• Home
  • Anti-conversion
  • ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬੀ ‘ਚ ਕੁਰਾਨ ਨੂੰ ਲੈ ਕੇ ਵਿਵਾਦ (ਭਾਗ 1)

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬੀ ‘ਚ ਕੁਰਾਨ ਨੂੰ ਲੈ ਕੇ ਵਿਵਾਦ (ਭਾਗ 1)

ਅੱਜਕੱਲ੍ਹ ਕੁਝ ਇਸਲਾਮੀ ਗਰੁੱਪਾਂ ਵੱਲੋਂ ਗੈਰ‑ਮੁਸਲਮਾਨਾਂ ਦੀ ਧਾਰਮਿਕ ਗ੍ਰੂਮਿੰਗ ਬਾਰੇ ਚਰਚਾ ਵੱਧ ਰਹੀ ਹੈ। “ਗ੍ਰੂਮਿੰਗ” ਦਾ ਮਤਲਬ ਹੈ ਕਿਸੇ ਨੂੰ ਹੌਲੀ-ਹੌਲੀ ਪ੍ਰਭਾਵਿਤ ਕਰਕੇ ਉਸ ਦੀ ਸੋਚ ਬਦਲਣਾ, ਜੋ ਮੁੱਖ ਤੌਰ ’ਤੇ ਧਾਰਮਿਕ ਅਤੇ ਜਿਨਸੀ ਰੂਪਾਂ ਵਿੱਚ ਹੁੰਦੀ ਹੈ। ਸਿੱਖ ਕੌਮ ਇਸ ਚੁਣੌਤੀ ਨਾਲ ਪਹਿਲਾਂ ਤੋਂ ਜਾਣੂ ਹੈ, ਪਰ ਹੁਣ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਗ੍ਰੂਮਿੰਗ ਮੁੱਖ ਤੌਰ ’ਤੇ ਦੋ ਕਿਸਮਾਂ ਦੀ ਹੁੰਦੀ ਹੈ, ਧਾਰਮਿਕ ਗ੍ਰੂਮਿੰਗ ਅਤੇ ਜਿਨਸੀ ਗ੍ਰੂਮਿੰਗ। ਧਾਰਮਿਕ ਗ੍ਰੂਮਿੰਗ ਵਿੱਚ ਗੱਲਬਾਤ ਅਤੇ ਪ੍ਰਚਾਰ ਰਾਹੀਂ ਦੂਜੇ ਦੇ ਧਰਮ ਨੂੰ ਨੀਵਾਂ ਦਿਖਾ ਕੇ ਅਤੇ ਗਲਤ ਜਾਣਕਾਰੀ ਦੇ ਕੇ ਆਪਣੇ ਧਰਮ ਦੀ ਵਡਿਆਈ ਕੀਤੀ ਜਾਂਦੀ ਹੈ, ਜਿਸ ਦਾ ਮਕਸਦ ਧਰਮ ਪਰਿਵਰਤਨ ਹੁੰਦਾ ਹੈ। ਘੱਟ ਜਾਣਕਾਰੀ ਵਾਲੇ ਲੋਕ ਇਸ ਦਾ ਆਸਾਨ ਨਿਸ਼ਾਨ ਬਣਦੇ ਹਨ, ਅਤੇ ਇਸ ਦੇ ਪ੍ਰਭਾਵ ਚੜ੍ਹਦੇ ਪੰਜਾਬ ਵਿੱਚ ਵੀ ਦਿਖ ਰਹੇ ਹਨ, ਕੁਝ ਥਾਵਾਂ ’ਤੇ ਗੁਰਦੁਆਰਿਆਂ ਵਿੱਚ ਨਮਾਜ਼ ਪੜ੍ਹਨ ਅਤੇ ਕੁਝ ਸਿੱਖਾਂ ਵੱਲੋਂ ਦੋਵੇਂ ਸਿੱਖ ਮੱਤ ਅਤੇ ਇਸਲਾਮ ਮੱਤ ਨੂੰ ਇੱਕੋ ਜਿਹਾ ਪੇਸ਼ ਕਰਨ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਚਿੰਤਾ ਦੀ ਗੱਲ ਹੈ ਕਿ ਕੁਝ ਪੰਥਕ ਨੇਤਾ ਅਤੇ ਪ੍ਰਚਾਰਕ ਵੀ, ਜਾਣੇ‑ਅਣਜਾਣੇ ਅਜਿਹੀ ਧਾਰਮਿਕ ਗ੍ਰੂਮਿੰਗ ਨੂੰ ਮਦਦ ਕਰ ਬੈਠਦੇ ਹਨ।

2017 ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਡਾ. ਮੁਹੰਮਦ ਹਬੀਬ ਜੀ ਨੇ ਕੁਰਾਨ ਦਾ ਪੰਜਾਬੀ ਅਨੁਵਾਦ ਕੀਤਾ, ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੇ “ਇੱਕ ਰੱਬ” ਵਰਗੀਆਂ ਸਮਾਨਤਾਵਾਂ ਨੂੰ ਉਭਾਰਿਆ। ਇਹ ਅਨੁਵਾਦ ਅਤੇ ਇਸ ਨਾਲ ਜੁੜੇ ਬਿਆਨ ਸਿੱਖ ਸੰਗਤ ਵਿੱਚ ਚਰਚਾ ਅਤੇ ਵਿਵਾਦ ਦਾ ਕਾਰਨ ਬਣੇ ਹਨ। ਸਿੱਖ ਕਿਸੇ ਮਜ਼ਹਬ ਖ਼ਿਲਾਫ਼ ਨਫ਼ਰਤ ਨਹੀਂ ਫੈਲਾਉਂਦੇ, ਸਿੱਖ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਪਰ ਗੁਰਬਾਣੀ ਸਪਸ਼ਟ ਕਰਦੀ ਹੈ ਕਿ ਗੁਰਮਤਿ ਹੀ ਮਨੁੱਖਤਾ ਦਾ ਅਸਲ ਕਲਿਆਣ ਕਰ ਸਕਦੀ ਹੈ: “ਮਤ ਕੋ ਭਰਮਿ ਭੁਲੈ ਸੰਸਾਰਿ ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥” (ਰਾਗੁ ਗੋਂਡ ਮ:੫, ਅੰਗ ੮੬੪)। ਇਸ ਪਹਿਲੇ ਭਾਗ ਵਿੱਚ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਅਨੁਵਾਦ ਨਾਲ ਜੁੜੇ ਵਿਵਾਦ ਅਤੇ ਇਸ ਦੇ ਪੰਥਕ ਪ੍ਰਭਾਵ ਦੀ ਜਾਂਚ ਕਰਾਂਗੇ।

ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਡ. ਮੁਹੰਮਦ ਹਬੀਬ ਜੀ ਵੱਲੋਂ ਸਾਂਝਾ ਧੰਨਵਾਦ ਵਾਲਾ ਮੁਖਬੰਦ।
"ਪਵਿੱਤਰ ਕੁਰਾਨ" ਨਾਮ ਹੇਠ ਕੁਰਾਨ ਦੇ ਪੰਜਾਬੀ ਅਨੁਵਾਦ ਦੇ "ਧੰਨਵਾਦ" ਵਾਲੇ ਮੁਖਬੰਦ (ਪੰਨਾ ੬–੭) ਵਿੱਚ ਇਹ ਲਿਖਤ ਦੋਨੋਂ, ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਡਾ. ਮੁਹੰਮਦ ਹਬੀਬ ਜੀ, ਵੱਲੋਂ ਲਿਖੀ ਗਈ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੁਰਾਨ "ਅੱਲਾਹ ਵੱਲੋਂ ਉਤਾਰੀ ਇਕ ਇਹਲਾਮੀ (ਧੁਰੋਂ ਆਈ) ਕਿਤਾਬ ਹੈ", ਪਰ ਇਹ ਗੱਲ ਗੁਰਬਾਣੀ ਦੀ ਸਿੱਖਿਆ ਦੇ ਉਲਟ ਹੈ, ਕਿਉਂਕਿ ਗੁਰਬਾਣੀ ਤਾਂ ਕੁਰਾਨ ਬਾਰੇ ਸਾਫ਼-ਸਾਫ਼ ਕਹਿੰਦੀ ਹੈ:
ਕਹਤ ਕਬੀਰ ਭਲੇ ਅਸਵਾਰਾ ॥ ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥
ਅਰਥ: ਕਬੀਰ ਜੀ ਆਖਦੇ ਹਨ ਹੈ ਕਿ ਉਹ ਚੰਗੇ ਘੋੜ ਅਸਵਾਰ ਹਨ ਜੋ ਵੇਦਾਂ ਅਤੇ ਕਤੇਬਾਂ (ਤੌਰੇਤ, ਜ਼ੱਬੂਰ, ਅੰਜੀਲ ਅਤੇ ਕੁਰਾਨ) ਤੋਂ ਨਿਰਲੇਪ ਰਹਿੰਦੇ ਹਨ।
(ਰਾਗੁ ਗਉੜੀ ਸ੍ਰੀ ਕਬੀਰ ਜੀਉ, ਅੰਗ ੩੨੯)
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
ਅਰਥ: ਕਹੋ ਕਿ ਵੇਦ ਅਤੇ ਕਤੇਬ (ਭਾਵ ਕੁਰਾਨ, ਤੌਰੇਤ, ਜ਼ੱਬੂਰ, ਅਤੇ ਅੰਜੀਲ) ਦੇ ਪਰਚਾਰੇ ਮੱਤ ਝੂਠੇ ਹਨ, ਅਤੇ ਝੂਠੇ ਉਹ ਲੋਕ ਵੀ ਹਨ ਜੋ ਇਨ੍ਹਾਂ ਮੱਤਾਂ ਨੂੰ ਸੱਚ ਮੰਨ ਕੇ ਬੈਠੇ ਹਨ।
(ਰਾਗੁ ਪ੍ਰਭਾਤੀ, ਸ੍ਰੀ ਕਬੀਰ ਜੀਉ, ਅੰਗ ੧੩੫੦)
ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥
ਅਰਥ: (ਹੇ ਕਾਜ਼ੀ!) ਕੇਤਬਾਂ (ਭਾਵ ਕੁਰਾਨ, ਤੌਰੇਤ, ਜ਼ੱਬੂਰ, ਅਤੇ ਅੰਜੀਲ) ਨੂੰ ਤਿਆਗ ਦੇ ਅਤੇ ਸਾਹਿਬ ਦਾ ਸਿਮਰਨ ਕਰ, ਕਿਉਂਕਿ ਇਹ ਮਜ਼ਬੀ ਕਿਤਾਬਾਂ ਕਰਕੇ ਤੂੰ ਬਹੁਤ ਜ਼ੁਲਮ ਕਰ ਰਿਹਾ ਹੈਂ। ਕਬੀਰ ਨੇ ਇਕ ਸੁਆਮੀ ਦਾ ਸਿਮਰਨ ਦਾ ਆਸਰਾ ਫੜਿਆ ਹੈ ਅਤੇ ਮੁਸਲਮਾਨ ਬੁਰੀ ਤਰ੍ਹਾਂ ਹਾਰ ਗਏ ਹਨ।
(ਰਾਗੁ ਆਸਾ, ਸ੍ਰੀ ਕਬੀਰ ਜੀਉ, ਅੰਗ ੪੭੭)
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥
ਅਰਥ: ਰਾਮ ਚੰਦਰ, ਮੁਹੰਮਦ (ਰਹੀਮ), ਪੁਰਾਨ ਅਤੇ ਕੁਰਾਨ ਨੇ ਅਨੇਕਾ ਮੱਤ ਕਹੇ ਗਏ ਹਨ। ਪਰ ਮੈਂ ਕਿਸੇ ਇਕ ਨੂੰ ਵੀ ਨਹੀਂ ਮੰਨਦਾ।
(ਚਉਬੀਸ ਅਵਤਾਰ, ਪੰਨਾ ੨੫੪)
ਭਾਈ ਗੁਰਦਾਸ ਜੀ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਮੁਖਬੰਦ ਨਾਲ ਸਹਿਮਤ ਨਹੀਂ ਹਨ।
ਭਾਈ ਗੁਰਦਾਸ ਜੀ ਨੂੰ ਇਸਲਾਮ ਬਾਰੇ ਪੁਛੋਂ ਤਾ ਕਹਿੰਦੇ ਹਨ:
ਭਾਈ ਗੁਰਦਾਸ ਜੀ
ਭਾਈ ਗੁਰਦਾਸ ਜੀ
ਸਿੱਖ ਇਤਿਹਾਸ ਦੇ ਮਹਾਨ ਵਿਦਵਾਨ, ਕਵੀ ਅਤੇ ਧਾਰਮਿਕ ਵਿਅਖਿਆਕਾਰ
ਪਉੜੀ ੨੦ (ਮੁਸਲਮਾਨੀ ਮੱਤ)
ਬਹੁ ਵਾਟੀ ਜਗਿ ਚਲੀਆ ਤਬ ਹੀ ਭਏ ਮੁਹੰਮਦਿ ਯਾਰਾ॥
ਕਉਮਿ ਬਹਤਰਿ ਸੰਗਿ ਕਰਿ ਬਹੁ ਬਿਧਿ ਵੈਰ ਵਿਰੋਧੁ ਪਸਾਰਾ॥
ਰੋਜੇ ਈਦ ਨਿਮਾਜਿ ਕਰਿ ਕਰਮੀ ਬੰਦਿ ਕੀਆ ਸੰਸਾਰਾ॥
ਫਰਿ ਪੈਕੰਬਰਿ ਅੳਲੀਏ ਗਉਸ ਕੁਤਬ ਬਹੁ ਭੇਖ ਸਵਾਰਾ॥
ਠਾਕੁਰ ਦੁਆਰੇ ਢਾਹਿਕੈ ਤਿਹਿ ਠਅੁੜੀ ਮਾਸੀਤ ਉਸਾਰਾ॥
ਮਾਰਨਿ ਗਊ ਗਰੀਬ ਨੋ ਧਰਤੀ ਉਫਰਿ ਪਾਪੁ ਬਿਸਥਾਰਾ॥
ਕਾਫਰ ਮੁਲਹਿਦ ਇਰਮਨੀ ਰੰਮੀ ਜੋਗੀ ਦੁਸਮਣਿ ਦਾਰਾ॥
ਪਾਪੇ ਦਾ ਵਰਤਿਆ ਵਰਤਾਰਾ ॥੨੦॥
ਅਰਥ: ਜਦੋਂ ਮੁਹੰਮਦ ਅਤੇ ਉਸ ਦੇ ਚਾਰ ਸਾਥੀ (ਅਬੂ ਬੱਕਰ ਸਦੀਕ, ਉਮਰ ਫ਼ਾਰੂਕ, ਉਸਮਾਨ ਗ਼ਨੀ ਅਤੇ ਅਲੀ) ਹੋਏ, ਤਦੋਂ ਮੁਸਲਮਾਨੀ ਮਜ਼ਹਬ ਵਿੱਚ ਅਨੇਕ ਰਾਹ ਨਿਕਲ ਪਏ, ਅਰਥਾਤ ਕਈ ਫਿਰਕੇ ਬਣ ਗਏ। (ਮੁਹੰਮਦ ਦੇ ਕਹਿਣ ਮੁਤਾਬਕ) ਇਹ ਕੌਮ ਬਹੱਤਰ ਫਿਰਕਿਆਂ ਵਿੱਚ ਵੰਡ ਹੋਣੀ ਹੈ, ਅਤੇ ਇੱਕੋ ਫਿਰਕਾ ਜੰਨਤ ਦਾ ਹੱਕਦਾਰ ਮੰਨਿਆ ਜਾਵੇਗਾ ਜਦਕਿ ਬਾਕੀ ਨਰਕ ਵਿੱਚ ਰਹਿਣਗੇ), ਜਿਸ ਕਾਰਨ ਵੈਰ-ਵਿਰੋਧ ਵਧਦਾ ਗਿਆ। ਇਥੇ ਹੀ ਗੱਲ ਖਤਮ ਨਹੀਂ ਹੋਈ; ਤੀਹ ਰੋਜ਼ੇ, ਦੋ ਈਦਾਂ ਅਤੇ ਪੰਜ ਨਿਮਾਜ਼ਾਂ ਥਾਪ ਕੇ ਇਨ੍ਹਾਂ ਕਰਮਕਾਂਡਾਂ ਵਿੱਚ ਸੰਸਾਰ ਨੂੰ ਜੋੜ ਦਿੱਤਾ। ਪੀਰ, ਪੈਗੰਬਰ, ਔਲੀਏ, ਗ਼ਉਂਸ ਅਤੇ ਕੁਤਬ ਆਦਿ ਅਨੇਕ ਭੇਖਾਂ ਰਾਹੀਂ ਮੁਸਲਮਾਨੀ ਕੌਮ ਹੋਰ ਵੰਡ ਗਈ ਅਤੇ ਅਭਿਮਾਨ ਵਧ ਗਿਆ। ਅਭਿਮਾਨ ਇਤਨਾ ਵਧ ਗਿਆ ਕਿ ਹਿੰਦੂਆਂ ਦੇ ਠਾਕੁਰ-ਦੁਆਰੇ ਢਾਹ ਕੇ ਉਨ੍ਹਾਂ ਦੀ ਥਾਂ ਮਸਜਿਦਾਂ ਬਣਾਈਆਂ ਗਈਆਂ (ਅਰਥਾਤ ਜ਼ੁਲਮ ਵਧਣ ਲੱਗ ਪਿਆ)। ਗਊ ਅਤੇ ਗਰੀਬਾਂ ਨੂੰ ਨਿਰਦਈ ਤਰੀਕੇ ਨਾਲ, ਸ਼ਰ੍ਹਾ ਦਾ ਕਲਮਾ ਪੜ੍ਹ ਕੇ ਕੋਹਿਆ ਜਾਣ ਲੱਗ ਪਿਆ, ਜਿਸ ਨਾਲ ਧਰਤੀ ‘ਤੇ ਪਾਪ ਦਾ ਪਸਾਰਾ ਵਧਣ ਲੱਗ ਪਿਆ। “ਕਾਫ਼ਰ” ਅਤੇ “ਬੇਈਮਾਨ” ਵਰਗੇ ਨਫਰਤ ਭਰੇ ਸ਼ਬਦ ਵਿਰੋਧੀਆਂ ਲਈ ਵਰਤੇ ਜਾਣ ਲੱਗੇ। ਰੂਮ ਅਤੇ ਅਰਮੀਨੀਆ ਦੇਸ਼ਾਂ ਦੀ ਭਾਸ਼ਾ ਅਤੇ ਰਿਵਾਜਾਂ ਨੂੰ ਅਪਣਾਇਆ ਗਿਆ ਅਤੇ ਇਸਤ੍ਰੀ ਜਾਤੀ ਦੇ ਦੁਸ਼ਮਣ ਬਣ ਗਏ (ਕਾਮ ਵਾਸਨਾ ਦੇ ਪ੍ਰਭਾਵ ਨਾਲ ਇਸਤ੍ਰੀਆਂ ਦੀ ਬੇਪਤੀ ਆਮ ਹੋ ਗਈ)। ਇਸ ਤਰ੍ਹਾਂ ਪਾਪ ਦਾ ਪਸਾਰਾ ਫੈਲਦਾ ਗਿਆ।

ਉਪਰੋਕਤ ਮੁਖਬੰਦ ਵਿੱਚ ਲਿਖਿਆ ਹੈ ਕਿ ਕੁਰਾਨ “ਮਾਨਵੀ ਕਲਿਆਣ ਲਈ ਧਰਤੀ ਤੇ ਉਤਾਰੀ,” ਪਰ ਇਹ ਦਾਅਵਾ ਸਹੀ ਨਹੀਂ ਲੱਗਦਾ, ਕਿਉਂਕਿ ਕੁਰਾਨ ਵਿੱਚ ਪਹਿਲਾਂ ਸ਼ਰਾਬ ਦੀ ਆਗਿਆ (ਸੂਰਹ ਅਨ-ਨਿਸਾ 4:43) ਅਤੇ ਫਿਰ ਮਨਾਹੀ ਮਿਲਦੀ ਹੈ (ਸੂਰਹ ਅਲ‑ਮਾਇਦਹ 5:3), ਜੇ ਇਹ ਅਕਾਲ ਪੁਰਖ ਦਾ ਅਸਲੀ ਹੁਕਮ ਹੁੰਦਾ, ਤਾਂ ਅਕਾਲੀ ਹੁਕਮ ਅਟੱਲ ਹੁੰਦਾ, ਬਦਲਦਾ ਨਹੀਂ। ਕੁਰਾਨ ਵਿੱਚ ਗੁਲਾਮ ਰੱਖਣ ਦੀ ਆਗਿਆ (ਸੂਰਹ ਅਨ-ਨਿਸਾ 4:24; ਸੂਰਹ ਅਨ‑ਨਹਲ 16:71), ਯਹੂਦੀਆਂ ਅਤੇ ਇਸਾਈਆਂ ਨਾਲ ਵੈਰ ਰੱਖਣ ਦੇ ਹੁਕਮ (ਸੂਰਹ ਅਲ‑ਮਾਇਦਹ 5:51; ਸੂਰਹ ਅਤ‑ਤੌਬਾ 9:29), ਅਤੇ ਔਰਤਾਂ ਨੂੰ ਵੱਸ ਵਿੱਚ ਰੱਖਣ ਲਈ ਕੁੱਟਣ ਦੀ ਆਗਿਆ (ਸੂਰਹ ਅਨ-ਨਿਸਾ 4:34) ਆਦਿ ਵੀ ਮਿਲਦੀ ਹੈ। ਇਹ ਮਨੁੱਖੀ ਕਲਿਆਣ ਨਹੀਂ, ਸਗੋਂ ਮਨੁੱਖੀ ਮਾਨਸਿਕ ਗੁਲਾਮੀ ਵਾਂਗ ਲੱਗਦਾ ਹੈ।

ਮੁਖਬੰਦ ਵਿੱਚ ਇਹ ਵੀ ਲਿਖਿਆ ਹੈ ਕਿ ਕੁਰਾਨ “ਅੰਤਿਮ ਅਤੇ ਸੰਪੂਰਨ ਆਸਮਾਨੀ ਕਿਤਾਬ ਹੈ।” ਸਿੱਖ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਕਾਲ ਪੁਰਖ ਦਾ ਜੀਉਂਦਾ‑ਜਾਗਦਾ ਸਰਗੁਣ ਸਰੂਪ ਮੰਨਦੇ ਹਨ, ਨਾ ਕਿ ਕੇਵਲ ਕਿਤਾਬ। ਇਸ ਲਈ ਕੁਰਾਨ ਨੂੰ ਸੰਪੂਰਨ ਅਤੇ ਆਖਰੀ ਧੁਰੋਂ ਆਈ ਰਚਨਾ ਦੱਸਣਾ ਨਾ ਸਿਰਫ ਗੁਰਮਤਿ ਅਨੁਸਾਰ ਗਲਤ ਹੈ, ਸਗੋਂ ਗੁਰਮਤਿ ਦੀ ਘੋਰ ਤੋਹੀਨ ਹੈ।

ਗਿਆਨੀ ਹਰਪ੍ਰੀਤ ਸਿੰਘ ਦੇ ਕਿਹਾ ਮੁਤਾਬਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕੁਰਾਨ ਦੋਵੇਂ ਇੱਕੋ ਰੱਬ ਦੀ ਗੱਲ ਕਰਦੇ ਹਨ ਅਤੇ ਮਨੁੱਖ ਨੂੰ ਉਸਦੇ ਹੁਕਮ ਅਨੁਸਾਰ ਜੀਵਨ-ਜਾਂਚ ਦੀ ਸਿੱਖਿਆ ਦਿੰਦੇ ਹਨ। ਪਰ ਇਹ ਦਾਅਵਾ ਗਹਿਰਾਈ ਨਾਲ ਵੇਖਣ ‘ਤੇ ਸਹੀ ਨਹੀਂ ਟਿਕਦਾ।

ਸਿੱਖੀ ਵਿੱਚ ਦਰਸਾਇਆ ਗਿਆ ਵਾਹਿਗੁਰੂ ਅਤੇ ਕੁਰਾਨ ਵਿੱਚ ਵਰਣਿਤ ਅੱਲਾਹ ਦੇ ਸਰੂਪ ਵਿੱਚ ਮੂਲ ਅੰਤਰ ਹਨ। ਸਿਰਫ ਕੁਝ ਸਾਂਝੀਆਂ ਗੱਲਾਂ ਦੇ ਆਧਾਰ ‘ਤੇ ਦੋਵੇਂ ਨੂੰ ਇੱਕੋ ਜਿਹਾ ਕਹਿਣਾ ਗਲਤ ਨਤੀਜੇ ਵੱਲ ਲੈ ਜਾਂਦਾ ਹੈ।

1. ਰੱਬ ਦਾ ਸਰੂਪ ਸਤਵੇਂ ਅਸਮਾਨ ਉੱਤੇ ਵੱਸਦਾ ਰੱਬ ਦੇ ਮੁਕਾਬਲੇ ਕੁਦਰਤ ਦੇ ਅੰਦਰ-ਬਾਹਰ ਸਰਬਵਿਆਪਕ ਵੱਸਦਾ ਰੱਬ
ਕੁਰਾਨ:
“ثم استوى على العرش”
“ਫਿਰ ਉਹ ਅਰਸ਼ ਉੱਤੇ ਕਾਇਮ ਹੋਇਆ”
(ਸੂਰਹ ਅਸ-ਸਜਦਾ 32:4; ਸੂਰਹ ਯੂਨੁਸ 10:3)
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ:
ਸਭ ਮਹਿ ਜੋਤਿ ਜੋਤਿ ਹੈ ਸੋਇ ॥
(ਸੋਹਿਲਾ ਸਾਹਿਬ, ਅੰਗ ੧੩)
ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
(ਸ੍ਰੀ ਕਬੀਰ ਜੀ, ਅੰਗ ੧੩੫੦)

2. ਸ੍ਰਿਸ਼ਟੀ ਦੀ ਰਚਨਾ ਛੇ ਦਿਨਾਂ ਵਿੱਚ ਬਣੀ ਸ੍ਰਿਸ਼ਟੀ ਦੇ ਮੁਕਾਬਲੇ ਇਕੋ ਹੁਕਮ ਨਾਲ ਤੁਰੰਤ ਰਚੀ ਸ੍ਰਿਸ਼ਟੀ
ਕੁਰਾਨ:
“إِنَّ رَبَّكُمُ ٱللَّهُ ٱلَّذِى خَلَقَ ٱلسَّمَـٰوَٰتِ وَٱلْأَرْضَ فِى سِتَّةِ أَيَّامٍۢ ثُمَّ ٱسْتَوَىٰ عَلَى ٱلْعَرْشِ ۖ يُدَبِّرُ ٱلْأَمْرَ ۖ مَا مِن شَفِيعٍ إِلَّا مِنۢ بَعْدِ إِذْنِهِۦ ۚ ذَٰلِكُمُ ٱللَّهُ”
“ਆਸਮਾਨਾਂ ਅਤੇ ਧਰਤੀ ਨੂੰ ਛੇ ਦਿਨਾਂ ਵਿੱਚ ਬਣਾਇਆ”
(ਸੂਰਹ ਯੂਨੁਸ 10:3)
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ:
ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥
(ਜਪੁਜੀ ਸਾਹਿਬ, ਪਉੜੀ 16)
ਜੋ ਕਿਛੁ ਪਾਇਆ ਸੁ ਏਕਾ ਵਾਰ ॥
(ਜਪੁਜੀ ਸਾਹਿਬ, ਪਉੜੀ 31)

3. ਮਨੁੱਖਤਾ ਪ੍ਰਤੀ ਦ੍ਰਿਸ਼ਟੀਕੋਣ ਇਨਸਾਨਾਂ ਨੂੰ “ਕਾਫਿਰ” ਵੱਜੋਂ ਵੰਡਣ ਵਾਲਾ ਨਜ਼ਰੀਆ ਦੇ ਮੁਕਾਬਲੇ ਨਿਰਵੈਰ ਅਤੇ ਸਰਬੱਤ ਦੇ ਭਲੇ ਵਾਲਾ ਨਜ਼ਰੀਆ
ਕੁਰਾਨ:
سَنُلْقِى فِى قُلُوبِ ٱلَّذِينَ كَفَرُوا۟ ٱلرُّعْبَ
“ਅਸੀਂ ਕਾਫਿਰਾਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰਾਂਗੇ”
(ਸੂਰਹ ਆਲਿ ਇਮਰਾਨ 3:151)
فَإِذَا ٱنسَلَخَ ٱلْأَشْهُرُ ٱلْحُرُمُ فَٱقْتُلُوا۟ ٱلْمُشْرِكِينَ حَيْثُ وَجَدتُّمُوهُمْ وَخُذُوهُمْ وَٱحْصُرُوهُمْ وَٱقْعُدُوا۟ لَهُمْ كُلَّ مَرْصَدٍۢ ۚ
“ਫਿਰ, ਜਦੋਂ ਪਵਿੱਤਰ ਮਹੀਨੇ ਲੰਘ ਜਾਣ, ਤਾਂ ਬੁਤ-ਪੂਜਕਾਂ ਨੂੰ ਜਿੱਥੇ ਵੀ ਤੁਸੀਂ ਲੱਭੋ, ਉਨ੍ਹਾਂ ਨੂੰ ਮਾਰੋ; ਅਤੇ ਉਨ੍ਹਾਂ ਨੂੰ ਫੜੋ, ਉਨ੍ਹਾਂ ਨੂੰ ਕੈਦ ਕਰੋ, ਅਤੇ ਹਰ ਘਾਤ ਵਾਲੀ ਥਾਂ ਉਨ੍ਹਾਂ ਲਈ ਘਾਤ ਲਗਾ ਕੇ ਬੈਠੋ।”
(ਸੂਰਹ ਤੌਬਾ 9:5)
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
(ਰਾਗੁ ਕਾਨੜਾ, ਮ:੫, ਅੰਗ ੧੨੯੯)
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
(ਰਾਗੁ ਪ੍ਰਭਾਤੀ, ਸ੍ਰੀ ਕਬੀਰ ਜੀਉ, ਅੰਗ ੧੩੪੯)
ਨਤੀਜਾ

ਗੁਰਮੱਤ ਅਨੁਸਾਰ ਇਨਸਾਨੀਅਤ ਨੂੰ ਬਰਾਬਰ ਦੇਖਣਾ ਚਾਹੀਦਾ ਹੈ:

“…ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥”
(ਅਕਾਲ ਉਸਤਤ, ਪੰਨਾ ੧੪)

ਪਰ ਗੁਰਮੱਤ ਇਹ ਵੀ ਸਪਸ਼ਟ ਕਰਦੀ ਹੈ ਕਿ ਵੱਖ-ਵੱਖ ਮੱਤਾਂ ਅਤੇ ਸੋਚਾਂ ਵਿੱਚ ਅੰਤਰ ਹੈ, ਜਿਸ ਕਰਕੇ ਸਭ ਰਾਹ ਬਰਾਬਰ ਨਹੀਂ ਹਨ:

ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥
ਅਰਥ: ਦੁਨੀਆ ਦੇ ਸਾਰੇ ਮੱਤ-ਮਤਾਂਤਰ ਵੇਖੇ, ਪਰ ਕੋਈ ਵੀ ਅਜਿਹਾ ਨਹੀਂ ਦਿੱਸਿਆ ਜੋ ਸੱਚੇ ਅਰਥਾਂ ਵਿੱਚ ਪਰਮਾਤਮਾ ਨਾਲ ਜੋੜਨ ਵਾਲਾ ਹੋਵੇ।
(ਅਕਾਲ ਉਸਤਤ, ਪੰਨਾ ੩੪)

ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਕੁਰਾਨ ਦੇ ਪੰਜਾਬੀ ਅਨੁਵਾਦ ਅਤੇ ਆਪਣੇ ਇਸਲਾਮ ਸੰਬੰਧਤ ਬਿਆਨਾਂ ਰਾਹੀਂ ਇਸਲਾਮ ਅਤੇ ਗੁਰਸਿੱਖੀ ਨੂੰ ਬਰਾਬਰ ਦਰਸਾਉਣਾ ਇੱਕ ਗੰਭੀਰ ਅਤੇ ਵਿਚਾਰਯੋਗ ਮਸਲਾ ਹੈ, ਜੋ ਕੁਰਾਨ, ਹਦੀਸ ਅਤੇ ਗੁਰਬਾਣੀ ਬਾਰੇ ਅਧੂਰੀ ਸਮਝ ਵੱਲ ਇਸ਼ਾਰਾ ਕਰਦਾ ਹੈ। ਗੁਰਮਤ ਇਨਸਾਨੀਅਤ ਅਤੇ ਭਾਈਚਾਰੇ ਦੀ ਸਿੱਖਿਆ ਤਾਂ ਦਿੰਦੀ ਹੈ, ਪਰ ਨਾਲ ਹੀ ਮੱਤਾਂ ਦੇ ਅਸਲ ਫਰਕ ਨੂੰ ਵੀ ਸਪਸ਼ਟ ਰੱਖਦੀ ਹੈ।

ਭਾਈਚਾਰਾ ਅਤੇ ਸਭ ਨਾਲ ਪਿਆਰ ਕਰਨਾ ਬਹੁਤ ਸੋਹਣੀ ਗੱਲ ਹੈ। ਗੁਰਦੁਆਰਾ ਆਪਣੇ ਆਪ ਵਿੱਚ ਹੀ ਇਨਸਾਨੀਅਤ ਦਾ ਪ੍ਰਤੀਕ ਹੈ, ਸੰਗਤ ਵਿੱਚ ਹਰ ਕੋਈ ਬੈਠ ਸਕਦਾ ਹੈ, ਪੰਗਤ ਸਭ ਲਈ ਖੁੱਲੀ ਹੈ, ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਅਤੇ ਸੇਵਾ ਕਰਦੇ ਸਮੇਂ ਜਾਤ-ਪਾਤ ਨਹੀਂ ਵੇਖੀ ਜਾਂਦੀ। ਇਸ ਲਈ ਬੇਲੋੜੇ ਜਾਂ ਗਲਤ ਸਮਝ ਪੈਦਾ ਕਰਨ ਵਾਲੇ ਪ੍ਰਚਾਰ ਦੀ ਬਜਾਏ ਲੋੜ ਹੈ ਕਿ ਅਸੀਂ ਗੁਰਬਾਣੀ ਅਤੇ ਗੁਰਮੱਤ ਦਾ ਸਪਸ਼ਟ ਅਤੇ ਸਹੀ ਪ੍ਰਚਾਰ ਕਰੀਏ, ਤਾਂ ਜੋ ਦੁਨੀਆ ਨੂੰ ਗੁਰਮਤ ਦੀ ਨਿਆਰੀ ਰੱਬੀ ਸੋਚ ਨਾਲ ਜੋੜਿਆ ਜਾ ਸਕੇ।

Leave A Comment

Your email address will not be published. Required fields are marked *