ਦੇ ਪੈਰੋਕਾਰ — ਜਿਨ੍ਹਾਂ ਨੇ ਵੱਖਰਾ ਧੜਾ ਬਣਾਕੇ ਪੰਥਕ ਏਕਤਾ ਨੂੰ ਨੁਕਸਾਨ ਪਹੁੰਚਾਇਆ; (੫) ਹੋਰ ਗੈਰ‑ਪੰਥਕ ਫਿਰਕੇ — ਜੋ ਗੁਰੂ ਮਰਯਾਦਾ ਅਤੇ ਗੁਰੂ‑ਪੰਥ ਦੀ ਸਰਬ‑ਉੱਚਤਾ ਦੇ ਵਿਰੋਧੀ ਜਾਂ ਮੁੰਕਰ ਹਨ।
੨) ਸਿੱਖੀ ਦੇ ਮੂਲ ਸਿਧਾਂਤਾਂ ਅਤੇ ਪਹਿਚਾਣ ਨੂੰ ਤੋੜਣ ਵਾਲੇ:- ਜਿਵੇਂ, (੧) ਨੜੀਮਾਰ — ਤਮਾਕੂ ਨਸ਼ਾ ਪੀਣ ਵਾਲੇ; (੨) ਕੁੜੀਮਾਰ — ਅਜੋਕੇ ਸਮੇਂ ਵਿੱਚ ਧੀ ਜਾਂ ਪੁੱਤ ਨਾ ਲੈਣ ਦੇ ਫ਼ੈਸਲੇ ਨਾਲ ਅਬਾਰਸ਼ਨ ਕਰਵਾਉਣ ਵਾਲੇ; ਅਤੇ (੩) ਸਿਰ‑ਗੁੰਮ — ਸਿਰ ਮੁੰਨਣ ਜਾਂ ਰੱਬੀ ਸਰੂਪ ਦੀ ਬੇਕਦਰੀ ਕਰਨ ਵਾਲੇ।
੨. ਖ਼ਾਲਸਾ ਭੋਜਨ ਮਰਯਾਦਾ ਦੇ ਉਲੰਘਣਕ — ਜੋ ਬੇ‑ਅੰਮ੍ਰਿਤਧਾਰੀ ਜਾਂ ਪਤਿਤ ਦਾ ਝੂਠ ਖਾਂਦੇ ਹਨ, ਅਰਥਾਤ ਉਹਨਾਂ ਤੋਂ ਖਾਣ‑ਪੀਣ ਲੈਂਦੇ ਹਨ ਜੋ ਖ਼ਾਲਸੇ ਦੇ ਰੱਬੀ ਆਚਰਨ ਅਤੇ ਬਾਹਰਲੀ‑ਅੰਦਰਲੀ ਸੁਚਮਤਾ ਅਨੁਸਾਰ ਨਹੀਂ ਜੀਵਦੇ।
੩. ਸਿੱਖ ਦੀ ਰੱਬੀ ਪਹਿਚਾਣ ਨੂੰ ਵਿਗਾੜਣ ਵਾਲੇ — ਜਿਵੇਂ ਕੇਸ ਰੰਗਣ ਵਾਲੇ ਅਤੇ ਚਿੱਟੇ ਕੇਸ ਚੁੱਗਣ ਵਾਲੇ।
੪. ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲੇ — ਜਿਹੜੇ ਆਪਣੇ ਬੱਚੇ ਦਾ ਵਿਆਹ ਪੈਸੇ ਲਈ ਕਰਦੇ ਹਨ ਅਤੇ ਰਿਸ਼ਤੇ ਨੂੰ ਸੌਦਾ ਬਣਾ ਦੇਂਦੇ ਹਨ।
ਕੋਈ ਵੀ ਨਸ਼ਾ ਵਰਤਣ ਵਾਲਾ - ਜਿਵੇਂ:- ਭੰਗ, ਅਫ਼ੀਮ, ਸ਼ਰਾਬ, ਪੋਸਤ, ਕੁਕੀਨ ਆਦਿਕ।
ਗੁਰਮੱਤ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਕਰਾਉਣ ਵਾਲਾ।
ਦਿੱਤੀ ਰਹਿਤ ਵਿੱਚ ਭੁੱਲ ਕਰਨ ਵਾਲਾ - ਜੋ ਜਾਣ–ਬੁੱਝ ਕੇ ਦਿੱਤੀ ਰਹਿਤ ਦੇ ਹੁਕਮਾਂ ਨੂੰ ਪਾਲਣ ਨਹੀਂ ਕਰਦੇ ਜੋ ਉਨ੍ਹਾਂ ਨੇ ਅੰਮ੍ਰਿਤ ਸੰਚਾਰ ਦੇ ਸਮੇਂ ਸਵੀਕਾਰ ਕੀਤੀ ਸੀ।
ਡ) ਇਹ ਸਿਖਿਆ ਦੇਣ ਤੋਂ ਉਪ੍ਰੰਤ ਪੰਜਾਂ ਪਿਆਰਿਆਂ ਵਿੱਚੋਂ ਕੋਈ ਸੱਜਣ ਅਰਦਾਸਾ ਕਰੇ।
ਢ) ਫਿਰ ਤਾਬਿਆ ਬੈਠਾ ਸਿੰਘ ‘ਹੁਕਮ’ ਲਵੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਉਨ੍ਹਾਂ ਵਿੱਚੋਂ ਜੇ ਕਿਸੇ ਦਾ ਨਾਮ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਸੀ ਰੱਖਿਆ ਹੋਇਆ, ਉਸ ਦਾ ਨਾਮ ਹੁਣ ਬਦਲਾ ਕੇ ਰੱਖਿਆ ਜਾਵੇ।
ਣ) ਅੰਤ ਕੜਾਹ ਪ੍ਰਸ਼ਾਦਿ ਵਰਤੇ। ਜਹਾਜ਼ ਚੜ੍ਹੇ ਸਾਰੇ ਸਿੰਘ ਤੇ ਸਿੰਘਣੀਆਂ ਇਕੋ ਬਾਟੇ ਵਿੱਚੋਂ ਕੜਾਹ ਪ੍ਰਸ਼ਾਦਿ ਰਲ ਕੇ ਛਕਣ।
ੳ) ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰ-ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁੱਖ ਖੜੋ ਕੇ ਆਪਣੀ ਭੁੱਲ ਮੰਨੇ।
ਅ) ਗੁਰ-ਸੰਗਤ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਚੁਣੇ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰ-ਸੰਗਤ ਪਾਸ ਤਨਖ਼ਾਹ (ਦੰਡ) ਤਜਵੀਜ਼ ਕਰਨ।
ੲ) ਸੰਗਤ ਨੂੰ ਬਖਸ਼ਣ ਵੇਲੇ ਹਠ ਨਹੀਂ ਕਰਨਾ ਚਾਹੀਦਾ।੩ ਨਾ ਹੀ ਤਨਖ਼ਾਹ ਲੁਆਉਣ ਵਾਲੇ ਨੂੰ ਦੰਡ ਭਰਨ ਵਿੱਚ ਅੜੀ ਕਰਨੀ ਚਾਹੀਦੀ ਹੈ। ਤਨਖ਼ਾਹ ਕਿਸੇ ਕਿਸਮ ਦੀ ਸੇਵਾ, ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਏ।
ਸ) ਅੰਤ ਸੋਧ ਦੀ ਅਰਦਾਸ ਹੋਵੇ।
ੳ) ਗੁਰਮਤਾ ਕੇਵਲ ਉਨ੍ਹਾਂ ਸਵਾਲਾਂ ਉਤੇ ਹੀ ਹੋ ਸਕਦਾ ਹੈ, ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਣ, ਅਰਥਾਤ ਗੁਰੂ ਸਾਹਿਬਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ, ਬੀੜ ਦੀ ਨਿਰੋਲਤਾ, ਅੰਮ੍ਰਿਤ, ਰਹਿਤ ਬਹਿਤ, ਪੰਥ ਦੀ ਬਨਾਵਟ ਆਦਿ ਨੂੰ ਕਾਇਮ ਰੱਖਣ ਬਾਬਤ। ਹੋਰ ਕਿਸੇ ਕਿਸਮ ਦੇ ਸਾਧਾਰਨ (ਧਾਰਮਿਕ, ਵਿਦਿਅਕ, ਸਮਾਜਕ, ਪੁਲੀਟੀਕਲ) ਸਵਾਲ ਉਤੇ ਕੇਵਲ ਮਤਾ ਹੋ ਸਕਦਾ ਹੈ।
ਅ) ਇਹ ਗੁਰਮਤਾ ਗੁਰੂ-ਪੰਥ ਦਾ ਚੁਣਿਆ ਹੋਇਆ ਕੇਵਲ ਸ਼ੋ੍ਰਮਣੀ ਜਥਾ ਜਾਂ ਗੁਰੂ-ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ।
ਸਥਾਨਕ ਗੁਰ-ਸੰਗਤਾਂ ਦੇ ਫ਼ੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਹੋ ਸਕਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ‘ਰਹੁ-ਰੀਤ ਸਬ-ਕਮੇਟੀ’ ਵਲੋਂ ਰਹੁ-ਰੀਤ ਦੇ ਖਰੜੇ ਦੀ ਪ੍ਰਵਾਨਗੀ ‘ਸਰਬ ਹਿੰਦ ਸਿੱਖ ਮਿਸ਼ਨ ਬੋਰਡ’ ਨੇ ਆਪਣੇ ਮਤਾ ਨੰਬਰ ੧, ਮਿਤੀ ੧-੮-੩੬ ਰਾਹੀਂ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੇ ਮਤਾ ਨੰਬਰ ੧੪੯, ਮਿਤੀ ੧੨-੧੦-੩੬ ਦੁਆਰਾ ਦਿੱਤੀ।
ਮੁੜ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ‘ਧਾਰਮਿਕ ਸਲਾਹਕਾਰ ਕਮੇਟੀ’ ਨੇ ਆਪਣੀ ਇਕੱਤਰਤਾ ਮਿਤੀ ੭-੧-੪੫ ਵਿਖੇ ਇਸ ਨੂੰ ਵਿਚਾਰ ਕੇ ਇਸ ਵਿੱਚ ਕੁਝ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ। ਧਾਰਮਿਕ ਸਲਾਹਕਾਰ ਕਮੇਟੀ ਦੀ ਇਸ ਇਕੱਤਰਤਾ ਵਿੱਚ ਹੇਠ ਲਿਖੇ ਸੱਜਣ ਹਾਜ਼ਰ ਸਨ:-
੧. ਸਿੰਘ ਸਾਹਿਬ ਜਥੇਦਾਰ ਮੋਹਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ।
੨. ਭਾਈ ਸਾਹਿਬ ਭਾਈ ਅੱਛਰ ਸਿੰਘ ਜੀ, ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ।
੩. ਪ੍ਰੋ: ਤੇਜਾ ਸਿੰਘ ਜੀ ਐਮ.ਏ., ਖ਼ਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਸਾਹਿਬ।
੪. ਪ੍ਰੋ: ਗੰਗਾ ਸਿੰਘ ਜੀ, ਪ੍ਰਿੰਸੀਪਲ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਸਾਹਿਬ।
੫. ਗਿਆਨੀ ਲਾਲ ਸਿੰਘ ਜੀ ਐਮ.ਏ., ਪ੍ਰੋਫੈਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਸਾਹਿਬ।
੬. ਪ੍ਰੋ: ਸ਼ੇਰ ਸਿੰਘ ਜੀ ਐਮ.ਐਸ.ਸੀ., ਗੌਰਮਿੰਟ ਕਾਲਜ, ਲੁਧਿਆਣਾ।
੭. ਬਾਵਾ ਪ੍ਰੇਮ ਸਿੰਘ ਜੀ ਹੋਤੀ, (ਪ੍ਰਸਿੱਧ ਹਿਸਟੋਰੀਅਨ)।
੮. ਗਿਆਨੀ ਬਾਦਲ ਸਿੰਘ ਜੀ, ਇੰਚਾਰਜ ਸਿੱਖ ਮਿਸ਼ਨ ਹਾਪੜ।
ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ ੩-੨-੪੫ ਦੇ ਮਤਾ ਨੰਬਰ ੯੭ ਰਾਹੀਂ ਦਿੱਤੀ।
ਜੋ ਰਹਿਤ ਮਰਯਾਦਾ ਦਿੱਤੀ ਗਈ ਹੈ, ਉਸ ਦਾ ਖਰੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ‘ਰਹੁ-ਰੀਤ ਕਮੇਟੀ’ ਵਲੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਦਫ਼ਤਰ ਵਿੱਚ ਜਿਸ ਰੀਪੋਰਟ ਸਹਿਤ ਪੁੱਜੀ ਸੀ, ਉਹ ਹੇਠ ਦਿੱਤੀ ਜਾਂਦੀ ਹੈ:-
ਸੇਵਾ ਵਿੱਚ
ਸ੍ਰੀ ਮਾਨ ਸਕੱਤਰ ਸਾਹਿਬ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।
ਸ੍ਰੀ ਮਾਨ ਜੀ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿੱਚ ਗੁਰ-ਮਰਯਾਦਾ ਨੂੰ ਠੀਕ ਤਰ੍ਹਾਂ ਨਿਯਤ ਕਰਨ ਹਿਤ, ਰਹਿਤ ਮਰਯਾਦਾ ਦਾ ਇੱਕ ਖਰੜਾ ਤਿਆਰ ਕਰਨ ਲਈ ਹੇਠ ਲਿਖੇ ਸੱਜਣਾਂ ਦੀ ਸਬ-ਕਮੇਟੀ ਬਣਾਈ ਸੀ:-
੧. ਗਿਆਨੀ ਠਾਕਰ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ।
੨. ਗਿਆਨੀ ਸ਼ੇਰ ਸਿੰਘ ਜੀ।
੩. ਭਾਈ ਬੁੱਧ ਸਿੰਘ ਜੀ।
੪. ਅਕਾਲੀ ਕੌਰ ਸਿੰਘ ਜੀ।
੫. ਸੰਤ ਸੰਗਤ ਸਿੰਘ ਜੀ, ਕਮਾਲੀਆ।
੬. ਭਾਈ ਕਾਨ੍ਹ ਸਿੰਘ ਜੀ, ਨਾਭਾ।
੭. ਸੰਤ ਗੁਲਾਬ ਸਿੰਘ ਜੀ, ਘੋਲੀਆਂ।
੮. ਭਾਈ ਲਾਭ ਸਿੰਘ ਜੀ, ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ।
੯. ਭਾਈ ਹਜ਼ੂਰਾ ਸਿੰਘ ਜੀ, ਹਜ਼ੂਰ ਸਾਹਿਬ (ਜਾਂ ਉਹਨਾਂ ਦਾ ਭੇਜਿਆ ਹੋਇਆ ਕੋਈ ਪ੍ਰਤੀਨਿਧ)।
੧੦. ਪੰਡਿਤ ਬਸੰਤ ਸਿੰਘ ਜੀ, ਪਟਿਆਲਾ।
੧੧. ਭਾਈ ਵੀਰ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ।
੧੨. ਗਿਆਨੀ ਹੀਰਾ ਸਿੰਘ ਜੀ, ‘ਦਰਦ’।
੧੩. ਬਾਵਾ ਹਰਕਿਸ਼ਨ ਸਿੰਘ ਜੀ, ਪ੍ਰਿੰਸੀਪਲ ਗੁਰੂ ਨਾਨਕ ਖਾ: ਕਾ: ਗੁਜਰਾਂਵਾਲਾ।
੧੪. ਭਾਈ ਤ੍ਰਿਲੋਚਨ ਸਿੰਘ ਜੀ, (ਸੁਰ ਸਿੰਘ, ਜ਼ਿਲ੍ਹਾ ਲਾਹੌਰ)।
੧੫. ਗਿਆਨੀ ਹਮੀਰ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ।
੧੬. ਪੰਡਿਤ ਕਰਤਾਰ ਸਿੰਘ ਜੀ ਦਾਖਾ, ਜ਼ਿਲ੍ਹਾ ਲੁਧਿਆਣਾ।
੧੭. ਜਥੇਦਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ।
੧੮. ਜਥੇਦਾਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ।
੧੯. ਜਥੇਦਾਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ।
੨੦. ਪ੍ਰੋਫੈਸਰ ਗੰਗਾ ਸਿੰਘ ਜੀ।
੨੧. ਪ੍ਰੋਫੈਸਰ ਜੋਧ ਸਿੰਘ ਜੀ।
੨੨. ਸੰਤ ਮਾਨ ਸਿੰਘ ਜੀ, ਕਨਖਲ।
੨੩. ਜਥੇਦਾਰ ਤੇਜਾ ਸਿੰਘ ਜੀ।
੨੪. ਭਾਈ ਰਣਧੀਰ ਸਿੰਘ ਜੀ।
੨੫. ਪ੍ਰੋਫੈਸਰ ਤੇਜਾ ਸਿੰਘ ਜੀ, (ਕਨਵੀਨਰ)।
ਇਸ ਸਬ-ਕਮੇਟੀ ਦੇ ਸਮਾਗਮ ੪-੫ ਅਕਤੂਬਰ ੧੯੩੧, ੩ ਜਨਵਰੀ ੧੯੩੨, ਅਤੇ ੩੧ ਜਨਵਰੀ ੧੯੩੨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ, ਜਿਨ੍ਹਾਂ ਵਿੱਚ ਹੇਠ ਲਿਖੇ ਮੈਂਬਰ ਦਰਸ਼ਨ ਦੇ ਕੇ ਵਿਚਾਰ ਵਿੱਚ ਹਿੱਸਾ ਲੈਂਦੇ ਰਹੇ:-
੧. ਅਕਾਲੀ ਕੌਰ ਸਿੰਘ ਜੀ।
੨. ਗਿਆਨੀ ਸ਼ੇਰ ਸਿੰਘ ਜੀ।
੩. ਸੰਤ ਮਾਨ ਸਿੰਘ ਜੀ ਨਿਰਮਲੇ।
੪. ਪ੍ਰੋਫੈਸਰ ਗੰਗਾ ਸਿੰਘ ਜੀ।
੫. ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ।
੬. ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ।
੭. ਗਿਆਨੀ ਹੀਰਾ ਸਿੰਘ ਜੀ ‘ਦਰਦ’।
੮. ਭਾਈ ਲਾਭ ਸਿੰਘ ਜੀ ਗ੍ਰੰਥੀ।
੯. ਗਿਆਨੀ ਠਾਕਰ ਸਿੰਘ ਜੀ।
੧੦. ਗਿਆਨੀ ਹਮੀਰ ਸਿੰਘ ਜੀ।
੧੧. ਬਾਵਾ ਹਰਕਿਸ਼ਨ ਸਿੰਘ ਜੀ ਐਮ.ਏ.।
੧੨. ਜਥੇਦਾਰ ਤੇਜਾ ਸਿੰਘ ਜੀ।
੧੩. ਭਾਈ ਤ੍ਰਿਲੋਚਨ ਸਿੰਘ ਜੀ।
੧੪. ਦਾਸ, ਕਨਵੀਨਰ (ਪ੍ਰੋਫੈਸਰ ਤੇਜਾ ਸਿੰਘ)।
ਇਨ੍ਹਾਂ ਤੋਂ ਇਲਾਵਾ ਹੇਠ ਲਿਖੇ ਸੱਜਣ ਅਤੇ ਹੋਰ ਸੱਜਣ ਕਦੀ ਕਦੀ ਦਰਸ਼ਨ ਦਿੰਦੇ ਰਹੇ:-
੧. ਸ: ਧਰਮ-ਅਨੰਤ ਸਿੰਘ ਜੀ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ।
੨. ਸ: ਭਾਗ ਸਿੰਘ ਜੀ ਵਕੀਲ ਗੁਰਦਾਸਪੁਰ।
੩. ਸ: ਵਸਾਵਾ ਸਿੰਘ ਜੀ ਸਕੱਤਰ ਸ਼੍ਰੋ: ਕਮੇਟੀ।
੪. ਮਾਸਟਰ ਤਾਰਾ ਸਿੰਘ ਜੀ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ)।
ਇਹ ਖਰੜਾ ਇਸ ਰਹੁ-ਰੀਤੀ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੀ ਸੇਵਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਆਸ਼ਾ ਹੈ, ਆਪ ਇਸ ਖਰੜੇ ਨੂੰ ਪੰਥ ਦੀ ਰਾਇ ਲੈਣ ਲਈ ਛਪਵਾ ਕੇ ਪ੍ਰਕਾਸ਼ਤ ਕਰੋਗੇ ਅਤੇ ਰਾਵਾਂ ਆਉਣ ਤੇ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਅੰਤਮ ਪ੍ਰਵਾਨਗੀ ਲਈ ਪੇਸ਼ ਕਰੋਗੇ।
ਇਸ ਤੋਂ ਉਪਰੰਤ ਸ਼੍ਰੋਮਣੀ ਕਮੇਟੀ ਦੀ ਆਗਿਆ ਅਨੁਸਾਰ ੮ ਮਈ ੧੯੩੨ ਨੂੰ ਖਰੜੇ ਉਤੇ ਇੱਕ ਵਾਰੀ ਹੋਰ ਵਿਚਾਰ ਕੀਤੀ ਗਈ। ਹੇਠ ਲਿਖੇ ਸੱਜਣ ਹਾਜ਼ਰ ਸਨ:-
੧. ਜਥੇਦਾਰ ਤੇਜਾ ਸਿੰਘ ਜੀ।
੨. ਸੰਤ ਤੇਜਾ ਸਿੰਘ ਜੀ ਗ੍ਰੰਥੀ ਸ੍ਰੀ ਨਨਕਾਣਾ ਸਾਹਿਬ।
੩. ਗਿਆਨੀ ਗੁਰਮੁਖ ਸਿੰਘ ਜੀ ‘ਮੁਸਾਫ਼ਰ’।
੪. ਗਿਆਨੀ ਨਾਹਰ ਸਿੰਘ ਜੀ।
੫. ਸ: ਵਸਾਵਾ ਸਿੰਘ ਜੀ ਸਕੱਤਰ ਸ਼੍ਰੋਮਣੀ ਕਮੇਟੀ।
੬. ਭਾਈ ਕਰਤਾਰ ਸਿੰਘ ਜੀ ਝੱਬਰ।
੭. ਸ: ਵਰਿਆਮ ਸਿੰਘ ਜੀ ਗਰਮੂਲਾ (ਮੈਂਬਰ ਇੰਚਾਰਜ ਨਨਕਾਣਾ ਸਾਹਿਬ)।
੮. ਭਾਈ ਪ੍ਰਤਾਪ ਸਿੰਘ ਜੀ ਪੁਸਤਕਾਂ ਵਾਲੇ।
੯. ਸ: ਲਾਲ ਸਿੰਘ ਜੀ (ਸ੍ਰੋਮਣੀ ਕਮੇਟੀ)।
੧੦. ਸ: ਮੋਹਨ ਸਿੰਘ ਜੀ (ਸ੍ਰੀ ਅਕਾਲ ਤਖ਼ਤ ਸਾਹਿਬ)।
ਇਸ ਤੋਂ ਉਪਰੰਤ ਕਈ ਸੱਜਣਾਂ ਦੇ ਜ਼ੋਰ ਦੇਣ ਤੇ ਖਰੜੇ ਉਤੇ ਮੁੜ ਵਿਚਾਰ ਕਰਨ ਲਈ ਰਹੁ-ਰੀਤ ਕਮੇਟੀ ਦਾ ਇੱਕ ਹੋਰ ਸਮਾਗਮ ੨੬ ਸਤੰਬਰ ੧੯੩੨ ਨੂੰ ਕੀਤਾ ਗਿਆ। ਇਸ ਵਿੱਚ ਹੇਠ ਲਿਖੇ ਮੈਂਬਰ ਹਾਜ਼ਰ ਸਨ:-
੧. ਗਿਆਨੀ ਸ਼ੇਰ ਸਿੰਘ ਜੀ।
੨. ਗਿਆਨੀ ਠਾਕੁਰ ਸਿੰਘ ਜੀ।
੩. ਗਿਆਨੀ ਹਮੀਰ ਸਿੰਘ ਜੀ।
੪. ਭਾਈ ਲਾਭ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ।
੫. ਗਿਆਨੀ ਗੁਰਮੁਖ ਸਿੰਘ ਜੀ ‘ਮੁਸਾਫ਼ਰ’।
੬. ਭਾਈ ਜੋਗਿੰਦਰ ਸਿੰਘ ਜੀ (ਮੀਤ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ)।
੭. ਜਥੇਦਾਰ ਤੇਜਾ ਸਿੰਘ ਜੀ।
੮. ਗਿਆਨੀ ਨਾਹਰ ਸਿੰਘ ਜੀ।
੯. ਦਾਸ, ਕਨਵੀਨਰ (ਪੋ੍ਰਫੈਸਰ ਤੇਜਾ ਸਿੰਘ)।
ਇਨ੍ਹਾਂ ਤੋਂ ਇਲਾਵਾ ਸੰਤ ਤੇਜਾ ਸਿੰਘ ਜੀ ਐਮ.ਏ. ਭੀ ਵਿਚਾਰ ਵਿੱਚ ਹਿੱਸਾ ਲੈਂਦੇ ਰਹੇ। ਕਮੇਟੀ ਨੇ ਬੜੀ ਗਹੁ ਨਾਲ ਸਾਰੇ ਖਰੜੇ ਉਤੇ ਵਿਚਾਰ ਕੀਤੀ ਅਤੇ ਇਸ ਨੂੰ ਅੱਛੀ ਤਰ੍ਹਾਂ ਸੋਧਿਆ।
ਹੁਣ ਇਹ ਖਰੜਾ ਰਹੁ-ਰੀਤ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੀ ਸੇਵਾ ਵਿੱਚ ਫੇਰ ਪੇਸ਼ ਕੀਤਾ ਜਾਂਦਾ ਹੈ। ਕਿਰਪਾ ਕਰਕੇ ਇਸ ਖਰੜੇ ਨੂੰ ਛਪਵਾ ਕੇ ਸੰਗਤਾਂ ਦੀ ਸੇਵਾ ਵਿੱਚ ਅੰਤਮ ਵੇਰ ਰਾਏ ਦੇਣ ਲਈ ਭੇਜੋ। ਨਾਲ ਹੀ ਇਸ ਖਰੜੇ ਨੂੰ ਵਿਚਾਰਨ ਅਤੇ ਅੰਤਮ ਪ੍ਰਵਾਨਗੀ ਦੇਣ ਲਈ ਸ਼੍ਰੋਮਣੀ ਕਮੇਟੀ ਦਾ ਖਾਸ ਇਜਲਾਸ ਬੁਲਾਇਆ ਜਾਵੇ।
ਦਾਸ,
ਤੇਜਾ ਸਿੰਘh
ਕਨਵੀਨਰ, ਰਹੁ-ਰੀਤ ਕਮੇਟੀ।
(੧ ਅਕਤੂਬਰ ੧੯੩੨)
ਰਹੁ-ਰੀਤ ਦੇ ਖਰੜੇ ਸੰਬੰਧੀ ਰਾਵਾਂ ਭੇਜਣ ਵਾਲੇ ਸੱਜਣਾਂ ਦੇ ਨਾਮ:-
੧.
ਭਾਈ ਸੱਜਣ ਸਿੰਘ ਜੀ, ਮੁਹਾਫਿਜ਼ ਦਫ਼ਤਰ, ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਜੀ, ਨਾਂਦੇੜ।
੨.
ਸ: ਹਜ਼ਾਰਾ ਸਿੰਘ ਜੀ, ਠੇਕੇਦਾਰ ਭਵਾਨੀ ਗੜ੍ਹ (ਪਟਿਆਲਾ ਗੌਰਮਿੰਟ)।
੩.
ਗਿਆਨੀ ਹੀਰਾ ਸਿੰਘ ਜੀ ‘ਦਰਦ’, ਲਾਹੌਰ।
੪.
ਭਾਈ ਹਰਨਾਮ ਸਿੰਘ ਜੀ ‘ਨਾਚੀਜ਼’, ਪਿੰਡ ਨੌਸ਼ਹਿਰਾ ਸੂਨ ਸਕੇਸਰ, ਜ਼ਿਲ੍ਹਾ ਸ਼ਾਹਪੁਰ।
੫.
ਭਾਈ ਪ੍ਰਤਾਪ ਸਿੰਘ ਜੀ, ਪੁਸਤਕਾਂ ਵਾਲੇ, ਸ੍ਰੀ ਅੰਮ੍ਰਿਤਸਰ ਸਾਹਿਬ।
੬.
ਭਾਈ ਰਾਮ ਸਿੰਘ ਜੀ, ਡੇਰਾ ਬਾਬਾ ਮਿਸ਼ਰਾ ਸਿੰਘ, ਚੌਂਕ ਲਛਮਣ ਸਰ, ਸ੍ਰੀ ਅੰਮ੍ਰਿਤਸਰ ਸਾਹਿਬ।
੭.
ਗਿਆਨੀ ਨਾਹਰ ਸਿੰਘ ਜੀ, ‘ਅਸਲੀ ਕੌਮੀ ਦਰਦ’, ਸ੍ਰੀ ਅੰਮ੍ਰਿਤਸਰ ਸਾਹਿਬ (ਪਹਿਲਾ ਖਰੜਾ)।
੮.
ਗਿਆਨੀ ਨਾਹਰ ਸਿੰਘ ਜੀ, ‘ਅਸਲੀ ਕੌਮੀ ਦਰਦ’, ਸ੍ਰੀ ਅੰਮ੍ਰਿਤਸਰ ਸਾਹਿਬ (ਦੂਜੀ ਵਾਰ ਦਾ)।
੯.
ਸ: ਗੰਡਾ ਸਿੰਘ ਜੀ ਜਮਾਦਾਰ ਪੈਨਸ਼ਨਰ, ਐਗਜ਼ਾਮੀਨਰ ਨਕਲ ਫ਼ਾਰਸੀ, ਦਫ਼ਤਰ ਡੀ. ਸੀ., ਜਲੰਧਰ ਸ਼ਹਿਰ।
੧੦.
ਵੈਦ ਨੌਰੰਗ ਸਿੰਘ, ਸ: ਗੁਰਬਚਨ ਸਿੰਘ ਜੀ ‘ਤਾਂਘੀ’, ਸ੍ਰੀ ਅੰਮ੍ਰਿਤਸਰ ਸਾਹਿਬ।
੧੧.
ਭਾਈ ਮੇਲਾ ਸਿੰਘ ਜੀ, ਗੁ: ਚੁਰਸਤੀ ਅਟਾਰੀ, ਸ੍ਰੀ ਅੰਮ੍ਰਿਤਸਰ ਸਾਹਿਬ।
੧੨.
ਭਾਈ ਸਾਹਿਬ ਭਾਈ ਕਾਹਨ ਸਿੰਘ ਜੀ, ਸਰਦਾਰ ਬਹਾਦਰ, ਨਾਭਾ।
੧੩.
ਇਕ ਪ੍ਰੇਮੀ ਸੱਜਣ।
੧੪.
ਇਕ ਪ੍ਰੇਮੀ ਸੱਜਣ।
੧੫.
ਸੰਤ ਟਹਿਲ ਸਿੰਘ ਜੀ, ਮਜੀਠਾ (ਸ੍ਰੀ ਅੰਮ੍ਰਿਤਸਰ ਸਾਹਿਬ)।
੧੬.
ਭਾਈ ਨਰੈਣ ਸਿੰਘ ਜੀ, ਮਸੀਤ ਪਲਕੋਟ, ਡਾ: ਗੜ੍ਹ ਦੀਵਾਲਾ (ਹੁਸ਼ਿਆਰਪੁਰ)।
੧੭.
ਭਾਈ ਉੱਤਮ ਸਿੰਘ ਜੀ, ਚਿਟਾਗਾਂਗ (ਬੰਗਾਲ) ਡਾ: ਰੇਲਵੇ ਬਿਲਡਿੰਗ, ਚਿਟਾਗਾਂਗ।
੧੮.
ਐਡੀਟਰ, ਖ਼ਾਲਸਾ ਤੇ ਖ਼ਾਲਸਾ ਐਡਵੋਕੇਟ, ਸ੍ਰੀ ਅੰਮ੍ਰਿਤਸਰ ਸਾਹਿਬ।
੧੯.
ਭਾਈ ਅਮਰੀਕ ਸਿੰਘ ਜੀ, ਚੂਨੇ ਵਾਲੇ, ਗੁਜਰਾਂਵਾਲਾ।
੨੦.
ਸੰਤ ਗੁਲਾਬ ਸਿੰਘ ਜੀ, ਖ਼ਾਲਸਾ ਅਨੰਦ ਭਵਨ, ਮੋਗਾ (ਫ਼ਿਰੋਜ਼ਪੁਰ)।
੨੧.
ਗਿਆਨੀ ਹੀਰਾ ਸਿੰਘ ਜੀ, ਢੁਡਿਆਲ (ਜੇਹਲਮ)।
੨੨.
ਭਾਈ ਨੰਦ ਸਿੰਘ ਜੀ ਇੰਜੀਨੀਅਰ, ਮਾਰਫ਼ਤ ਬਾਬਾ ਬਖਤਾਵਰ ਲਾਲ ਸ਼ਰਮਾ, ਬਠਿੰਡਾ।
੨੩.
ਮਾ: ਬਚਨ ਸਿੰਘ ਜੀ ‘ਬਚਨ’, ਸਿਧਵਾਂ ਕਲਾਂ (ਲੁਧਿਆਣਾ)।
੨੪.
ਭਾਈ ਬਿਸ਼ਨ ਸਿੰਘ ਜੀ ਸੁਹਾਣਾ, ਗਿਆਨੀ, ਦੁਆਬਾ ਖ਼ਾਲਸਾ ਹਾਈ ਸਕੂਲ, ਜਲੰਧਰ।
੨੫.
ਭਾਈ ਨਾਜ਼ਮ ਸਿੰਘ ਜੀ ਸਧਾਰ, ਦੀਨਾ ਪੁਰ (ਪਟਨਾ)।
੨੬.
ਸੰਤ ਗੁਲਾਬ ਸਿੰਘ ਜੀ ਘੋਲੀਆਂ, ਮੋਗਾ।
੨੭.
ਸ: ਗੰਡਾ ਸਿੰਘ ਜੀ ‘ਜਾਚਕ’ ਸ੍ਰੀ ਅੰਮ੍ਰਿਤਸਰ ਸਾਹਿਬ।
੨੮.
ਮਾਸਟਰ ਪੂਰਨ ਸਿੰਘ ਜੀ ਅਨੰਦਪੁਰੀ, ਚੌਕ ਕਰੋੜੀ, ਸ੍ਰੀ ਅੰਮ੍ਰਿਤਸਰ ਸਾਹਿਬ।
੨੯.
ਗਿਆਨੀ ਬਚਿੱਤਰ ਸਿੰਘ ਜੀ, ਮਾਰਫ਼ਤ ਖ਼ਾਲਸਾ ਟਰੇਡਿੰਗ ਏਜੰਸੀ, ਕਲਕੱਤਾ।
੩੦.
ਭਾਈ ਤ੍ਰਿਪਤ ਸਿੰਘ ਜੀ, ਨਾਗੋਕੀ ਸਰਲੀ, ਸ੍ਰੀ ਅੰਮ੍ਰਿਤਸਰ ਸਾਹਿਬ।
੩੧.
ਗਿਆਨੀ ਰਣ ਸਿੰਘ ਜੀ, ਗੁ: ਦਮਦਮਾ ਸਾਹਿਬ, ਮੀਰਪੁਰ, ਬਰਾਸਤਾ ਜੇਹਲਮ।
੩੨.
ਭਾਈ ਚਤਰ ਸਿੰਘ ਜੀ, ਗੁ: ਸਾਰੰਬਾਨ ਸ਼ਹਿਰ, ਮਲਾਇਆ ਟਾਪੂ।
੩੩.
ਭਾਈ ਠਾਕਰ ਸਿੰਘ ਜੀ ‘ਸੰਸਾਰ’, ਪਿੰਡ ਫ਼ਤਿਹਗੜ੍ਹ ਘਨੱਈਆਂ, ਡਾ: ਖਾਸ, (ਗੁਰਦਾਸਪੁਰ)।
੩੪.
ਪੰਡਿਤ ਕਰਤਾਰ ਸਿੰਘ ਜੀ ਦਾਖਾ (ਲੁਧਿਆਣਾ)।
੩੫.
ਭਾਈ ਪ੍ਰੇਮ ਸਿੰਘ ਜੀ ਗਿਆਨੀ, ਖ਼ਾਲਸਾ ਹਾਈ ਸਕੂਲ ਕੱਲਰ (ਰਾਵਲਪਿੰਡੀ)।
੩੬.
ਭਾਈ ਗੁਰਦਿੱਤ ਸਿੰਘ ਜੀ ‘ਦਰਸ’, ਚੱਕ ਨੰ: ੧੩੨, ਡਾ: ਖਾਸ (ਮੁਲਤਾਨ)।
੩੭.
ਭਾਈ ਸੁੰਦਰ ਸਿੰਘ ਜੀ ਦੁਬੇਰਨ (ਰਾਵਲਪਿੰਡੀ)।
੩੮.
ਗਿਆਨੀ ਭਗਤ ਸਿੰਘ ਜੀ, ਖ਼ਾਲਸਾ ਹਾਈ ਸਕੂਲ, ਬਾਬਾ ਬਕਾਲਾ (ਸ੍ਰੀ ਅੰਮ੍ਰਿਤਸਰ ਸਾਹਿਬ)।
੩੯.
ਭਾਈ ਸਰਨ ਸਿੰਘ ਜੀ ਗ੍ਰੰਥੀ, ਗੁ: ਰਤਨ ਤਲਾ, ਸ੍ਰੀ ਗੁਰੂ ਸਿੰਘ ਸਭਾ, ਕਰਾਚੀ।
੪੦.
ਭਾਈ ਛਹਿਬਰ ਸਿੰਘ ਜੀ ਹੈੱਡ ਮਾਸਟਰ, ਖ਼ਾਲਸਾ ਉਪਦੇਸ਼ਕ ਕਾਲਜ, ਯਤੀਮਖਾਨਾ ਘਰਜਾਖ (ਗੁਜਰਾਂਵਾਲਾ)।
੪੧.
ਭਾਈ ਮੱਲ ਸਿੰਘ ਜੀ ਖੋਸਲਾ, ਕਸ਼ਮੀਰ ਸਟੇਟ।
੪੨.
ਡਾਕਟਰ ਤੇਜਾ ਸਿੰਘ ਜੀ ਗਿਆਨੀ, ਫ਼ਤਹ ਚੱਕ (ਤਰਨ ਤਾਰਨ)।
੪੩.
ਭਾਈ ਗੁਰਮੁਖ ਸਿੰਘ ਜੀ ਗ੍ਰੰਥੀ, ਬੜੂੰਦੀ (ਲੁਧਿਆਣਾ)।
੪੪.
ਭਾਈ ਮੋਹਨ ਸਿੰਘ ਜੀ ਵੈਦ, ਤਰਨ ਤਾਰਨ (ਸ੍ਰੀ ਅੰਮ੍ਰਿਤਸਰ ਸਾਹਿਬ)।
੪੫.
ਭਾਈ ਜੋਧ ਸਿੰਘ ਜੀ ‘ਕ੍ਰਿਪਾਨ ਬਹਾਦਰ’, ਅਲੋਵਾਲ (ਮਲਾਇਆ ਸਟੇਟ)।
੪੬.
ਭਾਈ ਪ੍ਰੇਮ ਸਿੰਘ ਜੀ ਪੈਨਸ਼ਨਰ, ਮਾਂਗਟ (ਗੁਜਰਾਤ)।
੪੭.
ਭਾਈ ਮਹਾਂ ਬਲਬੀਰ ਸਿੰਘ ਅਕਾਲੀ, ਪਿੰਡ ਪੱਤੋ ਸਿੰਘ ਵਾਲੀ, ਡਾ: ਖਾਸ (ਫ਼ਿਰੋਜ਼ਪੁਰ)।
੪੮.
ਭਾਈ ਮਨੋਹਰ ਸਿੰਘ ਜੀ ਪਹਿਲਾ ਹੈੱਡ ਕਲਰਕ, ਸਥਾਨਕ ਗੁ: ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ।
੪੯.
ਭਾਈ ਮਹਿੰਦਰ ਸਿੰਘ ਜੀ ਪ੍ਰਧਾਨ ਗੁ: ਕਮੇਟੀ, ਸਮਾਧ ਭਾਈ, ਪਿੰਡ ਅਣੂਕੇ (ਫ਼ਿਰੋਜ਼ਪੁਰ)।
੫੦.
ਭਾਈ ਗੁਰਬਚਨ ਸਿੰਘ ਜੀ (Ketrygess M.P. net Jormun’e B. Sc.)








Hukamnama from Guru Hargobind Sahib Ji about not consuming meat or fish
This hukamnama instructs Sikhs not to consume meat or fish, stating that one should not come near meat or fish as per the edict.




