| ਗੁਰਬਾਣੀ ਪਾਠ | ਉਚਾਰਨ ਸੇਧ |
|---|---|
| ੴ ਸਤਿ ਗੁਰਪ੍ਰਸਾਦਿ ॥ | ਇਕ ਓਅੰਕਾਰ |
| ਜਾਪੁ ॥ | |
| ਸ੍ਰੀ ਮੁਖਵਾਕ ਪਾਤਿਸਾਹੀ ੧੦ ॥ | ਪਾਤਸ਼ਾਹੀ ਦਸਵੀਂ |
| ਛਪੈ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਚੱਕ੍ਰ ਚਿਹਨ ਅਰੁ ਬਰਨ, ਜਾਤਿ ਅਰੁ ਪਾਤਿ ਨਹਿਨ ਜਿਹ ॥ | |
| ਰੂਪ ਰੰਗ ਅਰੁ ਰੇਖ ਭੇਖ, ਕੋਊ ਕਹਿ ਨ ਸਕਤਿ ਕਿਹ ॥ | |
| ਅਚਲ ਮੂਰਤਿ, ਅਨਭਉ ਪ੍ਰਕਾਸ, ਅਮਿਤੋਜਿ ਕਹਿੱਜੈ ॥ | ਅੱਚਲ, ਪ੍ਰਕਾਸ਼ |
| ਕੋਟਿ ਇੰਦ੍ਰ ਇੰਦ੍ਰਾਣ, ਸਾਹੁ ਸਾਹਾਣਿ ਗਣਿਜੈ ॥ | ਸ਼ਾਹ, ਸ਼ਾਹਾਣਿ |
| ਤ੍ਰਿਭਵਣ ਮਹੀਪ, ਸੁਰ, ਨਰ, ਅਸੁਰ, ਨੇਤ ਨੇਤ, ਬਨ ਤ੍ਰਿਣ ਕਹਤ ॥ | |
| ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤਿ ॥੧॥ | |
| ਭੁਜੰਗ ਪ੍ਰਯਾਤ ਛੰਦ ॥ | ਪ੍ਰਿਆਤ |
| ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ | ਨਮਸਤੁਅੰ |
| ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥ | |
| ਨਮਸਤੰ ਅਭੇਖੇ ॥ ਨਮਸਤੰ ਅਲੇਖੇ ॥ | |
| ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥ | |
| ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ | |
| ਨਮਸਤੰ ਅਨਾਮੇ ॥ ਨਮਸਤੰ ਅਠਾਮੇ ॥੪॥ | |
| ਨਮਸਤੰ ਅਕਰਮੰ ॥ ਨਮਸਤੰ ਅਧਰਮੰ ॥ | |
| ਨਮਸਤੰ ਅਨਾਮੰ ॥ ਨਮਸਤੰ ਅਧਾਮੰ ॥੫॥ | |
| ਨਮਸਤੰ ਅਜੀਤੇ ॥ ਨਮਸਤੰ ਅਭੀਤੇ ॥ | |
| ਨਮਸਤੰ ਅਬਾਹੇ ॥ ਨਮਸਤੰ ਅਢਾਹੇ ॥੬॥ | |
| ਨਮਸਤੰ ਅਨੀਲੇ ॥ ਨਮਸਤੰ ਅਨਾਦੇ ॥ | |
| ਨਮਸਤੰ ਅਛੇਦੇ ॥ ਨਮਸਤੰ ਅਗਾਧੇ ॥੭॥ | |
| ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ | |
| ਨਮਸਤੰ ਉਦਾਰੇ ॥ ਨਮਸਤੰ ਅਪਾਰੇ ॥੮॥ | |
| ਨਮਸਤੰ ਸੁ ਏਕੈ ॥ ਨਮਸਤੰ ਅਨੇਕੈ ॥ | |
| ਨਮਸਤੰ ਅਭੂਤੇ ॥ ਨਮਸਤੰ ਅਜੂਪੇ ॥੯॥ | |
| ਨਮਸਤੰ ਨ੍ਰਿਕਰਮੇ ॥ ਨਮਸਤੰ ਨ੍ਰਿਭਰਮੇ ॥ | |
| ਨਮਸਤੰ ਨ੍ਰਿਦੇਸੇ ॥ ਨਮਸਤੰ ਨ੍ਰਿਭੇਸੇ ॥੧੦॥ | |
| ਨਮਸਤੰ ਨ੍ਰਿਨਾਮੇ ॥ ਨਮਸਤੰ ਨ੍ਰਿਕਾਮੇ ॥ | |
| ਨਮਸਤੰ ਨ੍ਰਿਧਾਤੇ ॥ ਨਮਸਤੰ ਨ੍ਰਿਘਾਤੇ ॥੧੧॥ | |
| ਨਮਸਤੰ ਨ੍ਰਿਧੂਤੇ ॥ ਨਮਸਤੰ ਅਭੂਤੇ ॥ | |
| ਨਮਸਤੰ ਅਲੋਕੇ ॥ ਨਮਸਤੰ ਅਸੋਕੇ ॥੧੨॥ | ਅਸ਼ੋਕੇ |
| ਨਮਸਤੰ ਨ੍ਰਿਤਾਪੇ ॥ ਨਮਸਤੰ ਅਥਾਪੇ ॥ | |
| ਨਮਸਤੰ ਤ੍ਰਿਮਾਨੇ ॥ ਨਮਸਤੰ ਨਿਧਾਨੇ ॥੧੩॥ | |
| ਨਮਸਤੰ ਅਗਾਹੇ ॥ ਨਮਸਤੰ ਅਬਾਹੇ ॥ | |
| ਨਮਸਤੰ ਤ੍ਰਿਬਰਗੇ ॥ ਨਮਸਤੰ ਅਸਰਗੇ ॥੧੪॥ | |
| ਨਮਸਤੰ ਪ੍ਰਭੋਗੇ ॥ ਨਮਸਤੰ ਸੁਜੋਗੇ ॥ | |
| ਨਮਸਤੰ ਅਰੰਗੇ ॥ ਨਮਸਤੰ ਅਭੰਗੇ ॥੧੫॥ | |
| ਨਮਸਤੰ ਅਗੰਮੇ ॥ ਨਮਸਤਸਤੁ ਰੰਮੇ ॥ | ਨਮਸ-ਤਸਤੁ |
| ਨਮਸਤੰ ਜਲਾਸਰੇ ॥ ਨਮਸਤੰ ਨਿਰਾਸਰੇ ॥੧੬॥ | |
| ਨਮਸਤੰ ਅਜਾਤੇ ॥ ਨਮਸਤੰ ਅਪਾਤੇ ॥ | |
| ਨਮਸਤੰ ਅਮਜਬੇ ॥ ਨਮਸਤਸਤੁ ਅਜਬੇ ॥੧੭॥ | ਅਮਜ਼ਬੇ, ਨਮਸ-ਤਸਤੁ |
| ਅਦੇਸੰ ਅਦੇਸੇ ॥ ਨਮਸਤੰ ਅਭੇਸੇ ॥ | |
| ਨਮਸਤੰ ਨ੍ਰਿਧਾਮੇ ॥ ਨਮਸਤੰ ਨ੍ਰਿਬਾਮੇ ॥੧੮॥ | |
| ਨਮੋ ਸਰਬ ਕਾਲੇ ॥ ਨਮੋ ਸਰਬ ਦਿਆਲੇ ॥ | |
| ਨਮੋ ਸਰਬ ਰੂਪੇ ॥ ਨਮੋ ਸਰਬ ਭੂਪੇ ॥੧੯॥ | |
| ਨਮੋ ਸਰਬ ਖਾਪੇ ॥ ਨਮੋ ਸਰਬ ਥਾਪੇ ॥ | |
| ਨਮੋ ਸਰਬ ਕਾਲੇ ॥ ਨਮੋ ਸਰਬ ਪਾਲੇ ॥੨੦॥ | |
| ਨਮਸਤਸਤੁ ਦੇਵੈ ॥ ਨਮਸਤੰ ਅਭੇਵੈ ॥ | ਨਮਸ-ਤਸਤੁ |
| ਨਮਸਤੰ ਅਜਨਮੇ ॥ ਨਮਸਤੰ ਸੁਬਨਮੇ ॥੨੧॥ | |
| ਨਮੋ ਸਰਬ ਗਉਨੇ ॥ ਨਮੋ ਸਰਬ ਭਉਨੇ ॥ | |
| ਨਮੋ ਸਰਬ ਰੰਗੇ ॥ ਨਮੋ ਸਰਬ ਭੰਗੇ ॥੨੨॥ | |
| ਨਮੋ ਕਾਲ ਕਾਲੇ ॥ ਨਮਸਤਸਤੁ ਦਿਆਲੇ ॥ | ਨਮਸ-ਤਸਤੁ |
| ਨਮਸਤੰ ਅਬਰਨੇ ॥ ਨਮਸਤੰ ਅਮਰਨੇ ॥੨੩॥ | |
| ਨਮਸਤੰ ਜਰਾਰੰ ॥ ਨਮਸਤੰ ਕ੍ਰਿਤਾਰੰ ॥ | |
| ਨਮੋ ਸਰਬ ਧੰਧੇ ॥ ਨਮੋਸਤ ਅਬੰਧੇ ॥੨੪॥ | |
| ਨਮਸਤੰ ਨ੍ਰਿਸਾਕੇ ॥ ਨਮਸਤੰ ਨ੍ਰਿਬਾਕੇ ॥ | |
| ਨਮਸਤੰ ਰਹੀਮੇ ॥ ਨਮਸਤੰ ਕਰੀਮੇ ॥੨੫॥ | |
| ਨਮਸਤੰ ਅਨੰਤੇ ॥ ਨਮਸਤੰ ਮਹੰਤੇ ॥ | |
| ਨਮਸਤਸਤੁ ਰਾਗੇ ॥ ਨਮਸਤੰ ਸੁਹਾਗੇ ॥੨੬॥ | ਨਮਸ-ਤਸਤੁ |
| ਨਮੋ ਸਰਬ ਸੋਖੰ ॥ ਨਮੋ ਸਰਬ ਪੋਖੰ ॥ | |
| ਨਮੋ ਸਰਬ ਕਰਤਾ ॥ ਨਮੋ ਸਰਬ ਹਰਤਾ ॥੨੭॥ | |
| ਨਮੋ ਜੋਗ ਜੋਗੇ ॥ ਨਮੋ ਭੋਗ ਭੋਗੇ ॥ | |
| ਨਮੋ ਸਰਬ ਦਿਆਲੇ ॥ ਨਮੋ ਸਰਬ ਪਾਲੇ ॥੨੮॥ | |
| ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਅਰੂਪ ਹੈਂ ॥ ਅਨੂਪ ਹੈਂ ॥ ਅਜੂ ਹੈਂ ॥ ਅਭੂ ਹੈਂ ॥੨੯॥ | |
| ਅਲੇਖ ਹੈਂ ॥ ਅਭੇਖ ਹੈਂ ॥ ਅਨਾਮ ਹੈਂ ॥ ਅਕਾਮ ਹੈਂ ॥੩੦॥ | |
| ਅਧੇ ਹੈਂ ॥ ਅਭੇ ਹੈਂ ॥ ਅਜੀਤ ਹੈਂ ॥ ਅਭੀਤ ਹੈਂ ॥੩੧॥ | |
| ਤ੍ਰਿਮਾਨ ਹੈਂ ॥ ਨਿਧਾਨ ਹੈਂ ॥ ਤ੍ਰਿਬਰਗ ਹੈਂ ॥ ਅਸਰਗ ਹੈਂ ॥੩੨॥ | |
| ਅਨੀਲ ਹੈਂ ॥ ਅਨਾਦਿ ਹੈਂ ॥ ਅਜੇ ਹੈਂ ॥ ਅਜਾਦਿ ਹੈਂ ॥੩੩॥ | |
| ਅਜਨਮ ਹੈਂ ॥ ਅਬਰਨ ਹੈਂ ॥ ਅਭੂਤ ਹੈਂ ॥ ਅਭਰਨ ਹੈਂ ॥੩੪॥ | |
| ਅਗੰਜ ਹੈਂ ॥ ਅਭੰਜ ਹੈਂ ॥ ਅਝੂਝ ਹੈਂ ॥ ਅਝੰਝ ਹੈਂ ॥੩੫॥ | |
| ਅਮੀਕ ਹੈਂ ॥ ਰਫ਼ੀਕ ਹੈਂ ॥ ਅਧੰਧ ਹੈਂ ॥ ਅਬੰਧ ਹੈਂ ॥੩੬॥ | |
| ਨ੍ਰਿਬੂਝ ਹੈਂ ॥ ਅਸੂਝ ਹੈਂ ॥ ਅਕਾਲ ਹੈਂ ॥ ਅਜਾਲ ਹੈਂ ॥੩੭॥ | |
| ਅਲਾਹ ਹੈਂ ॥ ਅਜਾਹ ਹੈਂ ॥ ਅਨੰਤ ਹੈਂ ॥ ਮਹੰਤ ਹੈਂ ॥੩੮॥ | |
| ਅਲੀਕ ਹੈਂ ॥ ਨ੍ਰਿਸ੍ਰੀਕ ਹੈਂ ॥ ਨ੍ਰਿਲੰਭ ਹੈਂ ॥ ਅਸੰਭ ਹੈਂ ॥੩੯॥ | ਨ੍ਰਿਸ਼੍ਰੀਕ |
| ਅਗੰਮ ਹੈਂ ॥ ਅਜੰਮ ਹੈਂ ॥ ਅਭੂਤ ਹੈਂ ॥ ਅਛੂਤ ਹੈਂ ॥੪੦॥ | |
| ਅਲੋਕ ਹੈਂ ॥ ਅਸੋਕ ਹੈਂ ॥ ਅਕਰਮ ਹੈਂ ॥ ਅਭਰਮ ਹੈਂ ॥੪੧॥ | ਅਸ਼ੋਕ |
| ਅਜੀਤ ਹੈਂ ॥ ਅਭੀਤ ਹੈਂ ॥ ਅਬਾਹ ਹੈਂ ॥ ਅਗਾਹ ਹੈਂ ॥੪੨॥ | |
| ਅਮਾਨ ਹੈਂ ॥ ਨਿਧਾਨ ਹੈਂ ॥ ਅਨੇਕ ਹੈਂ ॥ ਫਿਰਿ ਏਕ ਹੈਂ ॥੪੩॥ | |
| ਭੁਜੰਗ ਪ੍ਰਯਾਤ ਛੰਦ ॥ | ਪ੍ਰਿਆਤ |
| ਨਮੋ ਸਰਬ ਮਾਨੇ ॥ ਸਮਸਤੀ ਨਿਧਾਨੇ ॥ | |
| ਨਮੋ ਦੇਵ ਦੇਵੇ ॥ ਅਭੇਖੀ ਅਭੇਵੇ ॥੪੪॥ | |
| ਨਮੋ ਕਾਲ ਕਾਲੇ ॥ ਨਮੋ ਸਰਬ ਪਾਲੇ ॥ | |
| ਨਮੋ ਸਰਬ ਗਉਣੇ ॥ ਨਮੋ ਸਰਬ ਭਉਣੇ ॥੪੫॥ | |
| ਅਨੰਗੀ ਅਨਾਥੇ ॥ ਨ੍ਰਿਸੰਗੀ ਪ੍ਰਮਾਥੇ ॥ | |
| ਨਮੋ ਭਾਨ ਭਾਨੇ ॥ ਨਮੋ ਮਾਨ ਮਾਨੇ ॥੪੬॥ | |
| ਨਮੋ ਚੰਦ੍ਰ ਚੰਦ੍ਰੇ ॥ ਨਮੋ ਭਾਨ ਭਾਨੇ ॥ | |
| ਨਮੋ ਗੀਤ ਗੀਤੇ ॥ ਨਮੋ ਤਾਨ ਤਾਨੇ ॥੪੭॥ | |
| ਨਮੋ ਨ੍ਰਿੱਤ ਨ੍ਰਿੱਤੇ ॥ ਨਮੋ ਨਾਦ ਨਾਦੇ ॥ | |
| ਨਮੋ ਪਾਨ ਪਾਨੇ ॥ ਨਮੋ ਬਾਦ ਬਾਦੇ ॥੪੮॥ | |
| ਅਨੰਗੀ ਅਨਾਮੇ ॥ ਸਮਸਤੀ ਸਰੂਪੇ ॥ | |
| ਪ੍ਰਭੰਗੀ ਪ੍ਰਮਾਥੇ ॥ ਸਮਸਤੀ ਬਿਭੂਤੇ ॥੪੯॥ | |
| ਕਲੰਕੰ ਬਿਨਾ, ਨੇਕਲੰਕੀ ਸਰੂਪੇ ॥ | |
| ਨਮੋ ਰਾਜ ਰਾਜੇਸ੍ਵਰੰ, ਪਰਮ ਰੂਪੇ ॥੫੦॥ | ਰਾਜੇਸ਼੍ਵਰੰ |
| ਨਮੋ ਜੋਗ ਜੋਗੇਸ੍ਵਰੰ, ਪਰਮ ਸਿੱਧੇ ॥ | ਜੋਗੇਸ਼੍ਵਰੰ |
| ਨਮੋ ਰਾਜ ਰਾਜੇਸ੍ਵਰੰ, ਪਰਮ ਬ੍ਰਿਧੇ ॥੫੧॥ | ਰਾਜੇਸ਼੍ਵਰੰ |
| ਨਮੋ ਸਸਤ੍ਰ ਪਾਣੇ ॥ ਨਮੋ ਅਸਤ੍ਰ ਮਾਣੇ ॥ | ਸ਼ਸਤ੍ਰ |
| ਨਮੋ ਪਰਮ ਗਿਆਤਾ ॥ ਨਮੋ ਲੋਕ ਮਾਤਾ ॥੫੨॥ | |
| ਅਭੇਖੀ, ਅਭਰਮੀ, ਅਭੋਗੀ, ਅਭੁਗਤੇ ॥ | |
| ਨਮੋ ਜੋਗ ਜੋਗੇਸ੍ਵਰੰ, ਪਰਮ ਜੁਗਤੇ ॥੫੩॥ | ਜੋਗੇਸ਼੍ਵਰੰ |
| ਨਮੋ ਨਿੱਤ ਨਾਰਾਇਣੇ, ਕ੍ਰੂਰ ਕਰਮੇ ॥ | |
| ਨਮੋ ਪ੍ਰੇਤ ਅਪ੍ਰੇਤ, ਦੇਵੇ ਸੁਧਰਮੇ ॥੫੪॥ | |
| ਨਮੋ ਰੋਗ ਹਰਤਾ ॥ ਨਮੋ ਰਾਗ ਰੂਪੇ ॥ | |
| ਨਮੋ ਸਾਹ ਸਾਹੰ ॥ ਨਮੋ ਭੂਪ ਭੂਪੇ ॥੫੫॥ | ਸ਼ਾਹ, ਸ਼ਾਹੰ |
| ਨਮੋ ਦਾਨ ਦਾਨੇ ॥ ਨਮੋ ਮਾਨ ਮਾਨੰ ॥ | |
| ਨਮੋ ਰੋਗ ਰੋਗੇ ॥ ਨਮਸਤੰ ਇਸਨਾਨੰ ॥੫੬॥ | ਇਸ਼ਨਾਨੰ |
| ਨਮੋ ਮੰਤ੍ਰ ਮੰਤ੍ਰੰ ॥ ਨਮੋ ਜੰਤ੍ਰ ਜੰਤ੍ਰੰ ॥ | |
| ਨਮੋ ਇਸਟ ਇਸਟੇ ॥ ਨਮੋ ਤੰਤ੍ਰ ਤੰਤ੍ਰੰ ॥੫੭॥ | ਇਸ਼ਟ, ਇਸ਼ਟੇ |
| ਸਦਾ ਸੱਚਦਾਨੰਦ, ਸਰਬੰ ਪ੍ਰਣਾਸੀ ॥ | ਪ੍ਰਣਾਸ਼ੀ |
| ਅਨੂਪੇ ਅਰੂਪੇ, ਸਮਸਤੁਲ ਨਿਵਾਸੀ ॥੫੮॥ | |
| ਸਦਾ ਸਿਧਦਾ, ਬੁਧਦਾ, ਬ੍ਰਿਧ ਕਰਤਾ ॥ | |
| ਅਧੋ ਉਰਧ ਅਰਧੰ, ਅਘੰ ਓਘ ਹਰਤਾ ॥੫੯॥ | |
| ਪਰੰ ਪਰਮ ਪਰਮੇਸ੍ਵਰੰ, ਪ੍ਰੋਛ ਪਾਲੰ ॥ | ਪਰਮੇਸ਼੍ਵਰੰ |
| ਸਦਾ ਸਰਬਦਾ, ਸਿੱਧ ਦਾਤਾ ਦਿਆਲੰ ॥੬੦॥ | |
| ਅਛੇਦੀ, ਅਭੇਦੀ, ਅਨਾਮੰ, ਅਕਾਮੰ ॥ | |
| ਸਮਸਤੋ ਪਰਾਜੀ, ਸਮਸਤਸਤੁ ਧਾਮੰ ॥੬੧॥ | ਸਮਸ-ਤਸਤੁ |
| ਤੇਰਾ ਜੋਰੁ ॥ | |
| ਚਾਚਰੀ ਛੰਦ ॥ | |
| ਜਲੇ ਹੈਂ ॥ ਥਲੇ ਹੈਂ ॥ ਅਭੀਤ ਹੈਂ ॥ ਅਭੇ ਹੈਂ ॥੬੨॥ | |
| ਪ੍ਰਭੂ ਹੈਂ ॥ ਅਜੂ ਹੈਂ ॥ ਅਦੇਸ ਹੈਂ ॥ ਅਭੇਸ ਹੈਂ ॥੬੩॥ | |
| ਭੁਜੰਗ ਪ੍ਰਯਾਤ ਛੰਦ ॥ | ਪ੍ਰਿਆਤ |
| ਅਗਾਧੇ ਅਬਾਧੇ ॥ ਅਨੰਦੀ ਸਰੂਪੇ ॥ | |
| ਨਮੋ ਸਰਬ ਮਾਨੇ ॥ ਸਮਸਤੀ ਨਿਧਾਨੇ ॥੬੪॥ | |
| ਨਮਸਤ੍ਵੰ ਨ੍ਰਿਨਾਥੇ ॥ ਨਮਸਤ੍ਵੰ ਪ੍ਰਮਾਥੇ ॥ | ਨਮਸਤੁਅੰ |
| ਨਮਸਤ੍ਵੰ ਅਗੰਜੇ ॥ ਨਮਸਤ੍ਵੰ ਅਭੰਜੇ ॥੬੫॥ | ਨਮਸਤੁਅੰ |
| ਨਮਸਤ੍ਵੰ ਅਕਾਲੇ ॥ ਨਮਸਤ੍ਵੰ ਅਪਾਲੇ ॥ | ਨਮਸਤੁਅੰ |
| ਨਮੋ ਸਰਬ ਦੇਸੇ ॥ ਨਮੋ ਸਰਬ ਭੇਸੇ ॥੬੬॥ | |
| ਨਮੋ ਰਾਜ ਰਾਜੇ ॥ ਨਮੋ ਸਾਜ ਸਾਜੇ ॥ | |
| ਨਮੋ ਸ਼ਾਹ ਸ਼ਾਹੇ ॥ ਨਮੋ ਮਾਹ ਮਾਹੇ ॥੬੭॥ | |
| ਨਮੋ ਗੀਤ ਗੀਤੇ ॥ ਨਮੋ ਪ੍ਰੀਤ ਪ੍ਰੀਤੇ ॥ | |
| ਨਮੋ ਰੋਖ ਰੋਖੇ ॥ ਨਮੋ ਸੋਖ ਸੋਖੇ ॥੬੮॥ | |
| ਨਮੋ ਸਰਬ ਰੋਗੇ ॥ ਨਮੋ ਸਰਬ ਭੋਗੇ ॥ | |
| ਨਮੋ ਸਰਬ ਜੀਤੰ ॥ ਨਮੋ ਸਰਬ ਭੀਤੰ ॥੬੯॥ | |
| ਨਮੋ ਸਰਬ ਗਿਆਨੰ ॥ ਨਮੋ ਪਰਮ ਤਾਨੰ ॥ | |
| ਨਮੋ ਸਰਬ ਮੰਤ੍ਰੰ ॥ ਨਮੋ ਸਰਬ ਜੰਤ੍ਰੰ ॥੭੦॥ | |
| ਨਮੋ ਸਰਬ ਦ੍ਰਿੱਸੰ ॥ ਨਮੋ ਸਰਬ ਕ੍ਰਿੱਸੰ ॥ | ਦ੍ਰਿੱਸ਼ੰ, ਕ੍ਰਿੱਸ਼ੰ |
| ਨਮੋ ਸਰਬ ਰੰਗੇ ॥ ਤ੍ਰਿਭੰਗੀ ਅਨੰਗੇ ॥੭੧॥ | |
| ਨਮੋ ਜੀਵ ਜੀਵੰ ॥ ਨਮੋ ਬੀਜ ਬੀਜੇ ॥ | |
| ਅਖਿੱਜੇ ਅਭਿੱਜੇ ॥ ਸਮਸਤੰ ਪ੍ਰਸਿੱਜੇ ॥੭੨॥ | |
| ਕ੍ਰਿਪਾਲੰ ਸਰੂਪੇ ॥ ਕੁਕਰਮੰ ਪ੍ਰਣਾਸੀ ॥ | ਪ੍ਰਣਾਸ਼ੀ |
| ਸਦਾ ਸਰਬਦਾ, ਰਿਧਿ ਸਿਧੰ ਨਿਵਾਸੀ ॥੭੩॥ | |
| ਚਰਪਟ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਅੰਮ੍ਰਿੱਤ ਕਰਮੇ ॥ ਅੰਬ੍ਰਿਤ ਧਰਮੇ ॥ | |
| ਅਖੱਲ ਜੋਗੇ ॥ ਅਚੱਲ ਭੋਗੇ ॥੭੪॥ | |
| ਅਚੱਲ ਰਾਜੇ ॥ ਅਟੱਲ ਸਾਜੇ ॥ | |
| ਅਖੱਲ ਧਰਮੰ ॥ ਅਲੱਖ ਕਰਮੰ ॥੭੫॥ | |
| ਸਰਬੰ ਦਾਤਾ ॥ ਸਰਬੰ ਗਿਆਤਾ ॥ | |
| ਸਰਬੰ ਭਾਨੇ ॥ ਸਰਬੰ ਮਾਨੇ ॥੭੬॥ | |
| ਸਰਬੰ ਪ੍ਰਾਣੰ ॥ ਸਰਬੰ ਤ੍ਰਾਣੰ ॥ | |
| ਸਰਬੰ ਭੁਗਤਾ ॥ ਸਰਬੰ ਜੁਗਤਾ ॥੭੭॥ | |
| ਸਰਬੰ ਦੇਵੰ ॥ ਸਰਬੰ ਭੇਵੰ ॥ | |
| ਸਰਬੰ ਕਾਲੇ ॥ ਸਰਬੰ ਪਾਲੇ ॥੭੮॥ | |
| ਰੂਆਲ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਆਦਿ ਰੂਪ, ਅਨਾਦਿ ਮੂਰਤਿ, ਅਜੋਨਿ ਪੁਰਖ ਅਪਾਰ ॥ | |
| ਸਰਬ ਮਾਨ, ਤ੍ਰਿਮਾਨ ਦੇਵ, ਅਭੇਵ ਆਦਿ ਉਦਾਰ ॥ | |
| ਸਰਬ ਪਾਲਕ, ਸਰਬ ਘਾਲਕ, ਸਰਬ ਕੋ ਪੁਨਿ ਕਾਲ ॥ | |
| ਜੱਤ੍ਰ ਤੱਤ੍ਰ ਬਿਰਾਜਹੀ, ਅਵਧੂਤ ਰੂਪ ਰਸਾਲ ॥੭੯॥ | |
| ਨਾਮ ਠਾਮ ਨ ਜਾਤਿ ਜਾਕਰ, ਰੂਪ ਰੰਗ ਨ ਰੇਖ ॥ | |
| ਆਦਿ ਪੁਰਖ, ਉਦਾਰ ਮੂਰਤਿ, ਅਜੋਨਿ, ਆਦਿ ਅਸੇਖ ॥ | |
| ਦੇਸ ਔਰ ਨ ਭੇਸ ਜਾਕਰ, ਰੂਪ ਰੇਖ ਨ ਰਾਗ ॥ | ਦੇਸ਼ |
| ਜੱਤ੍ਰ ਤੱਤ੍ਰ ਦਿਸਾ ਵਿਸਾ, ਹੁਇ ਫੈਲਿਓ ਅਨੁਰਾਗ ॥੮੦॥ | ਦਿਸ਼ਾ, ਵਿਸ਼ਾ |
| ਨਾਮ ਕਾਮ ਬਿਹੀਨ ਪੇਖਤ, ਧਾਮ ਹੂੰ ਨਹਿ ਜਾਹਿ ॥ | |
| ਸਰਬ ਮਾਨ, ਸਰਬੱਤ੍ਰ ਮਾਨ, ਸਦੈਵ ਮਾਨਤ ਤਾਹਿ ॥ | |
| ਏਕ ਮੂਰਤਿ, ਅਨੇਕ ਦਰਸਨ, ਕੀਨ ਰੂਪ ਅਨੇਕ ॥ | ਦਰਸ਼ਨ |
| ਖੇਲ ਖੇਲਿ ਅਖੇਲ ਖੇਲਨ, ਅੰਤ ਕੋ ਫਿਰਿ ਏਕ ॥੮੧॥ | |
| ਦੇਵ ਭੇਵ ਨ ਜਾਨਹੀ, ਜਿਹ ਬੇਦ ਅਉਰ ਕਤੇਬ ॥ | ਜਾਨਹੀਂ |
| ਰੂਪ ਰੰਗ ਨ ਜਾਤਿ ਪਾਤਿ, ਸੁ ਜਾਨਈ ਕਿਂਹ ਜੇਬ ॥ | |
| ਤਾਤ ਮਾਤ ਨ ਜਾਤ ਜਾਕਰ, ਜਨਮ ਮਰਨ ਬਿਹੀਨ ॥ | |
| ਚੱਕ੍ਰ ਬੱਕ੍ਰ ਫਿਰੈ ਚਤੁਰ ਚੱਕ, ਮਾਨਹੀ ਪੁਰ ਤੀਨ ॥੮੨॥ | ਮਾਨਹੀਂ |
| ਲੋਕ ਚਉਦਹ ਕੇ ਬਿਖੈ, ਜਗ ਜਾਪਹੀ ਜਿਂਹ ਜਾਪ ॥ | ਚਉਦਹਂ, ਜਾਪਹੀਂ |
| ਆਦਿ ਦੇਵ, ਅਨਾਦਿ ਮੂਰਤਿ, ਥਾਪਿਓ ਸਬੈ ਜਿਂਹ ਥਾਪਿ ॥ | |
| ਪਰਮ ਰੂਪ, ਪੁਨੀਤ ਮੂਰਤਿ, ਪੂਰਨ ਪੁਰਖ ਅਪਾਰ ॥ | |
| ਸਰਬ ਬਿਸ੍ਵ ਰਚਿਓ, ਸੁਯੰਭਵ, ਗੜਨ ਭੰਜਨਹਾਰ ॥੮੩॥ | ਬਿਸ਼੍ਵ |
| ਕਾਲ ਹੀਨ, ਕਲਾ ਸੰਜੁਗਤਿ, ਅਕਾਲ ਪੁਰਖ ਅਦੇਸ ॥ | |
| ਧਰਮ ਧਾਮ, ਸੁ ਭਰਮ ਰਹਿਤ, ਅਭੂਤ ਅਲਖ ਅਭੇਸ ॥ | |
| ਅੰਗ ਰਾਗ ਨ ਰੰਗ ਜਾਕਹਿ, ਜਾਤਿ ਪਾਤਿ ਨ ਨਾਮ ॥ | |
| ਗਰਬ ਗੰਜਨ, ਦੁਸਟ ਭੰਜਨ, ਮੁਕਤਿ ਦਾਇਕ ਕਾਮ ॥੮੪॥ | ਦੁਸ਼ਟ |
| ਆਪ ਰੂਪ, ਅਮੀਕ, ਅਨਉਸਤਤਿ, ਏਕ ਪੁਰਖ, ਅਵਧੂਤ ॥ | |
| ਗਰਬ ਗੰਜਨ, ਸਰਬ ਭੰਜਨ, ਆਦਿ ਰੂਪ, ਅਸੂਤ ॥ | |
| ਅੰਗ ਹੀਨ, ਅਭੰਗ, ਅਨਾਤਮ, ਏਕ ਪੁਰਖ, ਅਪਾਰ ॥ | |
| ਸਰਬ ਲਾਇਕ, ਸਰਬ ਘਾਇਕ, ਸਰਬ ਕੋ ਪ੍ਰਤਿਪਾਰ ॥੮੫॥ | |
| ਸਰਬ ਗੰਤਾ, ਸਰਬ ਹੰਤਾ, ਸਰਬ ਤੇ ਅਨਭੇਖ ॥ | |
| ਸਰਬ ਸਾਸਤ੍ਰ ਨ ਜਾਨਹੀ, ਜਿਂਹ ਰੂਪ ਰੰਗੁ ਅਰੁ ਰੇਖ ॥ | ਸ਼ਾਸਤ੍ਰ, ਜਾਨਹੀਂ |
| ਪਰਮ ਬੇਦ ਪੁਰਾਣ ਜਾਕਹਿ, ਨੇਤਿ ਭਾਖਤ ਨਿੱਤ ॥ | |
| ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ, ਨ ਆਵਈ ਵਹੁ ਚਿੱਤ ॥੮੬॥ | ਸ਼ਾਸਤ੍ਰ |
| ਮਧੁਭਾਰ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਗੁਨ ਗਨ ਉਦਾਰ ॥ ਮਹਿਮਾ ਅਪਾਰ ॥ | |
| ਆਸਨ ਅਭੰਗ ॥ ਉਪਮਾ ਅਨੰਗ ॥੮੭॥ | |
| ਅਨਭਉ ਪ੍ਰਕਾਸ ॥ ਨਿਸ ਦਿਨ ਅਨਾਸ ॥ | ਪ੍ਰਕਾਸ਼, ਅਨਾਸ਼ |
| ਆਜਾਨ ਬਾਹੁ ॥ ਸਾਹਾਨ ਸਾਹੁ ॥੮੮॥ | ਬਾਹ, ਸ਼ਾਹਾਨ, ਸ਼ਾਹ |
| ਰਾਜਾਨ ਰਾਜ ॥ ਭਾਨਾਨ ਭਾਨ ॥ | |
| ਦੇਵਾਨ ਦੇਵ ॥ ਉਪਮਾ ਮਹਾਨ ॥੮੯॥ | |
| ਇੰਦ੍ਰਾਨ ਇੰਦ੍ਰ ॥ ਬਾਲਾਨ ਬਾਲ ॥ | |
| ਰੰਕਾਨ ਰੰਕ ॥ ਕਾਲਾਨ ਕਾਲ ॥੯੦॥ | |
| ਅਨਭੂਤ ਅੰਗ ॥ ਆਭਾ ਅਭੰਗ ॥ | |
| ਗਤਿ ਮਿਤਿ ਅਪਾਰ ॥ ਗੁਨ ਗਨ ਉਦਾਰ ॥੯੧॥ | |
| ਮੁਨਿ ਗਨ ਪ੍ਰਨਾਮ ॥ ਨਿਰਭੈ ਨਿਕਾਮ ॥ | |
| ਅਤਿ ਦੁਤਿ ਪ੍ਰਚੰਡ ॥ ਮਿਤਿ ਗਤਿ ਅਖੰਡ ॥੯੨॥ | |
| ਆਲਿਸ੍ਯ ਕਰਮ ॥ ਆਦ੍ਰਿਸ੍ਯ ਧਰਮ ॥ | ਆਲਿਸਿਅ, ਆਦ੍ਰਿਸ਼ਿਅ |
| ਸਰਬਾ ਭਰਣਾਢ੍ਯ ॥ ਅਨਡੰਡ ਬਾਢ੍ਯ ॥੯੩॥ | ਭਰਣਾਢਿਅ, ਬਾਢਿਅ |
| ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਗੁਬਿੰਦੇ ॥ ਮੁਕੰਦੇ ॥ ਉਦਾਰੇ ॥ ਅਪਾਰੇ ॥੯੪॥ | |
| ਹਰੀਅੰ ॥ ਕਰੀਅੰ ॥ ਨ੍ਰਿਨਾਮੇ ॥ ਅਕਾਮੇ ॥੯੫॥ | |
| ਭੁਜੰਗ ਪ੍ਰਯਾਤ ਛੰਦ ॥ | ਪ੍ਰਿਆਤ |
| ਚੱਤ੍ਰ ਚੱਕ੍ਰ ਕਰਤਾ ॥ ਚੱਤ੍ਰ ਚੱਕ੍ਰ ਹਰਤਾ ॥ | |
| ਚੱਤ੍ਰ ਚੱਕ੍ਰ ਦਾਨੇ ॥ ਚੱਤ੍ਰ ਚੱਕ੍ਰ ਜਾਨੇ ॥੯੬॥ | |
| ਚੱਤ੍ਰ ਚੱਕ੍ਰ ਵਰਤੀ ॥ ਚੱਤ੍ਰ ਚੱਕ੍ਰ ਭਰਤੀ ॥ | |
| ਚੱਤ੍ਰ ਚੱਕ੍ਰ ਪਾਲੇ ॥ ਚੱਤ੍ਰ ਚੱਕ੍ਰ ਕਾਲੇ ॥੯੭॥ | |
| ਚੱਤ੍ਰ ਚੱਕ੍ਰ ਪਾਸੇ ॥ ਚੱਤ੍ਰ ਚੱਕ੍ਰ ਵਾਸੇ ॥ | |
| ਚੱਤ੍ਰ ਚੱਕ੍ਰ ਮਾਨਯੈ ॥ ਚੱਤ੍ਰ ਚੱਕ੍ਰ ਦਾਨਯੈ ॥੯੮॥ | ਮਾਨਿਐ, ਦਾਨਿਐ |
| ਚਾਚਰੀ ਛੰਦ ॥ | |
| ਨ ਸੱਤ੍ਰੈ ॥ ਨ ਮਿੱਤ੍ਰੈ ॥ ਨ ਭਰਮੰ ॥ ਨ ਭਿੱਤ੍ਰੈ ॥੯੯॥ | ਸ਼ੱਤ੍ਰੈ |
| ਨ ਕਰਮੰ ॥ ਨ ਕਾਏ ॥ ਅਜਨਮੰ ॥ ਅਜਾਏ ॥੧੦੦॥ | |
| ਨ ਚਿੱਤ੍ਰੈ ॥ ਨ ਮਿੱਤ੍ਰੈ ॥ ਪਰੇ ਹੈਂ ॥ ਪਵਿੱਤ੍ਰੈ ॥੧੦੧॥ | |
| ਪ੍ਰਿਥੀਸੈ ॥ ਅਦੀਸੈ ॥ ਅਦ੍ਰਿਸੈ ॥ ਅਕ੍ਰਿਸੈ ॥੧੦੨॥ | ਪ੍ਰਿਥੀਸ਼ੈ, ਅਦੀਸ਼ੈ, ਅਦ੍ਰਿਸ਼ੈ, ਅਕ੍ਰਿਸ਼ੈ |
| ਭਗਵਤੀ ਛੰਦ ॥ ਤ੍ਵ ਪ੍ਰਸਾਦਿ ਕਥਤੇ ॥ | ਤੁਅ |
| ਕਿ ਆਛਿੱਜ ਦੇਸੈ ॥ ਕਿ ਆਭਿੱਜ ਭੇਸੈ ॥ | |
| ਕਿ ਆਗੰਜ ਕਰਮੈ ॥ ਕਿ ਆਭੰਜ ਭਰਮੈ ॥੧੦੩॥ | |
| ਕਿ ਆਭਿਜ ਲੋਕੈ ॥ ਕਿ ਆਦਿਤ ਸੋਕੈ ॥ | |
| ਕਿ ਅਵਧੂਤ ਬਰਨੈ ॥ ਕਿ ਬਿਭੂਤ ਕਰਨੈ ॥੧੦੪॥ | |
| ਕਿ ਰਾਜੰ ਪ੍ਰਭਾ ਹੈਂ ॥ ਕਿ ਧਰਮੰ ਧੁਜਾ ਹੈਂ ॥ | |
| ਕਿ ਆਸੋਕ ਬਰਨੈ ॥ ਕਿ ਸਰਬਾ ਅਭਰਨੈ ॥੧੦੫॥ | ਆਸ਼ੋਕ |
| ਕਿ ਜਗਤੰ ਕ੍ਰਿਤੀ ਹੈਂ ॥ ਕਿ ਛਤ੍ਰੰ ਛਤ੍ਰੀ ਹੈਂ ॥ | |
| ਕਿ ਬ੍ਰਹਮੰ ਸਰੂਪੈ ॥ ਕਿ ਅਨਭਉ ਅਨੂਪੈ ॥੧੦੬॥ | |
| ਕਿ ਆਦਿ ਅਦੇਵ ਹੈਂ ॥ ਕਿ ਆਪਿ ਅਭੇਵ ਹੈਂ ॥ | |
| ਕਿ ਚਿੱਤ੍ਰੰ ਬਿਹੀਨੈ ॥ ਕਿ ਏਕੈ ਅਧੀਨੈ ॥੧੦੭॥ | |
| ਕਿ ਰੋਜ਼ੀ ਰਜ਼ਾਕੈ ॥ ਰਹੀਮੈ ਰਿਹਾਕੈ ॥ | |
| ਕਿ ਪਾਕ ਬਿਐਬ ਹੈਂ ॥ ਕਿ ਗੈਬੁਲ ਗ਼ੈਬ ਹੈਂ ॥੧੦੮॥ | |
| ਕਿ ਅਫਵੁਲ ਗੁਨਾਹ ਹੈਂ ॥ ਕਿ ਸ਼ਾਹਾਨ ਸ਼ਾਹ ਹੈਂ ॥ | |
| ਕਿ ਕਾਰਨ ਕੁਨਿੰਦ ਹੈਂ ॥ ਕਿ ਰੋਜ਼ੀ ਦਿਹੰਦ ਹੈਂ ॥੧੦੯॥ | |
| ਕਿ ਰਾਜ਼ਕ ਰਹੀਮ ਹੈਂ ॥ ਕਿ ਕਰਮੰ ਕਰੀਮ ਹੈਂ ॥ | |
| ਕਿ ਸਰਬੰ ਕਲੀ ਹੈਂ ॥ ਕਿ ਸਰਬੰ ਦਲੀ ਹੈਂ ॥੧੧੦॥ | |
| ਕਿ ਸਰਬੱਤ੍ਰ ਮਾਨਿਯੈ ॥ ਕਿ ਸਰਬੱਤ੍ਰ ਦਾਨਿਯੈ ॥ | ਮਾਨਿਐ, ਦਾਨਿਐ |
| ਕਿ ਸਰਬੱਤ੍ਰ ਗਉਨੈ ॥ ਕਿ ਸਰਬੱਤ੍ਰ ਭਉਨੈ ॥੧੧੧॥ | |
| ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥ | |
| ਕਿ ਸਰਬੱਤ੍ਰ ਰਾਜੈ ॥ ਕਿ ਸਰਬੱਤ੍ਰ ਸਾਜੈ ॥੧੧੨॥ | |
| ਕਿ ਸਰਬੱਤ੍ਰ ਦੀਨੈ ॥ ਕਿ ਸਰਬੱਤ੍ਰ ਲੀਨੈ ॥ | |
| ਕਿ ਸਰਬੱਤ੍ਰ ਜਾਹੋ ॥ ਕਿ ਸਰਬੱਤ੍ਰ ਭਾਹੋ ॥੧੧੩॥ | |
| ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥ | |
| ਕਿ ਸਰਬੱਤ੍ਰ ਕਾਲੈ ॥ ਕਿ ਸਰਬੱਤ੍ਰ ਪਾਲੈ ॥੧੧੪॥ | |
| ਕਿ ਸਰਬੱਤ੍ਰ ਹੰਤਾ ॥ ਕਿ ਸਰਬੱਤ੍ਰ ਗੰਤਾ ॥ | |
| ਕਿ ਸਰਬੱਤ੍ਰ ਭੇਖੀ ॥ ਕਿ ਸਰਬੱਤ੍ਰ ਪੇਖੀ ॥੧੧੫॥ | |
| ਕਿ ਸਰਬੱਤ੍ਰ ਕਾਜੈ ॥ ਕਿ ਸਰਬੱਤ੍ਰ ਰਾਜੈ ॥ | |
| ਕਿ ਸਰਬੱਤ੍ਰ ਸੋਖੈ ॥ ਕਿ ਸਰਬੱਤ੍ਰ ਪੋਖੈ ॥੧੧੬॥ | |
| ਕਿ ਸਰਬੱਤ੍ਰ ਤ੍ਰਾਣੈ ॥ ਕਿ ਸਰਬੱਤ੍ਰ ਪ੍ਰਾਣੈ ॥ | |
| ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥੧੧੭॥ | |
| ਕਿ ਸਰਬੱਤ੍ਰ ਮਾਨਿਯੈ ॥ ਸਦੈਵੰ ਪ੍ਰਧਾਨਿਯੈ ॥ | ਮਾਨਿਐ, ਪ੍ਰਧਾਨਿਐ |
| ਕਿ ਸਰਬੱਤ੍ਰ ਜਾਪਿਯੈ ॥ ਕਿ ਸਰਬੱਤ੍ਰ ਥਾਪਿਯੈ ॥੧੧੮॥ | ਜਾਪਿਐ, ਥਾਪਿਐ |
| ਕਿ ਸਰਬੱਤ੍ਰ ਭਾਨੈ ॥ ਕਿ ਸਰਬੱਤ੍ਰ ਮਾਨੈ ॥ | |
| ਕਿ ਸਰਬੱਤ੍ਰ ਇੰਦ੍ਰੈ ॥ ਕਿ ਸਰਬੱਤ੍ਰ ਚੰਦ੍ਰੈ ॥੧੧੯॥ | |
| ਕਿ ਸਰਬੰ ਕਲੀਮੈ ॥ ਕਿ ਪਰਮੰ ਫ਼ਹੀਮੈ ॥ | |
| ਕਿ ਆਕਲ ਅਲਾਮੈ ॥ ਕਿ ਸਾਹਿਬ ਕਲਾਮੈ ॥੧੨੦॥ | |
| ਕਿ ਹੁਸਨਲ ਵਜੂ ਹੈਂ ॥ ਤਮਾਮੁਲ ਰੁਜੂ ਹੈਂ ॥ | |
| ਹਮੇਸੁਲ ਸਲਾਮੈਂ ॥ ਸਲੀਖਤ ਮੁਦਾਮੈਂ ॥੧੨੧॥ | ਹਮੇਸ਼ੁਲ |
| ਗ਼ਨੀਮੁਲ ਸ਼ਿਕਸਤੈ ॥ ਗ਼ਰੀਬੁਲ ਪਰਸਤੈ ॥ | |
| ਬਿਲੰਦੁਲ ਮਕਾਨੈਂ ॥ ਜ਼ਮੀਨੁਲ ਜ਼ਮਾਨੈਂ ॥੧੨੨॥ | |
| ਤਮੀਜ਼ੁਲ ਤਮਾਮੈਂ ॥ ਰੁਜੂਅਲ ਨਿਧਾਨੈਂ ॥ | |
| ਹਰੀਫੁਲ ਅਜੀਮੈਂ ॥ ਰਜ਼ਾਇਕ ਯਕੀਨੈਂ ॥੧੨੩॥ | ਅਜ਼ੀਮੈਂ |
| ਅਨੇਕੁਲ ਤਰੰਗ ਹੈਂ ॥ ਅਭੇਦ ਹੈਂ ਅਭੰਗ ਹੈਂ ॥ | |
| ਅਜ਼ੀਜ਼ੁਲ ਨਿਵਾਜ਼ ਹੈਂ ॥ ਗ਼ਨੀਮੁਲ ਖ਼ਿਰਾਜ ਹੈਂ ॥੧੨੪॥ | |
| ਨਿਰੁਕਤ ਸਰੂਪ ਹੈਂ ॥ ਤ੍ਰਿਮੁਕਤਿ ਬਿਭੂਤਿ ਹੈਂ ॥ | |
| ਪ੍ਰਭੁਗਤਿ ਪ੍ਰਭਾ ਹੈਂ ॥ ਸੁ ਜੁਗਤਿ ਸੁਧਾ ਹੈਂ ॥੧੨੫॥ | |
| ਸਦੈਵੰ ਸਰੂਪ ਹੈਂ ॥ ਅਭੇਦੀ ਅਨੂਪ ਹੈਂ ॥ | |
| ਸਮਸਤੋਪਰਾਜ ਹੈਂ ॥ ਸਦਾ ਸਰਬ ਸਾਜ ਹੈਂ ॥੧੨੬॥ | |
| ਸਮਸਤੁਲ ਸਲਾਮ ਹੈਂ ॥ ਸਦੈਵਲ ਅਕਾਮ ਹੈਂ ॥ | |
| ਨ੍ਰਿਬਾਧ ਸਰੂਪ ਹੈਂ ॥ ਅਗਾਧ ਹੈਂ ਅਨੂਪ ਹੈਂ ॥੧੨੭॥ | |
| ਓਅੰ ਆਦਿ ਰੂਪੈ ॥ ਅਨਾਦਿ ਸਰੂਪੈ ॥ | |
| ਅਨੰਗੀ ਅਨਾਮੇ ॥ ਤ੍ਰਿਭੰਗੀ ਤ੍ਰਿਕਾਮੇ ॥੧੨੮॥ | |
| ਤ੍ਰਿਬਰਗੰ ਤ੍ਰਿਬਾਧੇ ॥ ਅਗੰਜੇ ਅਗਾਧੇ ॥ | |
| ਸੁਭੰ ਸਰਬ ਭਾਗੇ ॥ ਸੁ ਸਰਬਾ ਅਨੁਰਾਗੇ ॥੧੨੯॥ | |
| ਤ੍ਰਿਭੁਗਤ ਸਰੂਪ ਹੈਂ ॥ ਅਛਿੱਜ ਹੈਂ ਅਛੂਤ ਹੈਂ ॥ | |
| ਕਿ ਨਰਕੰ ਪ੍ਰਣਾਸ ਹੈਂ ॥ ਪ੍ਰਿਥੀਉਲ ਪ੍ਰਵਾਸ ਹੈਂ ॥੧੩੦॥ | ਪ੍ਰਣਾਸ਼ |
| ਨਿਰੁਕਤਿ ਪ੍ਰਭਾ ਹੈਂ ॥ ਸਦੈਵੰ ਸਦਾ ਹੈਂ ॥ | |
| ਬਿਭੁਗਤਿ ਸਰੂਪ ਹੈਂ ॥ ਪ੍ਰਜੁਗਤਿ ਅਨੂਪ ਹੈਂ ॥੧੩੧॥ | |
| ਨਿਰੁਕਤਿ ਸਦਾ ਹੈਂ ॥ ਬਿਭੁਗਤਿ ਪ੍ਰਭਾ ਹੈਂ ॥ | |
| ਅਨਉਕਤਿ ਸਰੂਪ ਹੈਂ ॥ ਪ੍ਰਜੁਗਤਿ ਅਨੂਪ ਹੈਂ ॥੧੩੨॥ | |
| ਚਾਚਰੀ ਛੰਦ ॥ | |
| ਅਭੰਗ ਹੈਂ ॥ ਅਨੰਗ ਹੈਂ ॥ ਅਭੇਖ ਹੈਂ ॥ ਅਲੇਖ ਹੈਂ ॥੧੩੩॥ | |
| ਅਭਰਮ ਹੈਂ ॥ ਅਕਰਮ ਹੈਂ ॥ ਅਨਾਦਿ ਹੈਂ ॥ ਜੁਗਾਦਿ ਹੈਂ ॥੧੩੪॥ | |
| ਅਜੈ ਹੈਂ ॥ ਅਬੈ ਹੈਂ ॥ ਅਭੂਤ ਹੈਂ ॥ ਅਧੂਤ ਹੈਂ ॥੧੩੫॥ | |
| ਅਨਾਸ ਹੈਂ ॥ ਉਦਾਸ ਹੈਂ ॥ ਅਧੰਧ ਹੈਂ ॥ ਅਬੰਧ ਹੈਂ ॥੧੩੬॥ | ਅਨਾਸ਼ |
| ਅਭਗਤ ਹੈਂ ॥ ਬਿਰਕਤ ਹੈਂ ॥ ਅਨਾਸ ਹੈਂ ॥ ਪ੍ਰਕਾਸ ਹੈਂ ॥੧੩੭॥ | ਅਨਾਸ਼, ਪ੍ਰਕਾਸ਼ |
| ਨਿਚਿੰਤ ਹੈਂ ॥ ਸੁਨਿੰਤ ਹੈਂ ॥ ਅਲਿੱਖ ਹੈਂ ॥ ਅਦਿੱਖ ਹੈਂ ॥੧੩੮॥ | |
| ਅਲੇਖ ਹੈਂ ॥ ਅਭੇਖ ਹੈਂ ॥ ਅਢਾਹ ਹੈਂ ॥ ਅਗਾਹ ਹੈਂ ॥੧੩੯॥ | |
| ਅਸੰਭ ਹੈਂ ॥ ਅਗੰਭ ਹੈਂ ॥ ਅਨੀਲ ਹੈਂ ॥ ਅਨਾਦਿ ਹੈਂ ॥੧੪੦॥ | |
| ਅਨਿੱਤ ਹੈਂ ॥ ਸੁ ਨਿੱਤ ਹੈਂ ॥ ਅਜਾਤ ਹੈਂ ॥ ਅਜਾਦਿ ਹੈਂ ॥੧੪੧॥ | ਅਜ਼ਾਦਿ |
| ਚਰਪਟ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਸਰਬੰ ਹੰਤਾ ॥ ਸਰਬੰ ਗੰਤਾ ॥ ਸਰਬੰ ਖਿਆਤਾ ॥ ਸਰਬੰ ਗਿਆਤਾ ॥੧੪੨॥ | |
| ਸਰਬੰ ਹਰਤਾ ॥ ਸਰਬੰ ਕਰਤਾ ॥ ਸਰਬੰ ਪ੍ਰਾਣੰ ॥ ਸਰਬੰ ਤ੍ਰਾਣੰ ॥੧੪੩॥ | |
| ਸਰਬੰ ਕਰਮੰ ॥ ਸਰਬੰ ਧਰਮੰ ॥ ਸਰਬੰ ਜੁਗਤਾ ॥ ਸਰਬੰ ਮੁਕਤਾ ॥੧੪੪॥ | |
| ਰਸਾਵਲ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਨਮੋ ਨਰਕ ਨਾਸੇ ॥ ਸਦੈਵੰ ਪ੍ਰਕਾਸੇ ॥ | ਨਾਸ਼ੇ, ਪ੍ਰਕਾਸ਼ੇ |
| ਅਨੰਗੰ ਸਰੂਪੇ ॥ ਅਭੰਗੰ ਬਿਭੂਤੇ ॥੧੪੫॥ | |
| ਪ੍ਰਮਾਥੰ ਪ੍ਰਮਾਥੇ ॥ ਸਦਾ ਸਰਬ ਸਾਥੇ ॥ | |
| ਅਗਾਧ ਸਰੂਪੇ ॥ ਨ੍ਰਿਬਾਧ ਬਿਭੂਤੇ ॥੧੪੬॥ | |
| ਅਨੰਗੀ ਅਨਾਮੇ ॥ ਤ੍ਰਿਭੰਗੀ ਤ੍ਰਿਕਾਮੇ ॥ | |
| ਨ੍ਰਿਭੰਗੀ ਸਰੂਪੇ ॥ ਸਰਬੰਗੀ ਅਨੂਪੇ ॥੧੪੭॥ | |
| ਨ ਪੋਤ੍ਰੈ ਨ ਪੁਤ੍ਰੈ ॥ ਨ ਸੱਤ੍ਰੈ ਨ ਮਿਤ੍ਰੈ ॥ | ਸ਼ੱਤ੍ਰੈ |
| ਨ ਤਾਤੈ ਨ ਮਾਤੈ ॥ ਨ ਜਾਤੈ ਨ ਪਾਤੈ ॥੧੪੮॥ | |
| ਨ੍ਰਿਸਾਕੰ ਸਰੀਕ ਹੈਂ ॥ ਅਮਿਤੋ ਅਮੀਕ ਹੈਂ ॥ | ਸ਼ਰੀਕ |
| ਸਦੈਵੰ ਪ੍ਰਭਾ ਹੈਂ ॥ ਅਜੈ ਹੈਂ ਅਜਾ ਹੈਂ ॥੧੪੯॥ | |
| ਭਗਵਤੀ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਕਿ ਜ਼ਾਹਰ ਜ਼ਹੂਰ ਹੈਂ ॥ ਕਿ ਹਾਜ਼ਰ ਹਜ਼ੂਰ ਹੈਂ ॥ | |
| ਹਮੇਸੁਲ ਸਲਾਮ ਹੈਂ ॥ ਸਮਸਤੁਲ ਕਲਾਮ ਹੈਂ ॥੧੫੦॥ | ਹਮੇਸ਼ੁਲ |
| ਕਿ ਸਾਹਿਬ ਦਿਮਾਗ਼ ਹੈਂ ॥ ਕਿ ਹੁਸਨਲ ਚਰਾਗ਼ ਹੈਂ ॥ | |
| ਕਿ ਕਾਮਲ ਕਰੀਮ ਹੈਂ ॥ ਕਿ ਰਾਜ਼ਕ ਰਹੀਮ ਹੈਂ ॥੧੫੧॥ | |
| ਕਿ ਰੋਜ਼ੀ ਦਿਹਿੰਦ ਹੈਂ ॥ ਕਿ ਰਾਜ਼ਕ ਰਹਿੰਦ ਹੈਂ ॥ | |
| ਕਰੀਮੁਲ ਕਮਾਲ ਹੈਂ ॥ ਕਿ ਹੁਸਨਲ ਜਮਾਲ ਹੈਂ ॥੧੫੨॥ | |
| ਗ਼ਨੀਮੁਲ ਖ਼ਿਰਾਜ ਹੈਂ ॥ ਗ਼ਰੀਬੁਲ ਨਿਵਾਜ਼ ਹੈਂ ॥ | |
| ਹਰੀਫ਼ੁਲ ਸ਼ਿਕੰਨ ਹੈਂ ॥ ਹਿਰਾਸੁਲ ਫਿਕੰਨ ਹੈਂ ॥੧੫੩॥ | |
| ਕਲੰਕੰ ਪ੍ਰਣਾਸ ਹੈਂ ॥ ਸਮਸਤੁਲ ਨਿਵਾਸ ਹੈਂ ॥ | ਪ੍ਰਣਾਸ਼ |
| ਅਗੰਜੁਲ ਗਨੀਮ ਹੈਂ ॥ ਰਜ਼ਾਇਕ ਰਹੀਮ ਹੈਂ ॥੧੫੪॥ | |
| ਸਮਸਤੁਲ ਜੁਬਾਂ ਹੈਂ ॥ ਕਿ ਸਾਹਿਬ ਕਿਰਾਂ ਹੈਂ ॥ | ਜ਼ੁਬਾਂ |
| ਕਿ ਨਰਕੰ ਪ੍ਰਣਾਸ ਹੈਂ ॥ ਬਹਿਸਤੁਲ ਨਿਵਾਸ ਹੈਂ ॥੧੫੫॥ | ਪ੍ਰਣਾਸ਼, ਬਹਿਸ਼ਤੁਲ |
| ਕਿ ਸਰਬੁਲ ਗਵੰਨ ਹੈਂ ॥ ਹਮੇਸੁਲ ਰਵੰਨ ਹੈਂ ॥ | ਹਮੇਸ਼ੁਲ |
| ਤਮਾਮੁਲ ਤਮੀਜ਼ ਹੈਂ ॥ ਸਮਸਤੁਲ ਅਜੀਜ਼ ਹੈਂ ॥੧੫੬॥ | |
| ਪਰੰ ਪਰਮ ਈਸ ਹੈਂ ॥ ਸਮਸਤੁਲ ਅਦੀਸ ਹੈਂ ॥ | ਈਸ਼, ਅਦੀਸ਼ |
| ਅਦੇਸੁਲ ਅਲੇਖ ਹੈਂ ॥ ਹਮੇਸੁਲ ਅਭੇਖ ਹੈਂ ॥੧੫੭॥ | ਹਮੇਸ਼ੁਲ |
| ਜ਼ਮੀਨੁਲ ਜ਼ਮਾ ਹੈਂ ॥ ਅਮੀਕੁਲ ਇਮਾ ਹੈਂ ॥ | ਜ਼ਮਾਂ, ਇਮਾਂ |
| ਕਰੀਮੁਲ ਕਮਾਲ ਹੈਂ ॥ ਕਿ ਜੁਰਅਤਿ ਜਮਾਲ ਹੈਂ ॥੧੫੮॥ | |
| ਕਿ ਅਚਲੰ ਪ੍ਰਕਾਸ ਹੈਂ ॥ ਕਿ ਅਮਿਤੋ ਸੁਬਾਸ ਹੈਂ ॥ | ਪ੍ਰਕਾਸ਼ |
| ਕਿ ਅਜਬ ਸਰੂਪ ਹੈਂ ॥ ਕਿ ਅਮਿਤੋ ਬਿਭੂਤ ਹੈਂ ॥੧੫੯॥ | |
| ਕਿ ਅਮਿਤੋ ਪਸਾ ਹੈਂ ॥ ਕਿ ਆਤਮ ਪ੍ਰਭਾ ਹੈਂ ॥ | |
| ਕਿ ਅਚਲੰ ਅਨੰਗ ਹੈਂ ॥ ਕਿ ਅਮਿਤੋ ਅਭੰਗ ਹੈਂ ॥੧੬੦॥ | |
| ਮਧੁਭਾਰ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਮੁਨਿ ਮਨਿ ਪ੍ਰਨਾਮ ॥ ਗੁਨਿ ਗਨ ਮੁਦਾਮ ॥ | |
| ਅਰਿ ਬਰ ਅਗੰਜ ॥ ਹਰਿ ਨਰ ਪ੍ਰਭੰਜ ॥੧੬੧॥ | |
| ਅਨਗਨ ਪ੍ਰਨਾਮ ॥ ਮੁਨਿ ਮਨਿ ਸਲਾਮ ॥ | |
| ਹਰਿ ਨਰ ਅਖੰਡ ॥ ਬਰ ਨਰ ਅਮੰਡ ॥੧੬੨॥ | |
| ਅਨਭਵ ਅਨਾਸ ॥ ਮੁਨਿ ਮਨਿ ਪ੍ਰਕਾਸ ॥ | ਅਨਾਸ਼, ਪ੍ਰਕਾਸ਼ |
| ਗੁਨਿ ਗਨ ਪ੍ਰਨਾਮ ॥ ਜਲ ਥਲ ਮੁਦਾਮ ॥੧੬੩॥ | |
| ਅਨਛਿੱਜ ਅੰਗ ॥ ਆਸਨ ਅਭੰਗ ॥ | |
| ਉਪਮਾ ਅਪਾਰ ॥ ਗਤਿ ਮਿਤਿ ਉਦਾਰ ॥੧੬੪॥ | |
| ਜਲ ਥਲ ਅਮੰਡ ॥ ਦਿਸ ਵਿਸ ਅਭੰਡ ॥ | ਦਿਸ਼, ਵਿਸ਼ |
| ਜਲ ਥਲ ਮਹੰਤ ॥ ਦਿਸ ਵਿਸ ਬਿਅੰਤ ॥੧੬੫॥ | ਦਿਸ਼, ਵਿਸ਼ |
| ਅਨਭਵ ਅਨਾਸ ॥ ਧ੍ਰਿਤ ਧਰ ਧੁਰਾਸ ॥ | ਅਨਾਸ਼ |
| ਆਜਾਨ ਬਾਹੁ ॥ ਏਕੈ ਸਦਾਹੁ ॥੧੬੬॥ | ਬਾਹ, ਸਦਾਹ |
| ਓਅੰਕਾਰ ਆਦਿ ॥ ਕਥਨੀ ਅਨਾਦਿ ॥ | |
| ਖਲ ਖੰਡ ਖਿਆਲ ॥ ਗੁਰ ਬਰ ਅਕਾਲ ॥੧੬੭॥ | |
| ਘਰ ਘਰਿ ਪ੍ਰਨਾਮ ॥ ਚਿਤ ਚਰਨ ਨਾਮ ॥ | |
| ਅਨਛਿੱਜ ਗਾਤ ॥ ਆਜਿਜ ਨ ਬਾਤ ॥੧੬੮॥ | ਆਜਿਜ਼ |
| ਅਨਝੰਝ ਗਾਤ ॥ ਅਨਰੰਜ ਬਾਤ ॥ | |
| ਅਨਟੁਟ ਭੰਡਾਰ ॥ ਅਨਠਟ ਅਪਾਰ ॥੧੬੯॥ | |
| ਆਡੀਠ ਧਰਮ ॥ ਅਤਿ ਢੀਠ ਕਰਮ ॥ | |
| ਅਣਬ੍ਰਣ ਅਨੰਤ ॥ ਦਾਤਾ ਮਹੰਤ ॥੧੭੦॥ | |
| ਹਰਿਬੋਲਮਨਾ ਛੰਦ ॥ ਤ੍ਵ ਪ੍ਰਸਾਦਿ ॥ | ਤੁਅ |
| ਕਰੁਣਾਲਯ ਹੈਂ ॥ ਅਰਿ ਘਾਲਯ ਹੈਂ ॥ | ਕਰੁਣਾਲਿਅ, ਘਾਲਿਅ |
| ਖਲ ਖੰਡਨ ਹੈਂ ॥ ਮਹਿ ਮੰਡਨ ਹੈਂ ॥੧੭੧॥ | |
| ਜਗਤੇਸ੍ਵਰ ਹੈਂ ॥ ਪਰਮੇਸ੍ਵਰ ਹੈਂ ॥ | ਜਗਤੇਸ਼੍ਵਰ, ਪਰਮੇਸ਼੍ਵਰ |
| ਕਲਿ ਕਾਰਣ ਹੈਂ ॥ ਸਰਬ ਉਬਾਰਣ ਹੈਂ ॥੧੭੨॥ | |
| ਧ੍ਰਿਤ ਕੇ ਧ੍ਰਣ ਹੈਂ ॥ ਜਗ ਕੇ ਕ੍ਰਣ ਹੈਂ ॥ | |
| ਮਨ ਮਾਨਿਯ ਹੈਂ ॥ ਜਗ ਜਾਨਿਯ ਹੈਂ ॥੧੭੩॥ | ਮਾਨਿਅ, ਜਾਨਿਅ |
| ਸਰਬੰ ਭਰ ਹੈਂ ॥ ਸਰਬੰ ਕਰ ਹੈਂ ॥ | |
| ਸਰਬ ਪਾਸਿਯ ਹੈਂ ॥ ਸਰਬ ਨਾਸਿਯ ਹੈਂ ॥੧੭੪॥ | ਪਾਸਿਅ, ਨਾਸ਼ਿਅ |
| ਕਰੁਣਾਕਰ ਹੈਂ ॥ ਬਿਸ੍ਵੰਭਰ ਹੈਂ ॥ | ਬਿਸ਼੍ਵੰਭਰ |
| ਸਰਬੇਸ੍ਵਰ ਹੈਂ ॥ ਜਗਤੇਸ੍ਵਰ ਹੈਂ ॥੧੭੫॥ | ਸਰਬੇਸ਼੍ਵਰ, ਜਗਤੇਸ਼੍ਵਰ |
| ਬ੍ਰਹਮੰਡਸ ਹੈਂ ॥ ਖਲ ਖੰਡਸ ਹੈਂ ॥ | |
| ਪਰ ਤੇ ਪਰ ਹੈਂ ॥ ਕਰੁਣਾਕਰ ਹੈਂ ॥੧੭੬॥ | |
| ਅਜਪਾ ਜਪ ਹੈਂ ॥ ਅਥਪਾ ਥਪ ਹੈਂ ॥ | |
| ਅਕ੍ਰਿਤਾ ਕ੍ਰਿਤ ਹੈਂ ॥ ਅਮ੍ਰਿਤਾ ਮ੍ਰਿਤ ਹੈਂ ॥੧੭੭॥ | |
| ਅਮ੍ਰਿਤਾ ਮ੍ਰਿਤ ਹੈਂ ॥ ਕਰੁਣਾ ਕ੍ਰਿਤ ਹੈਂ ॥ | |
| ਅਕ੍ਰਿਤਾ ਕ੍ਰਿਤ ਹੈਂ ॥ ਧਰਣੀ ਧ੍ਰਿਤ ਹੈਂ ॥੧੭੮॥ | |
| ਅਮਿਤੇਸ੍ਵਰ ਹੈਂ ॥ ਪਰਮੇਸ੍ਵਰ ਹੈਂ ॥ | ਅਮਿਤੇਸ਼੍ਵਰ, ਪਰਮੇਸ਼੍ਵਰ |
| ਅਕ੍ਰਿਤਾ ਕ੍ਰਿਤ ਹੈਂ ॥ ਅਮ੍ਰਿਤਾ ਮ੍ਰਿਤ ਹੈਂ॥੧੭੯॥ | |
| ਅਜਬਾ ਕ੍ਰਿਤ ਹੈਂ ॥ ਅਮ੍ਰਿਤਾ ਮ੍ਰਿਤ ਹੈਂ ॥ | |
| ਨਰ ਨਾਇਕ ਹੈਂ ॥ ਖਲ ਘਾਇਕ ਹੈਂ ॥੧੮੦॥ | |
| ਬਿਸ੍ਵੰਭਰ ਹੈਂ ॥ ਕਰੁਣਾਲਯ ਹੈਂ ॥ | ਬਿਸ਼੍ਵੰਭਰ, ਕਰੁਣਾਲਿਅ |
| ਨ੍ਰਿਪ ਨਾਇਕ ਹੈਂ ॥ ਸਰਬ ਪਾਇਕ ਹੈਂ ॥੧੮੧॥ | |
| ਭਵ ਭੰਜਨ ਹੈਂ ॥ ਅਰਿ ਗੰਜਨ ਹੈਂ ॥ | |
| ਰਿਪੁ ਤਾਪਨ ਹੈਂ ॥ ਜਪੁ ਜਾਪਨ ਹੈਂ ॥੧੮੨॥ | |
| ਅਕਲੰ ਕ੍ਰਿਤ ਹੈਂ ॥ ਸਰਬਾ ਕ੍ਰਿਤ ਹੈਂ ॥ | |
| ਕਰਤਾ ਕਰ ਹੈਂ ॥ ਹਰਤਾ ਹਰਿ ਹੈਂ ॥੧੮੩॥ | |
| ਪਰਮਾਤਮ ਹੈਂ ॥ ਸਰਬਾਤਮ ਹੈਂ ॥ | |
| ਆਤਮ ਬਸ ਹੈਂ ॥ ਜਸ ਕੇ ਜਸ ਹੈਂ ॥੧੮੪॥ | |
| ਭੁਜੰਗ ਪ੍ਰਯਾਤ ਛੰਦ ॥ | ਪ੍ਰਿਆਤ |
| ਨਮੋ ਸੂਰਜ ਸੂਰਜੇ, ਨਮੋ ਚੰਦ੍ਰ ਚੰਦ੍ਰੇ ॥ | |
| ਨਮੋ ਰਾਜ ਰਾਜੇ, ਨਮੋ ਇੰਦ੍ਰ ਇੰਦ੍ਰੇ ॥ | |
| ਨਮੋ ਅੰਧਕਾਰੇ, ਨਮੋ ਤੇਜ ਤੇਜੇ ॥ | |
| ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ ॥੧੮੫॥ | |
| ਨਮੋ ਰਾਜਸੰ, ਤਾਮਸੰ, ਸਾਤ ਰੂਪੇ ॥ | |
| ਨਮੋ ਪਰਮ ਤੱਤੰ, ਅਤੱਤੰ ਸਰੂਪੇ ॥ | |
| ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ ॥ | |
| ਨਮੋ ਮੰਤ੍ਰ ਮੰਤ੍ਰੇ, ਨਮੋ ਧਿਆਨ ਧਿਆਨੇ ॥੧੮੬॥ | |
| ਨਮੋ ਜੁਧ ਜੁਧੇ, ਨਮੋ ਗਿਆਨ ਗਿਆਨੇ ॥ | |
| ਨਮੋ ਭੋਜ ਭੋਜੇ, ਨਮੋ ਪਾਨ ਪਾਨੇ ॥ | |
| ਨਮੋ ਕਲਹ ਕਰਤਾ, ਨਮੋ ਸਾਂਤ ਰੂਪੇ ॥ | ਸ਼ਾਂਤ |
| ਨਮੋ ਇੰਦ੍ਰ ਇੰਦ੍ਰੇ, ਅਨਾਦੰ ਬਿਭੂਤੇ ॥੧੮੭॥ | |
| ਕਲੰਕਾਰ ਰੂਪੇ, ਅਲੰਕਾਰ ਅਲੰਕੇ ॥ | |
| ਨਮੋ ਆਸ ਆਸੇ, ਨਮੋ ਬਾਂਕ ਬੰਕੇ ॥ | |
| ਅਭੰਗੀ ਸਰੂਪੇ, ਅਨੰਗੀ ਅਨਾਮੇ ॥ | |
| ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ ॥੧੮੮॥ | |
| ਏਕ ਅਛਰੀ ਛੰਦ ॥ | |
| ਅਜੈ ॥ ਅਲੈ ॥ ਅਭੈ ॥ ਅਬੈ ॥੧੮੯॥ | |
| ਅਭੂ ॥ ਅਜੂ ॥ ਅਨਾਸ ॥ ਅਕਾਸ ॥੧੯੦॥ | ਅਨਾਸ਼, ਅਕਾਸ਼ |
| ਅਗੰਜ ॥ ਅਭੰਜ ॥ ਅਲੱਖ ॥ ਅਭੱਖ ॥੧੯੧॥ | |
| ਅਕਾਲ ॥ ਦਿਆਲ ॥ ਅਲੇਖ ॥ ਅਭੇਖ ॥੧੯੨॥ | |
| ਅਨਾਮ ॥ ਅਕਾਮ ॥ ਅਗਾਹ ॥ ਅਢਾਹ ॥੧੯੩॥ | |
| ਅਨਾਥੇ ॥ ਪ੍ਰਮਾਥੇ ॥ ਅਜੋਨੀ ॥ ਅਮੋਨੀ ॥੧੯੪॥ | |
| ਨ ਰਾਗੇ ॥ ਨ ਰੰਗੇ ॥ ਨ ਰੂਪੇ ॥ ਨ ਰੇਖੇ ॥੧੯੫॥ | |
| ਅਕਰਮੰ ॥ ਅਭਰਮੰ ॥ ਅਗੰਜੇ ॥ ਅਲੇਖੇ ॥੧੯੬॥ | |
| ਭੁਜੰਗ ਪ੍ਰਯਾਤ ਛੰਦ ॥ | ਪ੍ਰਿਆਤ |
| ਨਮਸਤੁਲ ਪ੍ਰਨਾਮੇ, ਸਮਸਤੁਲ ਪ੍ਰਣਾਸੇ ॥ | ਪ੍ਰਣਾਸ਼ੇ |
| ਅਗੰਜੁਲ ਅਨਾਮੇ, ਸਮਸਤੁਲ ਨਿਵਾਸੇ ॥ | |
| ਨ੍ਰਿਕਾਮੰ ਬਿਭੂਤੇ, ਸਮਸਤੁਲ ਸਰੂਪੇ ॥ | |
| ਕੁਕਰਮੰ ਪ੍ਰਣਾਸੀ, ਸੁਧਰਮੰ ਬਿਭੂਤੇ ॥੧੯੭॥ | ਪ੍ਰਣਾਸ਼ੀ |
| ਸਦਾ ਸੱਚਿਦਾਨੰਦ, ਸੱਤ੍ਰੰ ਪ੍ਰਣਾਸੀ ॥ | ਸ਼ੱਤ੍ਰੰ, ਪ੍ਰਣਾਸ਼ੀ |
| ਕਰੀਮੁਲ ਕੁਨਿੰਦਾ, ਸਮਸਤੁਲ ਨਿਵਾਸੀ ॥ | |
| ਅਜਾਇਬ ਬਿਭੂਤੇ, ਗਜਾਇਬ ਗਨੀਮੇ ॥ | ਗ਼ਜ਼ਾਇਬ, ਗ਼ਨੀਮੇ |
| ਹਰੀਅੰ, ਕਰੀਅੰ, ਕਰੀਮਲੁ ਰਹੀਮੇ ॥੧੯੮॥ | |
| ਚੱਤ੍ਰ ਚੱਕ੍ਰ ਵਰਤੀ, ਚੱਤ੍ਰ ਚੱਕ੍ਰ ਭੁਗਤੇ ॥ | |
| ਸੁਯੰਭਵ, ਸੁਭੰ, ਸਰਬਦਾ, ਸਰਬ ਜੁਗਤੇ ॥ | |
| ਦੁਕਾਲੰ ਪ੍ਰਣਾਸੀ, ਦਿਆਲੰ ਸਰੂਪੇ ॥ | ਪ੍ਰਣਾਸ਼ੀ |
| ਸਦਾ ਅੰਗ ਸੰਗੇ, ਅਭੰਗੰ ਬਿਭੂਤੇ ॥੧੯੯॥ |