
ਸਤਿਗੁਰੂ ਨਾਨਕ ਦੇਵ ਜੀ ਦੀ ਵਿਆਖਿਆ
ਇਸੇ ਅਰਥ ਵਿੱਚ ਸਤਿਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:
ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਗੁਰਬਾਣੀ ਮੁਸਲਮਾਨਾਂ ਨੂੰ ਪੰਜ ਵਾਰ ਨਿਮਾਜ਼ ਪੜ੍ਹਨ ਅਤੇ ਮਸੀਤ ਜਾਣ ਲਈ ਕਹਿੰਦੀ ਹੈ। ਉਹ ਇਹ ਸ਼ਬਦ ਦੱਸਦੇ ਹਨ:
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥
(ਸਲੋਕ ਸ਼ੇਖ ਫਰੀਦ ਜੀ, ਅੰਗ 1381)
ਇਹ ਸਮਝਣਾ ਜ਼ਰੂਰੀ ਹੈ ਕਿ “ਨਿਵਾਜ”, “ਪੰਜੇ ਵਖਤ” ਅਤੇ “ਮਸੀਤ” ਦਾ ਅਸਲ ਅਰਥ ਗੁਰਬਾਣੀ ਆਪ ਦੱਸਦੀ ਹੈ।
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
(ਰਾਗ ਮਾਝ, ਅੰਗ ੧੪੦)
ਅਰਥ:- ਉੱਚਾ ਆਚਰਣ ਹੀ ਤੇਰਾ ਕਾਬਾ ਹੋਵੇ, ਸੱਚ (ਗੁਰ-ਸ਼ਬਦ) ਤੇਰਾ ਪੀਰ ਹੋਵੇ, ਅਤੇ ਨੇਕ ਅਮਲ ਹੀ ਤੇਰਾ ਕਲਮਾ ਅਤੇ ਨਿਮਾਜ਼ ਹੋਵੇ।
ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥
(ਰਾਗ ਆਸਾ, ਭਗਤ ਕਬੀਰ ਜੀ, ਅੰਗ ੪੮੦)
ਅਰਥ:- ਉਹੀ ਮਨੁੱਖ ਅਸਲੀ ਨਿਮਾਜ਼ ਪੜ੍ਹਦਾ ਹੈ ਜੋ ਨਿਆਂ ਕਰਦਾ ਹੈ, ਅਤੇ ਜੋ ਅਕਲ ਨਾਲ ਰੱਬ ਨੂੰ ਪਛਾਣਦਾ ਹੈ ਉਹ ਅਸਲੀ ਕਲਮਾ ਉਚਾਰਦਾ ਹੈ।
ਸਤਿਗੁਰੂ ਜੀ ਫੁਰਮਾਉਂਦੇ ਹਨ:
ਅਵਲਿ ਸਿਫਤਿ ਦੂਜੀ ਸਾਬੂਰੀ ॥
ਤੀਜੈ ਹਲੇਮੀ ਚਉਥੈ ਖੈਰੀ ॥
ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥
(ਰਾਗ ਮਾਰੂ ਮਃ ੫, ਅੰਗ ੧੦੮੪)
ਅਰਥ:- ਹੇ ਬੇਅੰਤ ਪ੍ਰਭੂ! ਤੇਰੇ ਇਹ ਪੰਜ ਵਖਤ ਇਹ ਹਨ: ਪਹਿਲਾ ਵਖਤ — ਤੇਰੀ ਸਿਫ਼ਤ-ਸਾਲਾਹ ਕਰਨੀ। ਦੂਜਾ ਵਖਤ — ਸਾਬੂਰੀ, ਅਰਥਾਤ ਸੰਤੋਖ ਧਾਰਨ ਕਰਨਾ। ਤੀਜਾ ਵਖਤ — ਹਲੇਮੀ, ਅਰਥਾਤ ਨਿਮਰਤਾ ਅਤੇ ਨਿਵੇਂਪਣ ਵਿੱਚ ਰਹਿਣਾ। ਚੌਥਾ ਵਖਤ — ਖੈਰੀ, ਅਰਥਾਤ ਸਭ ਦਾ ਭਲਾ ਮੰਗਣਾ। ਪੰਜਵਾਂ ਵਖਤ — ਪੰਜਾਂ ਨੂੰ ਇੱਕ ਥਾਂ ਟਿਕਾਉਣਾ, ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਵੱਸ ਵਿੱਚ ਰੱਖਣਾ। ਇਹੀ ਤੇਰੇ ਅਸਲ ਪੰਜ ਵਖਤ ਹਨ।
ਇੱਥੇ ਗੁਰੂ ਸਾਹਿਬ ਨੇ “ਪੰਜੇ ਵਖਤ” ਦੀ ਪਰਿਭਾਸ਼ਾ ਬੜੀ ਸਪਸ਼ਟ ਕਰ ਦਿੱਤੀ ਹੈ। ਇਹਨਾਂ ਦਾ ਅਰਥ ਇਹ ਨਹੀਂ ਕਿ ਦਿਨ ਦੇ ਖਾਸ ਸਮਿਆਂ ‘ਤੇ ਖੜ੍ਹ ਕੇ ਕੋਈ ਰਸਮੀ ਨਿਮਾਜ਼ ਪੜ੍ਹੀ ਜਾਵੇ। ਸਗੋਂ ਇਹ ਮਨੁੱਖ ਦੀ ਪੂਰੀ ਜ਼ਿੰਦਗੀ ਦੇ ਅੰਦਰੂਨੀ ਆਤਮਿਕ ਅਭਿਆਸ ਹਨ:
ਅਤੇ ਇਸ ਤਰ੍ਹਾਂ, “ਪੰਜੇ ਵਖਤ” ਦਾ ਭਾਵ ਅਰਥ ਆਤਮਿਕ ਜੀਵਨ ਦੀਆਂ ਪੰਜ ਅਵਸਥਾਵਾਂ ਤੇ ਅਭਿਆਸ ਹੈ, ਨਾ ਕਿ ਇਸਲਾਮਿਕ ਫਿਕਹ ਅਨੁਸਾਰ ਨਿਸ਼ਚਿਤ ਸਮਿਆਂ ਵਾਲੀਆਂ ਨਿਮਾਜ਼ਾਂ।
ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥
(ਰਾਗ ਮਾਰੂ, ਅੰਗ ੧੦੯੩)
ਅਰਥ:- ਤੇਰਾ ਸਰੀਰ ਹੀ ਮਸੀਤ ਹੈ, ਤੇਰਾ ਮਨ ਉਸ ਵਿੱਚ ਮੌਲਵੀ ਹੈ। ਇਸ ਮਨ ਨੂੰ ਪਵਿੱਤਰ ਅਤੇ ਸਾਫ਼ ਰੱਖਣਾ ਹੀ ਤੇਰਾ ਖੁਦਾਈ ਕਲਮਾ ਹੈ।
ਕਹੁ ਰੇ ਮੁਲਾਂ ਬਾਂਗ ਨਿਵਾਜ ॥ ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥
(ਰਾਗ ਭੈਰਉ, ਭਗਤ ਕਬੀਰ ਜੀ, ਅੰਗ ੧੧੫੮)
ਅਰਥ:- ਹੇ ਮੁੱਲਾਂ! ਇਹ ਦਸ ਦਰਵਾਜ਼ਿਆਂ (ਇੰਦ੍ਰਿਆਂ) ਵਾਲਾ ਸਰੀਰ ਹੀ ਅਸਲ ਮਸੀਤ ਹੈ; ਇਸ ਦੇ ਅੰਦਰ ਰੱਬ ਦਾ ਸਿਮਰਨ ਕਰਨਾ ਹੀ ਅਸਲੀ ਨਿਮਾਜ਼ ਅਦਾ ਕਰਨੀ ਹੈ।
ਮਃ ੧ ॥
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥
(ਰਾਗ ਮਾਝ, ਅੰਗ ੧੪੧)
ਅਰਥ:- ਇਸਲਾਮ ਵਿੱਚ ਪੰਜ ਨਿਮਾਜ਼ਾਂ ਅਤੇ ਉਹਨਾਂ ਦੇ ਪੰਜ ਵਕਤ ਹਨ, ਅਤੇ ਹਰ ਨਿਮਾਜ਼ ਦਾ ਇੱਕ ਵੱਖਰਾ ਨਾਮ ਹੈ। ਪਰ ਅਸਲੀ ਨਿਮਾਜ਼ਾਂ ਇਹ ਹਨ: (੧) ਸੱਚ ਬੋਲਣਾ ਪਹਿਲੀ ਨਿਮਾਜ਼ ਹੈ; (੨) ਹੱਕ ਦੀ ਕਮਾਈ ਕਰਨੀ ਦੂਜੀ ਨਿਮਾਜ਼ ਹੈ; (੩) ਰੱਬ ਤੋਂ ਸਭ ਦਾ ਭਲਾ ਮੰਗਣਾ ਤੀਜੀ ਨਿਮਾਜ਼ ਹੈ; (੪) ਨੀਅਤ ਨੂੰ ਸਾਫ਼ ਕਰਨਾ ਅਤੇ ਮਨ ਨੂੰ ਪਵਿੱਤਰ ਰੱਖਣਾ ਚੌਥੀ ਨਿਮਾਜ਼ ਹੈ; ਅਤੇ (੫) ਰੱਬ ਦੀ ਸਿਫ਼ਤ-ਸਾਲਾਹ ਕਰਨੀ ਪੰਜਵੀਂ ਨਿਮਾਜ਼ ਹੈ। ਜੇ ਮਨੁੱਖ ਇਹ ਅਸਲ ਨਿਮਾਜ਼ਾਂ ਅਦਾ ਕਰਦਾ ਹੈ ਅਤੇ ਉੱਚਾ ਆਚਰਣ ਰੱਖਦਾ ਹੈ, ਤਦ ਹੀ ਉਹ ਸੱਚਾ ਮੁਸਲਮਾਨ ਕਹਾਉਂਦਾ ਹੈ। ਨਾਨਕ (ਗੁਰੂ ਜੀ ਫੁਰਮਾਉਂਦੇ ਹਨ): ਜਿਹੜੇ ਲੋਕ ਇਹਨਾਂ ਸੱਚੀਆਂ ਨਿਮਾਜ਼ਾਂ ਤੋਂ ਖਾਲੀ ਹਨ, ਉਹ ਝੂਠ ਦੇ ਵਪਾਰੀ ਹਨ ਅਤੇ ਉਹਨਾਂ ਦੀ ਇੱਜ਼ਤ ਵੀ ਝੂਠੀ ਹੈ।
ਹੁਣ ਜਦੋਂ ਗੁਰਬਾਣੀ ਅਨੁਸਾਰ “ਮਸੀਤ”, “ਨਿਮਾਜ਼” ਅਤੇ “ਪੰਜ ਵਕਤ” ਦੇ ਅਸਲ ਗੁਰਮਤਿ ਅਰਥ ਸਪਸ਼ਟ ਹੋ ਗਏ ਹਨ, ਅਸੀਂ ਮੁੜ ਉਸ ਸਲੋਕ ਵੱਲ ਆਉਂਦੇ ਹਾਂ ਜੋ ਪਹਿਲਾਂ ਉਧਰਿਤ ਕੀਤਾ ਸੀ:
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥
(ਸਲੋਕ ਸ਼ੇਖ ਫਰੀਦ ਜੀ, ਅੰਗ 1381)
ਗੁਰਮਤਿ ਅਨੁਸਾਰ ਇਸ ਦਾ ਅਰਥ ਇਹ ਨਹੀਂ ਕਿ ਫਰੀਦ ਜੀ ਕਿਸੇ ਬਾਹਰੀ ਮਸੀਤ ਵਿੱਚ ਪੰਜ ਵਾਰ ਇਸਲਾਮ ਮੱਤ ਅਨੁਸਾਰ ਨਿਮਾਜ਼ ਪੜ੍ਹਨ ਦੀ ਗੱਲ ਕਰ ਰਹੇ ਹਨ। ਗੁਰਮਤਿ ਅਨੁਸਾਰ ਇਸ ਇਸ ਸਲੋਕ ਦਾ ਭਾਵ ਅਰਥ ਹੈ:
ਹੇ ਫਰੀਦ! ਨੇਕ ਅਮਲਾਂ ਤੋਂ ਬਿਨਾਂ (ਬੇ ਨਿਵਾਜਾ) ਜੀਵਨ ਦਿਸ਼ਾਹੀਣ ਕੁੱਤੇ ਵਰਗਾ ਹੈ—ਇਹ ਚੰਗੀ ਰੀਤ ਨਹੀਂ। ਤੂੰ ਕਦੇ ਵੀ ਆਪਣੇ ਅੰਦਰਲੇ ਮਨ‑ਰੂਪੀ ਮਸੀਤ ਵਿੱਚ ਨਹੀਂ ਗਿਆ, ਨਾ ਹੀ ਪੰਜ ਆਤਮਿਕ ਅਵਸਥਾਵਾਂ (ਪੰਜੇ ਵਖਤ) ਵਿੱਚ ਸੁਰਤ ਨੂੰ ਜੋੜਿਆ।
ਇਹ ਸਲੋਕ ਕਿਸੇ ਬਾਹਰੀ ਰਸਮ ਦੀ ਨਿੰਦਾ ਨਹੀਂ ਕਰਦਾ; ਇਹ ਅੰਦਰਲੀ ਬੇਧਿਆਨਤਾ ਦੀ ਗੱਲ ਕਰਦਾ ਹੈ। ਗੁਰਮਤਿ ਅਨੁਸਾਰ ਸੱਚੀ ਨਿਮਾਜ਼, ਸੱਚੀ ਮਸੀਤ ਅਤੇ ਸੱਚੇ ਪੰਜ ਵਕਤ ਅੰਦਰ ਹਨ—ਜਿੱਥੇ ਮਨ ਨਾਮ ਨਾਲ ਰੰਗਦਾ ਹੈ, ਹਉਮੈ ਟੁੱਟਦੀ ਹੈ ਅਤੇ ਜੀਵ ਰੱਬ ਦੀ ਰਜ਼ਾ ਵਿੱਚ ਟਿਕਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤ—ਜਿਵੇਂ ਬਾਬਾ ਫਰੀਦ ਜੀ—ਬ੍ਰਹਮ-ਗਿਆਨੀ ਸਨ ਜੋ ਆਪਣੇ ਪਰਵਾਰਿਕ ਮਜ਼ਬ ਤੋਂ ਉੱਪਰ ਉੱਠ ਕੇ ਸਤਿਗੁਰੂ ਰਾਹੀਂ ਅਸਲੀ ਸੱਚ ਦਾ ਗੁਰਮਤਿ ਦੇ ਨਾਮ‑ਮਾਰਗ ਨੂੰ ਅਪਣਾਉਂਦੇ ਹਨ। ਗੁਰਮਤਿ ਵਿੱਚ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਮਨੁੱਖ ਉਹੀ ਹੈ ਜੋ ਕੇਸਧਾਰੀ ਹੋ ਕੇ ਸਰੀਰ ਨੂੰ ਸਾਬਤ‑ਸੂਰਤ ਰੱਖਦਾ ਹੈ, ਹੁੱਕਾ‑ਤਮਾਕੂ ਤੋਂ ਦੂਰ ਰਹਿੰਦਾ ਹੈ, ਜਾਨਵਰਾਂ ਵਿੱਚ ਵਾਹਿਗੁਰੂ ਦੀ ਜੋਤ ਵੇਖਦਾ ਹੈ, ਝੂਠ ਅਤੇ ਜੂਠ ਨੂੰ ਤਿਆਗ ਕੇ ਸੱਚ ਅਤੇ ਸੁਚਮਤਾ ‘ਤੇ ਪਹਿਰਾ ਦੇਂਦਾ ਹੈ, ਨਿਰਦਯੀ ਖੁਰਾਕ ਦੀ ਥਾਂ ਦਇਆ ਅਤੇ ਨਾਮ‑ਸਿਮਰਨ ਨਾਲ ਭਰੀ ਖੁਰਾਕ ਚੱਖਦਾ ਹੈ, ਇਸਤ੍ਰੀ ਨੂੰ ਪੂਰਨ ਬਰਾਬਰੀ ਨਾਲ ਵੇਖਦਾ ਹੈ, ਕਿਸੇ ਨੂੰ ਕਾਫਿਰ ਜਾਂ ਬੇਗਾਨਾ ਨਹੀਂ ਸਮਝਦਾ ਅਤੇ ਗੁਰਮਤਿ ਅਨੁਸਾਰ ਨਾ ਕਿਸੇ ਹੋਰ ਇਨਸਾਨ ਨੂੰ ਗੁਲਾਮ ਬਣਾਉਣ ਦੀ ਮਨਜ਼ੂਰੀ ਹੈ ਤੇ ਨਾ ਹੀ ਕਿਸੇ ਦੇ ਵੱਖਰੇ ਸੋਚ-ਮਜ਼ਬ ਹੋਣ ਦਾ ਕਾਰਨ ਕਰਕੇ ਉਸ ‘ਤੇ ਜੰਗ ਅਤੇ ਕਤਲ ਕਰਨ ਦੀ।
ਇਸ ਲਈ ਗੁਰੂ ਸਾਹਿਬ ਜਦੋਂ “ਸੱਚਾ ਮੁਸਲਮਾਨ” ਕਹਿੰਦੇ ਹਨ, ਤਾਂ ਇਹ ਕਿਸੇ ਇਸਲਾਮ ਮਜ਼ਹਬ, ਮੁਹੰਮਦ (ਇਸਲਾਮ ਦੇ ਨਬੀ) ਜਾਂ ਕੁਰਾਨ ਦੇ ਦੇ ਪੈਰੋਕਾਰ ਲਈ ਨਹੀਂ ਵਰਤਿਆ ਗਿਆ, ਸਗੋਂ ਉਸ ਗੁਰਮੁਖ ਲਈ ਜੋ ਸਤਿਗੁਰੂ ਦੇ ਨਾਮ‑ਮਾਰਗ ‘ਤੇ ਚੱਲ ਕੇ ਅਕਾਲ ਪੁਰਖ ਦੇ ਹੁਕਮ ਨੂੰ ਪੂਰੀ ਤਰ੍ਹਾਂ ਅਪਣਾਉਂਦਾ ਹੈ। ਗੁਰਬਾਣੀ ਵਿੱਚ “ਸੱਚਾ ਮੁਸਲਮਾਨ” ਇੱਕ ਆਤਮਿਕ ਅਵਸਥਾ ਹੈ—ਹਉਮੈ ਤੋਂ ਰਹਿਤ, ਰਜ਼ਾ ਵਿੱਚ ਰੰਗਿਆ, ਦਇਆ ਅਤੇ ਨਿਮਰਤਾ ਨਾਲ ਭਰਪੂਰ ਜੀਵਨ।

We’re here to help. Whether you’re curious about Gurbani, Sikh history, Rehat Maryada or anything else, ask freely. Your questions will be received with respect and answered with care.
Ask Question