ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸੋਨੇ ਦੇ ਪੱਤਰਾਂ ਦੇ ਕੰਮ ਵਿੱਚ ਗੰਭੀਰ ਗਲਤੀਆਂ – ਇਕ ਖੁਲਾਸਾ

  • Home
  • Sikh News
  • ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸੋਨੇ ਦੇ ਪੱਤਰਾਂ ਦੇ ਕੰਮ ਵਿੱਚ ਗੰਭੀਰ ਗਲਤੀਆਂ – ਇਕ ਖੁਲਾਸਾ

ਕਾਰ ਸੇਵਾ ਦੇ ਨਾਮ ’ਤੇ ਸਿੱਖ ਵਿਰਾਸਤ ਅਤੇ ਗੁਰਬਾਣੀ ਨਾਲ ਖਿਲਵਾੜ

Golden Temple Gold Plating Work
ਇੰਗਲੈਂਡ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਮੈਂਬਰ, ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸੇਵਾਦਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੰਦਰ ਸੋਨੇ ਦੀ ਪੱਤਰਕਾਰੀ ਅਤੇ ਕਲਾਕਾਰੀ ਦੇ ਮੁਰੰਮਤ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ।
ਸਿੱਖ ਸਮਾਚਾਰ | 18 ਅਪ੍ਰੈਲ 2026

ਸ੍ਰੀ ਅੰਮ੍ਰਿਤਸਰ ਸਾਹਿਬ: ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਸਿੱਖ ਕੌਮ ਦਾ ਖਾਸ ਅਤੇ ਸਰਵੋਚ ਕੇਂਦਰੀ ਅਸਥਾਨ ਹੈ। ਇੱਥੇ ਹੋਣ ਵਾਲੀ ਹਰ ਸੇਵਾ ਸਿਰਫ਼ ਸੇਵਾ ਨਹੀਂ ਹੁੰਦੀ, ਬਲਕਿ ਗੁਰੂ ਦੀ ਬਖ਼ਸ਼ੀ ਹੋਈ ਮਰਯਾਦਾ, ਇਤਿਹਾਸ ਅਤੇ ਗੁਰਬਾਣੀ ਦੀ ਪਵਿੱਤਰਤਾ ਨਾਲ ਗਹਿਰੇ ਤੌਰ ‘ਤੇ ਜੁੜੀ ਹੁੰਦੀ ਹੈ। ਪਰ ਹਾਲ ਹੀ ਵਿੱਚ ਕੀਤੇ ਗਏ ਸੋਨੇ ਦੇ ਪੱਤਰਾ ਦੇ ਕੰਮ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ, ਅਜੇਹੇ ਸਵਾਲ ਜੋ ਸਿੱਧੇ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਅਤੇ ਜਵਾਬਦੇਹੀ ਨੂੰ ਚੁਣੌਤੀ ਦੇ ਰਹੇ ਹਨ।

ਸੰਸਾਰ ਭਰ ਦੀਆਂ ਸੰਗਤਾਂ ਵੱਲੋਂ ਦਰਬਾਰ ਸਾਹਿਬ ਦੀ ਸੇਵਾ ਲਈ ਯੋਗਦਾਨ ਆਉਂਦਾ ਹੈ। ਖ਼ਾਸ ਕਰਕੇ ਇੰਗਲੈਂਡ ਦੇ "ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ" ਵੱਲੋਂ ਵੀ ਇਸ ਕੰਮ ਵਿੱਚ ਭਾਗੀਦਾਰੀ ਦੀ ਗੱਲ ਕੀਤੀ ਜਾਂਦੀ ਹੈ। ਪਰ ਮੁੱਖ ਸਵਾਲ ਇਹ ਹੈ ਕਿ ਕੀ ਐਨੀ ਸੰਵੇਦਨਸ਼ੀਲ ਅਤੇ ਇਤਿਹਾਸਕ ਸੇਵਾ ਲਈ ਕੋਈ ਢੰਗ ਦੀ ਜਾਂਚ ਪ੍ਰਕਿਰਿਆ ਮੌਜੂਦ ਹੈ? ਸ਼੍ਰੋਮਣੀ ਕਮੇਟੀ ਵੱਲੋਂ ਇਹ ਕੰਮ ਆਪਣੀ ਸਿੱਧੀ ਨਿਗਰਾਨੀ ਹੇਠ ਕਿਉਂ ਨਹੀਂ ਕੀਤਾ ਜਾ ਰਿਹਾ? ਕੌਣ ਹਨ ਉਹ ਲੋਕ, ਜਿਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਹੈ, ਅਤੇ ਕੀ ਉਹ ਗੁਰਬਾਣੀ ਦੀ ਲਿਖਤ ਅਤੇ ਮਰਯਾਦਾ ਦੀ ਗਹਿਰਾਈ ਨੂੰ ਪੂਰੀ ਤਰ੍ਹਾਂ ਸਮਝਦੇ ਹਨ?

ਲੜੀਵਾਰ ਹੱਥ-ਲਿਖਤ ਗੁਰਬਾਣੀ ਸਿੱਖ ਧਰਮ ਵਿੱਚ ਅਕਾਲ ਪੁਰਖ ਦਾ ਸਰਗੁਣ ਸਰੂਪ ਮੰਨੀ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਰੂਪ ਅਟੱਲ ਹੈ। ਇਸ ਵਿੱਚ ਕੋਈ ਵੀ ਤਬਦੀਲੀ, ਭਾਵੇਂ ਛੋਟੀ ਕਿਉਂ ਨਾ ਹੋਵੇ, ਗੰਭੀਰ ਮਾਮਲਾ ਹੈ। ਪਰ ਹਾਲੀਆ ਪੱਤਰਾ ਦੇ ਕੰਮ ਵਿੱਚ ਸਾਹਮਣੇ ਆਈਆਂ ਗਲਤੀਆਂ ਇਹ ਸਪਸ਼ਟ ਕਰਦੀਆਂ ਹਨ ਕਿ ਨਾ ਤਾਂ ਯੋਗ ਜਾਂਚ ਹੋਈ ਹੈ ਅਤੇ ਨਾ ਹੀ ਮਰਯਾਦਾ ਦੀ ਪੂਰੀ ਪਾਲਣਾ ਕੀਤੀ ਗਈ ਹੈ।

Darbar Sahib Kar Sewa
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੇ ਸੇਵਾਦਾਰਾਂ ਨਾਲ ਮਿਲ ਕੇ੍ੇ ਸ੍ਰੀ ਦਰਬਾਰ ਸਾਹਿਬ ਵਿੱਚ ਕਾਰ ਸੇਵਾ ਦੌਰਾਨ।

ਪੱਤਰਾ ਤੇ ਗੁਰਬਾਣੀ ਲਿਖਤ ਵਿੱਚ ਸਪਸ਼ਟ ਗਲਤੀਆਂ

Golden Temple Gold Plating Work
ਸੋਨੇ ਦੇ ਪੱਤਰਿਆਂ ’ਤੇ ਗੁਰਬਾਣੀ ਲਿਖਤ ਵਿੱਚ ਸਪਸ਼ਟ ਗਲਤੀਆਂ ਦੇ ਹਵਾਲੇ।
  • ੴ ਸਤਿਗੁਰਪ੍ਰਸਾਦਿ” ਵਿੱਚ ਦੇ ਰਾਰੇ ਹੇਠਾਂ ਔਂਕੜ ਲਾਇਆ ਗਿਆ ਹੈ (ਗੁਰੁ), ਜਦਕਿ ਇਹ ਮੁਕਤਾ ਹੋਣਾ ਚਾਹੀਦਾ ਸੀ (ਗੁਰ)।
  • ਇਹੀ ਗਲਤੀ ਕਈ ਥਾਵਾਂ ‘ਤੇ ਦੁਹਰਾਈ ਗਈ ਹੈ, ਜੋ ਦਰਸਾਉਂਦੀ ਹੈ ਕਿ ਕੋਈ ਪ੍ਰਮਾਣਿਕ ਜਾਂਚ ਨਹੀਂ ਹੋਈ।
  • ਗੁਰਪ੍ਰਸਾਦ” ਤੋਂ ਬਾਅਦ ਦੁਹਰਾ ਦੰਡ () ਗਾਇਬ ਹੈ।

ਇਹ ਗਲਤੀਆਂ ਸਿਰਫ਼ ਲਿਖਤ ਦੀਆਂ ਨਹੀਂ, ਸਗੋਂ ਗੁਰਬਾਣੀ ਦੀ ਅਸਲ ਰੂਪ-ਰੇਖਾ ਨਾਲ ਸਿੱਧਾ ਖਿਲਵਾੜ ਹਨ।

ਕਾਰੀਗਰੀ ‘ਤੇ ਵੀ ਸਵਾਲ

Golden Temple Gold Plating Work
ਸੋਨੇ ਦੇ ਪੱਤਰਿਆਂ ’ਤੇ ਗੁਰਬਾਣੀ ਲਿਖਤ ਵਿੱਚ ਸਪਸ਼ਟ ਗਲਤੀਆਂ ਦੇ ਹਵਾਲੇ।

ਕਈ ਪੱਤਰਾ ਵਿੱਚ ਗੁਰਬਾਣੀ ਇੰਨੀ ਅਸਪਸ਼ਟ ਹੈ ਕਿ ਪੜ੍ਹਨਾ ਵੀ ਮੁਸ਼ਕਲ ਬਣ ਜਾਂਦਾ ਹੈ। ਇਹ ਗੱਲ ਹੈਰਾਨ ਕਰਦੀ ਹੈ ਕਿ ਐਸਾ ਕੰਮ ਮਨਜ਼ੂਰ ਕਿਵੇਂ ਹੋਇਆ:

  • ਮਹਲਾ ੫” ਤੋਂ ਬਾਅਦ ਦੁਹਰਾ ਦੰਡ () ਨਹੀਂ ਦਿੱਤਾ ਗਿਆ।
  • ਲੜੀਵਾਰ ਅਤੇ ਪਦ-ਛੇਦ ਲਿਖਤ ਨੂੰ ਮਿਲਾ ਦਿੱਤਾ ਗਿਆ ਹੈ, ਜੋ ਗੁਰੂ ਸਾਹਿਬ ਵੱਲੋਂ ਦਿੱਤੀ ਅਸਲ ਲੜੀਵਾਰ ਰੀਤ ਦੇ ਵਿਰੁੱਧ ਹੈ।
  • "ਆਠ ਪਹਰ ਨਿਕਟਿ ਕਰਿ ਜਾਨੈ ॥" ਪੰਕਤੀ ਵਿੱਚ "ਜਾਨੈ" ਨੂੰ "ਜਾਣੈ" ਲਿਖਿਆ ਹੈ। ਭਾਵ "ਨੰਨੇ" ਦੀ ਥਾਂ "ਣਾਣਾ" ਅੱਖਰ ਲਿਖਿਆ ਗਿਆ ਹੈ।
  • "ਸੰਤ ਰਹਤ ਸੁਨਹੁ ਮੇਰੇ ਭਾਈ ॥" ਪੰਕਤੀ ਵਿੱਚ "ਭਾਈ" ਤੋਂ ਬਾਅਦ ਦੁਹਰਾ ਦੰਡ () ਲਿਖਿਆ ਹੋਣਾ ਚਾਹੀਦਾ ਹੈ, ਪਰ "" ਗਾਇਬ ਹੈ।
  • ਹੇਠਲੇ ਸ਼ਬਦ ਵਿੱਚ “ਸ੍ਵੈਯਾ” ਸਿਰਲੇਖ ਦਿੱਤਾ ਗਿਆ ਹੈ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਦੀ ਕੋਈ ਸਿਰਲੇਖ ਮੌਜੂਦ ਨਹੀਂ।

ਇਹ ਸਾਰੇ ਨੁਕਤੇ ਦਰਸਾਉਂਦੇ ਹਨ ਕਿ ਇਹ ਕੰਮ ਸਿਰਫ਼ ਘੱਟ ਮਿਆਰੀ ਨਹੀਂ, ਸਗੋਂ ਇਤਿਹਾਸਕ ਅਤੇ ਧਾਰਮਿਕ ਸੰਦਰਭਾਂ ਤੋਂ ਬਿਨਾਂ ਸਮਝ ਦੇ ਕੀਤਾ ਗਿਆ ਹੈ।

ਪਿਛਲੇ ਮਾਮਲੇ ਵੀ ਚਿੰਤਾ ਵਧਾਉਂਦੇ ਹਨ

Golden Temple Gold Plating Work
ਹਰਿ ਕੀ ਪੌੜੀ, ਸੱਚਖੰਡ ਸ੍ਰੀ ਦਰਬਾਰ ਸਾਹਿਬ।

ਪਿਛਲੇ ਕੁਝ ਮਾਮਲੇ ਇਹ ਦਰਸਾਉਂਦੇ ਹਨ ਕਿ ਜੇ ਨਿਗਰਾਨੀ ਕਮਜ਼ੋਰ ਹੋਵੇ, ਤਾਂ ਇਮਾਰਤੀ ਜਾਂ ਪੱਤਰਾ ਦੇ ਕੰਮ ਦੌਰਾਨ ਮਰਯਾਦਾ-ਵਿਰੁੱਧ ਚੀਜ਼ਾਂ ਅਣਜਾਣੇ ਵਿੱਚ ਵੀ ਸ਼ਾਮਲ ਹੋ ਸਕਦੀਆਂ ਹਨ। 1995 ਵਿੱਚ ਹਰ ਕੀ ਪੌੜੀ ‘ਤੇ ਹੋਏ ਸੋਨੇ ਦੇ ਪੱਤਰਾ ਦੇ ਕੰਮ ਦੀ ਇੱਕ ਤਸਵੀਰ ਵਿੱਚ ਸੂਰਜ ਦੇਵਤਾ ਵਰਗਾ ਚਿਹਰਾ ਨਜ਼ਰ ਆਉਂਦਾ ਹੈ, ਜੋ ਗੁਰਮਤ ਸਿਧਾਂਤਾਂ ਨਾਲ ਸਪਸ਼ਟ ਵਿਰੋਧ ਰੱਖਦਾ ਹੈ, ਕਿਉਂਕਿ ਸਿੱਖੀ ਵਿੱਚ ਦੇਵੀ-ਦੇਵਤਿਆਂ ਦੀ ਪ੍ਰਤੀਕਾਤਮਕ ਚਿਤ੍ਰਕਲਾ ਸਵੀਕਾਰ ਨਹੀਂ। ਇਹ ਘਟਨਾ ਇਹ ਸਵਾਲ ਖੜਾ ਕਰਦੀ ਹੈ ਕਿ ਕੀ ਉਸ ਸਮੇਂ ਯੋਗ ਜਾਂਚ ਦੀ ਘਾਟ ਕਾਰਨ ਅਜਿਹੀਆਂ ਗਲਤ ਰੂਪ-ਰੇਖਾਵਾਂ ਕੰਮ ਵਿੱਚ ਆ ਗਈਆਂ।

ਇਸ ਚਿੰਤਾ ਨੂੰ ਹੋਰ ਵਧਾਉਂਦੀ ਹੈ ਹਾਲੀਆ ਮੀਨਕਾਰੀ, ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਕੰਮ ਦੌਰਾਨ ਇਤਿਹਾਸਕ ਲੜੀਵਾਰ ਗੁਰਬਾਣੀ ਨੂੰ ਬਦਲ ਕੇ ਪਦ-ਛੇਦ ਰੂਪ ਵਿੱਚ ਦਰਸਾਇਆ ਗਿਆ ਹੈ। ਇਹ ਤਬਦੀਲੀ ਗੁਰਮਤ ਪਰੰਪਰਾਵਾਂ ਨਾਲ ਟਕਰਾਅ ਰੱਖਦੀ ਹੈ ਅਤੇ ਇਹ ਦਰਸਾਉਂਦੀ ਹੈ ਕਿ ਜੇ ਸਖ਼ਤ ਮਿਆਰੀ ਜਾਂਚ ਨਾ ਹੋਵੇ, ਤਾਂ ਮਰਯਾਦਾ-ਵਿਰੁੱਧ ਤਬਦੀਲੀਆਂ ਦੁਹਰਾਈਆਂ ਜਾ ਸਕਦੀਆਂ ਹਨ। ਇਸ ਲਈ ਇਹ ਮਾਮਲੇ ਸਿਰਫ਼ ਇਤਿਹਾਸਕ ਉਦਾਹਰਨਾਂ ਨਹੀਂ, ਸਗੋਂ ਅੱਜ ਦੇ ਕੰਮਾਂ ਲਈ ਇੱਕ ਸਪਸ਼ਟ ਚੇਤਾਵਨੀ ਹਨ ਕਿ ਨਿਗਰਾਨੀ ਅਤੇ ਮਰਯਾਦਾ ਦੀ ਪਾਲਣਾ ਪੂਰੀ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ।

Golden Temple Gold Plating Work
ਹਵਾਲਾ: ‘ਸਿੱਖ ਰਹਿਤ ਮਰਯਾਦਾ ਪ੍ਰਮਾਣਾਂ ਸਹਿਤ’, ਲੇਖਕ ਭਾਈ ਮਨਵੀਰ ਸਿੰਘ, ਪੰਨਾ ੧੦੬।
Golden Temple Gold Plating Work
ਹਵਾਲਾ: ‘ਸਿੱਖ ਰਹਿਤ ਮਰਯਾਦਾ ਪ੍ਰਮਾਣਾਂ ਸਹਿਤ’, ਲੇਖਕ ਭਾਈ ਮਨਵੀਰ ਸਿੰਘ, ਪੰਨਾ ੧੦੬।
Golden Temple Gold Plating Work
ਹਵਾਲਾ: ‘ਸਿੱਖ ਰਹਿਤ ਮਰਯਾਦਾ ਪ੍ਰਮਾਣਾਂ ਸਹਿਤ’, ਲੇਖਕ ਭਾਈ ਮਨਵੀਰ ਸਿੰਘ, ਪੰਨਾ ੧੦੬।

ਹੁਣ ਜਵਾਬਦੇਹੀ ਲਾਜ਼ਮੀ ਹੈ

ਇਹ ਸਿਰਫ਼ ਇੱਕ ਸਧਾਰਣ ਗਲਤੀ ਨਹੀਂ, ਇਹ ਸਿੱਖ ਕੌਮ ਦੀ ਵਿਰਾਸਤ ਨਾਲ ਗਹਿਰੇ ਤੌਰ ‘ਤੇ ਜੁੜਿਆ ਸੰਵੇਦਨਸ਼ੀਲ ਮਾਮਲਾ ਹੈ। ਜੇ ਅੱਜ ਇਹ ਗਲਤੀਆਂ ਨਜ਼ਰਅੰਦਾਜ਼ ਕੀਤੀਆਂ ਜਾਂਦੀਆਂ ਹਨ, ਤਾਂ ਭਵਿੱਖ ਵਿੱਚ ਇਹੀ ਗਲਤੀਆਂ ਗਲਤ ਤੌਰ ‘ਤੇ ਸਵੀਕਾਰ ਹੋਣ ਦਾ ਖ਼ਤਰਾ ਬਣ ਸਕਦੀਆਂ ਹਨ।

ਸ਼੍ਰੋਮਣੀ ਕਮੇਟੀ ਲਈ ਹੁਣ ਲਾਜ਼ਮੀ ਹੈ ਕਿ:

  • ਇਸ ਪੂਰੇ ਕੰਮ ਦੀ ਇੱਕ ਸੁਤੰਤਰ ਜਾਂਚ ਕਰਵਾਈ ਜਾਵੇ
  • ਜਿੰਮੇਵਾਰ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ
  • ਭਵਿੱਖ ਲਈ ਇੱਕ ਸਖ਼ਤ ਅਤੇ ਸਪਸ਼ਟ ਜਾਂਚ ਪ੍ਰਣਾਲੀ ਤਿਆਰ ਕੀਤੀ ਜਾਵੇ

ਇਸ ਦੇ ਨਾਲ-ਨਾਲ ਇੱਕ ਹੋਰ ਗੰਭੀਰ ਮਸਲੇ ‘ਤੇ ਵੀ ਧਿਆਨ ਦੇਣ ਦੀ ਲੋੜ ਹੈ:

  • ਸ਼੍ਰੋਮਣੀ ਕਮੇਟੀ ਆਪਣੇ ਸਾਰੇ ਤਖ਼ਤ ਸਾਹਿਬਾਨ ਅਤੇ ਅਧੀਨ ਗੁਰਦੁਆਰਾ ਸਾਹਿਬਾਨ ਵਿੱਚ ਕੇਵਲ ਲੜੀਵਾਰ ਸਰੂਪਾਂ ਦੇ ਪ੍ਰਕਾਸ਼ ਦਾ ਆਦੇਸ਼ ਕਰਦੀ ਹੈ, ਜੋ ਇਸ ਗੱਲ ਦੀ ਸਪਸ਼ਟ ਪ੍ਰਤੀਕਿਰਿਆ ਹੈ ਕਿ ਲੜੀਵਾਰ ਹੱਥ-ਲਿਖਤ ਗੁਰਬਾਣੀ ਨੂੰ ਮਰਯਾਦਾ ਅਨੁਸਾਰ ਉੱਚ ਸਥਾਨ ਪ੍ਰਾਪਤ ਹੈ
  • ਜੇ ਇਹ ਮਰਯਾਦਾ ਅੰਦਰੂਨੀ ਤੌਰ ‘ਤੇ ਮੰਨੀ ਜਾਂਦੀ ਹੈ, ਤਾਂ ਫਿਰ ਇਮਾਰਤੀ ਕੰਮਾਂ, ਮੀਨਾਕਾਰੀ ਜਾਂ ਚੰਦੋਆ ਸਾਹਿਬ ਦੀਆਂ ਲਿਖਤਾਂ ਵਿੱਚ ਇਸੇ ਮਿਆਰ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ?
  • ਹਰ ਥਾਂ ਲਿਖੀ ਗੁਰਬਾਣੀ—ਚਾਹੇ ਉਹ ਸਜਾਵਟੀ ਹੋਵੇ ਜਾਂ ਇਮਾਰਤੀ—ਲੜੀਵਾਰ ਰੂਪ ਵਿੱਚ ਹੀ ਹੋਣੀ ਚਾਹੀਦੀ ਹੈ, ਤਾਂ ਜੋ ਇਤਿਹਾਸਕ ਅਤੇ ਪਵਿੱਤਰ ਪਰੰਪਰਾਵਾਂ ਦੀ ਰੱਖਿਆ ਹੋ ਸਕੇ
  • ਮਰਯਾਦਾ ਵਿੱਚ ਦੋਹਰਾਪਣ (double standards) ਸਿੱਖੀ ਦੇ ਮੂਲ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ

ਅੰਤਿਮ ਸ਼ਬਦ

ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਡੀ ਸਾਂਝੀ ਆਸਥਾ ਦਾ ਕੇਂਦਰ ਹੈ। ਇਸ ਦੀ ਸੰਭਾਲ ਸਿਰਫ਼ ਸੇਵਾ ਨਹੀਂ, ਸਗੋਂ ਪੰਥਕ ਜ਼ਿੰਮੇਵਾਰੀ ਹੈ।

ਜੇ ਅਸੀਂ ਹੁਣ ਵੀ ਨਹੀਂ ਜਾਗੇ, ਤਾਂ ਅੱਜ ਦੀਆਂ ਇਹ ਲਾਪਰਵਾਹੀਆਂ ਕੱਲ੍ਹ ਦੀਆਂ “ਪਰੰਪਰਾਵਾਂ” ਬਣ ਜਾਣਗੀਆਂ।

ਹੁਣ ਸਮਾਂ ਹੈ ਸਵਾਲ ਪੁੱਛਣ ਦਾ, ਜਵਾਬ ਮੰਗਣ ਦਾ ਅਤੇ ਸਭ ਤੋਂ ਵੱਧ, ਸੱਚ ਅਤੇ ਮਰਯਾਦਾ ਨੂੰ ਬਚਾਉਣ ਦਾ।