• Home
  • Uncategorized
  • ਕੀ ਗੁਰੂ ਸਾਹਿਬ ਨੇ ਕਿਹਾ ਸੀ “ਚੰਗੇ ਮੁਸਲਮਾਨ ਬਣੋ”?

ਕੀ ਗੁਰੂ ਸਾਹਿਬ ਨੇ ਕਿਹਾ ਸੀ “ਚੰਗੇ ਮੁਸਲਮਾਨ ਬਣੋ”?

ਗੁਰਬਾਣੀ ਦੀ ਰੌਸ਼ਨੀ ਵਿੱਚ ਗਲਤ-ਫਹਿਮੀਆਂ ਦਾ ਨਿਵਾਰਣ
ਅਕਸਰ ਇਹ ਗੱਲ ਸੁਣਨ ਵਿੱਚ ਆਉਂਦੀ ਹੈ, ਆਮ ਸਿੱਖਾਂ ਤੋਂ ਲੈ ਕੇ ਕਈ ਵਾਰ ਕੁਝ ਪ੍ਰਚਾਰਕਾਂ ਤੱਕ, ਕਿ ਗੁਰੂ ਸਾਹਿਬ ਨੇ ਕਦੇ ਕਿਸੇ ਨੂੰ ਸਿੱਖ ਬਣਨ ਲਈ ਨਹੀਂ ਕਿਹਾ। ਕਿਹਾ ਜਾਂਦਾ ਹੈ ਕਿ “ਜੇ ਤੁਸੀਂ ਮੁਸਲਮਾਨ ਹੋ ਤਾਂ ਚੰਗੇ ਮੁਸਲਮਾਨ ਬਣੋ, ਜੇ ਤੁਸੀਂ ਹਿੰਦੂ ਹੋ ਤਾਂ ਚੰਗੇ ਹਿੰਦੂ ਬਣੋ।” ਇਸ ਵਿਚਾਰ ਨਾਲ ਇੱਕ ਗੰਭੀਰ ਪ੍ਰਸ਼ਨ ਖੜ੍ਹਾ ਹੁੰਦਾ ਹੈ: ਫਿਰ ਸਿੱਖੀ ਕਿਉਂ? ਗੁਰਬਾਣੀ ਦੀ ਲੋੜ ਕਿਉਂ, ਜਦੋਂ ਕੁਰਾਨ, ਬਾਈਬਲ ਅਤੇ ਵੇਦ ਪਹਿਲਾਂ ਹੀ ਮੌਜੂਦ ਹਨ?
ਸਿੱਖੀ ਸਾਰੇ ਮਨੁੱਖਾਂ ਨਾਲ ਪਿਆਰ ਕਰਨ ਦੀ ਸਿੱਖਿਆ ਦਿੰਦੀ ਹੈ ਅਤੇ ਕਿਸੇ ਵਾਸਤੇ ਨਫ਼ਰਤ ਨਹੀਂ ਸਿਖਾਉਂਦੀ। ਇਹ ਲੇਖ ਕਿਸੇ ਧਰਮ ਜਾਂ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਲਈ ਨਹੀਂ, ਸਗੋਂ ਗੁਰਬਾਣੀ ਦੇ ਨਾਮ ‘ਤੇ ਫੈਲ ਰਹੀਆਂ ਗਲਤ-ਫਹਿਮੀਆਂ ਨੂੰ ਦੂਰ ਕਰਨ ਲਈ ਹੈ।
ਗੁਰੂ ਸਾਹਿਬ ਵੱਲੋਂ ਪ੍ਰਚਲਿਤ ਧਾਰਮਿਕ ਸ਼ਬਦਾਂ ਦੀ ਗੁਰਮਤਿ ਅਨੁਸਾਰ ਨਵੀਂ ਪਰਿਭਾਸ਼ਾ
ਸਤਿਗੁਰੂ ਨਾਨਕ ਦੇਵ ਜੀ ਲੋਕਾਂ ਦੇ ਜਾਣ-ਪਛਾਣ ਵਾਲੇ ਧਾਰਮਿਕ ਸ਼ਬਦ ਵਰਤ ਕੇ ਉਨ੍ਹਾਂ ਨੂੰ ਗੁਰਮਤਿ ਅਨੁਸਾਰ ਅਸਲੀ ਆਤਮਿਕ ਅਰਥ ਸਮਝਾਉਂਦੇ ਹਨ। ਜਨੇਊ ਦੇ ਪ੍ਰਸੰਗ ਵਿੱਚ ਉਨ੍ਹਾਂ ਨੇ ਧਾਗੇ ਵਾਲੇ ਜਨੇਊ, ਜੋ ਜਾਤ-ਵਰਨ, ਊਚ-ਨੀਚ ਅਤੇ ਮਰਦ-ਔਰਤ ਦੇ ਭੇਦਭਾਵ ਦਾ ਪ੍ਰਤੀਕ ਸੀ, ਦਾ ਇਨਕਾਰ ਕੀਤਾ, ਪਰ “ਜਨੇਊ” ਸ਼ਬਦ ਰਾਹੀਂ ਸੱਚ, ਦਇਆ, ਸੰਤੋਖ ਅਤੇ ਪਵਿੱਤਰਤਾ ਵਾਲੇ ਅਸਲੀ ਜਨੇਊ ਦੀ ਸਿੱਖਿਆ ਦਿੱਤੀ। ਇਸੇ ਤਰ੍ਹਾਂ ਮੌਲਵੀਆਂ ਵੱਲੋਂ ਪ੍ਰਚਾਰੀਆਂ ਬਾਹਰੀ ਨਿਮਾਜ਼ਾਂ ਅਤੇ ਜੋਗ ਮਤ ਵੱਲੋਂ ਪ੍ਰਚਾਰਿਆ ਹਠ-ਯੋਗ ਦਾ ਇਨਕਾਰ ਕਰਦੇ ਹੋਏ, ਸਤਿਗੁਰੂ ਨਾਨਕ ਦੇਵ ਜੀ ਉਹੋ ਹੀ ਸ਼ਬਦ ਵਰਤ ਕੇ ਗੁਰਮਤਿ ਪਰਿਭਾਸ਼ਾ ਰਾਹੀਂ ਲੋਕਾਂ ਨੂੰ ਅਸਲ ਸੱਚ ਦੀ ਸਿੱਖਿਆ ਦਿੰਦੇ ਹਨ।
ਇਸ ਲਈ ਰਾਗ ਆਸਾ ਦੇ ਜਨੇਊ ਵਾਲੇ ਸ਼ਬਦ ਨੂੰ ਲੈ ਕੇ ਇਹ ਕਹਿਣਾ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ ਨੂੰ ਜਨੇਊ ਪਾਉਣ ਲਈ ਕਿਹਾ, ਇਹ ਅਗਿਆਨਤਾ ਹੈ। ਸਤਿਗੁਰੂ ਨਾਨਕ ਦੇਵ ਜੀ ਮਨਘੜਤ ਰਸਮਾਂ ਦਾ ਇਨਕਾਰ ਕਰਦੇ ਹਨ ਜੋ ਮਨੁੱਖ ਨੂੰ ਸੱਚ, ਦਇਆ ਅਤੇ ਧਰਮ ਤੋਂ ਦੂਰ ਕਰਦੀਆਂ ਹਨ, ਪਰ ਉਹਨਾਂ ਦੀਆਂ ਵਰਤੀਆਂ ਉਦਾਹਰਣਾਂ ਰਾਹੀਂ ਅਸਲੀ ਧਰਮ ਦੀ ਸਿੱਖਿਆ ਦਿੰਦੇ ਹਨ, ਅਤੇ ਇਹੀ ਰੀਤ ਨਿਮਾਜ਼, ਮਸੀਤ, ਪੰਜ ਵਕਤ ਅਤੇ ਯੋਗ ਵਰਗੇ ਸ਼ਬਦਾਂ ਵਿੱਚ ਵੀ ਨਜ਼ਰ ਆਉਂਦੀ ਹੈ
“ਮੁਸਲਮਾਨ” ਸ਼ਬਦ ਦਾ ਅਸਲ ਅਰਥ
“ਮੁਸਲਿਮ” (مُسْلِم) ਦਾ ਮੂਲ ਅਰਥ ਹੈ: “ਉਹ ਜੋ ਸਮਰਪਣ ਕਰਦਾ ਹੈ” ਰੱਬ ਦੀ ਰਜ਼ਾ ਅੱਗੇ ਝੁਕਣ ਵਾਲਾ।
ਕੁਰਾਨ ਦੀ ਗਵਾਹੀ
ਕੁਰਾਨ ਵਿੱਚ ਸੂਰਹ ਆਲਿ ਇਮਰਾਨ (3:67) ਵਿੱਚ ਆਉਂਦਾ ਹੈ:
مَا كَانَ إِبْرَٰهِيمُ يَهُودِيًّۭا وَلَا نَصْرَانِيًّۭا وَلَـٰكِن كَانَ حَنِيفًۭا مُّسْلِمًۭا وَمَا كَانَ مِنَ ٱلْمُشْرِكِينَ ٦٧
ਅਨੁਵਾਦ (ਅਰਥ):
ਇਬਰਾਹੀਮ ਨਾ ਤਾਂ ਯਹੂਦੀ ਸੀ ਅਤੇ ਨਾ ਹੀ ਇਸਾਈ ਸੀ, ਸਗੋਂ ਉਹ ਇੱਕ ਸੱਚਾ, ਸਿੱਧੇ ਰਸਤੇ ‘ਤੇ ਚਲਣ ਵਾਲਾ ਮਨੁੱਖ ਸੀ ਜਿਸਨੇ ਆਪਣੇ ਆਪ ਨੂੰ ਰੱਬ ਦੀ ਰਜ਼ਾ ਅੱਗੇ ਸਮਰਪਿਤ ਕਰ ਦਿੱਤਾ ਸੀ (ਮੁਸਲਿਮ ਸੀ)। ਅਤੇ ਉਹ ਕਦੇ ਵੀ ਮੂਰਤੀ-ਪੂਜਕਾਂ ਵਿੱਚੋਂ ਨਹੀਂ ਸੀ।
ਇੱਥੇ ਧਿਆਨਯੋਗ ਗੱਲ ਇਹ ਹੈ ਕਿ ਇਬਰਾਹੀਮ ਦੇ ਸਮੇਂ ਨਾ ਮੁਹੰਮਦ ਸੀ, ਨਾ ਕੁਰਾਨ ਸੀ, ਨਾ ਹਦੀਸ। ਫਿਰ ਵੀ ਕੁਰਆਨ ਉਸਨੂੰ “ਮੁਸਲਿਮ” ਕਹਿੰਦਾ ਹੈ।
ਇਸ ਤੋਂ ਸਪਸ਼ਟ ਹੁੰਦਾ ਹੈ ਕਿ “ਮੁਸਲਮਾਨ” ਦਾ ਅਸਲ ਅਰਥ ਹੈ: ਰੱਬ ਅੱਗੇ ਪੂਰਨ ਸਮਰਪਣ ਨਾ ਕਿ ਇਸਲਾਮ ਮੱਤ ਦਾ ਪੈਰੋਕਾਰ।

 ਸਤਿਗੁਰੂ ਨਾਨਕ ਦੇਵ ਜੀ ਦੀ ਵਿਆਖਿਆ

ਇਸੇ ਅਰਥ ਵਿੱਚ ਸਤਿਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:

ਸਲੋਕੁ ਮਃ ੧ ॥
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥
ਅਰਥ:- ਅਸਲ ਰੱਬ ਦਾ ਸਮਰਪਿਤ (ਮੁਸਲਮਾਣੁ) ਅਖਵਾਣਾ ਬਹੁਤ ਔਖਾ ਹੈ; ਜੇ ਕੋਈ ਉਹੋ ਜਿਹਾ ਬਣ ਜਾਵੇ, ਤਦ ਹੀ ਉਹ ਆਪਣੇ ਆਪ ਨੂੰ ਮੁਸਲਮਾਨ (ਰੱਬ ਦਾ ਸਮਰਪਿਤ) ਕਹਿ ਸਕਦਾ ਹੈ। ਸਭ ਤੋਂ ਪਹਿਲਾਂ (ਅਵਲਿ) ਉਹ ਪ੍ਰਭੂ ਦੇ ਭਗਤਾਂ (ਅਉਲਿ) ਦੇ ਧਰਮ (ਦੀਨੁ) ਨੂੰ ਮਿੱਠਾ ਜਾਣੇ ਅਤੇ ਆਪਣੇ ਧਨ-ਦੌਲਤ ਦੇ ਅਹੰਕਾਰ ਨੂੰ ਰੇਤ ਨਾਲ ਘਸ ਕੇ ਮਿਟਾ ਦੇਵੇ। ਧਰਮ (ਦੀਨ) ਦੀ ਅਗਵਾਈ ਵਿੱਚ ਤੁਰ ਕੇ ਸੱਚਾ ਸਮਰਪਿਤ (ਮੁਸਲਿਮੁ) ਬਣੇ ਅਤੇ ਜਨਮ-ਮਰਨ ਦੇ ਭਰਮ ਨੂੰ ਦੂਰ ਕਰ ਦੇਵੇ। ਰੱਬ ਦੀ ਰਜ਼ਾ ਨੂੰ ਸਿਰ ਮੱਥੇ ਮੰਨੇ, ਕਰਤਾ ਪੁਰਖ ਨੂੰ ਹੀ ਸਭ ਕੁਝ ਕਰਨ ਵਾਲਾ ਮੰਨੇ ਅਤੇ ਆਪਣਾ ਅਹੰਕਾਰ ਮਿਟਾ ਦੇਵੇ। ਨਾਨਕ (ਗੁਰੂ ਜੀ ਫੁਰਮਾਉਂਦੇ ਹਨ): ਜਦੋਂ ਮਨੁੱਖ ਸਾਰੇ ਜੀਵਾਂ ਨਾਲ ਦਇਆ ਅਤੇ ਪਿਆਰ ਕਰਦਾ ਹੈ, ਤਦ ਹੀ ਉਹ ਅਸਲੀ ਮੁਸਲਮਾਨ (ਰੱਬ ਦਾ ਸਮਰਪਿਤ) ਕਹਾਉਂਦਾ ਹੈ।
(ਰਾਗ ਮਾਝ ਮ:੧, ਅੰਗ ੧੪੧)
 
ਇੱਥੇ “ਮੁਸਲਮਾਨ” ਦੀ ਪਰਿਭਾਸ਼ਾ ਪੂਰੀ ਤਰ੍ਹਾਂ ਆਤਮਿਕ ਹੈ — ਇਸਲਾਮ ਧਰਮ, ਮੁਹੰਮਦ (ਇਸਲਾਮ ਦੇ ਨਬੀ) ਜਾਂ ਹਦੀਸਾਂ (ਮੁਹੰਮਦ ਦੇ ਕਹੇ ਤੇ ਕੀਤੇ ਕੰਮਾਂ ਦੇ ਲਿਖਤ ਸੰਗ੍ਰਹਿ ਹਨ) ਦੇ ਮਾਨਣ ਵਾਲੇ ਵਾਸਤੇ ਨਹੀਂ ਹੈ। ਇੱਥੇ “ਮੁਸਲਮਾਨ” ਦਾ ਅਰਥ ਸਿਰਫ਼ ਰੱਬ ਅੱਗੇ ਪੂਰੀ ਤਰ੍ਹਾਂ ਸਮਰਪਿਤ ਮਨੁੱਖ ਹੈ।
 
 
ਕੀ ਗੁਰਬਾਣੀ ਨਿਮਾਜ਼ ਅਤੇ ਮਸੀਤ ਦੀ ਹਮਾਇਤ ਕਰਦੀ ਹੈ?

ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਗੁਰਬਾਣੀ ਮੁਸਲਮਾਨਾਂ ਨੂੰ ਪੰਜ ਵਾਰ ਨਿਮਾਜ਼ ਪੜ੍ਹਨ ਅਤੇ ਮਸੀਤ ਜਾਣ ਲਈ ਕਹਿੰਦੀ ਹੈ। ਉਹ ਇਹ ਸ਼ਬਦ ਦੱਸਦੇ ਹਨ:

ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥
(ਸਲੋਕ ਸ਼ੇਖ ਫਰੀਦ ਜੀ, ਅੰਗ 1381)

ਇਹ ਸਮਝਣਾ ਜ਼ਰੂਰੀ ਹੈ ਕਿ “ਨਿਵਾਜ”, “ਪੰਜੇ ਵਖਤ” ਅਤੇ “ਮਸੀਤ” ਦਾ ਅਸਲ ਅਰਥ ਗੁਰਬਾਣੀ ਆਪ ਦੱਸਦੀ ਹੈ।

ਗੁਰਬਾਣੀ ਵਿੱਚ ਨਿਮਾਜ਼ ਦੀ ਪਰਿਭਾਸ਼ਾ

ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥
(ਰਾਗ ਮਾਝ, ਅੰਗ ੧੪੦)
ਅਰਥ:- ਉੱਚਾ ਆਚਰਣ ਹੀ ਤੇਰਾ ਕਾਬਾ ਹੋਵੇ, ਸੱਚ (ਗੁਰ-ਸ਼ਬਦ) ਤੇਰਾ ਪੀਰ ਹੋਵੇ, ਅਤੇ ਨੇਕ ਅਮਲ ਹੀ ਤੇਰਾ ਕਲਮਾ ਅਤੇ ਨਿਮਾਜ਼ ਹੋਵੇ।

ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥
(ਰਾਗ ਆਸਾ, ਭਗਤ ਕਬੀਰ ਜੀ, ਅੰਗ ੪੮੦)
ਅਰਥ:- ਉਹੀ ਮਨੁੱਖ ਅਸਲੀ ਨਿਮਾਜ਼ ਪੜ੍ਹਦਾ ਹੈ ਜੋ ਨਿਆਂ ਕਰਦਾ ਹੈ, ਅਤੇ ਜੋ ਅਕਲ ਨਾਲ ਰੱਬ ਨੂੰ ਪਛਾਣਦਾ ਹੈ ਉਹ ਅਸਲੀ ਕਲਮਾ ਉਚਾਰਦਾ ਹੈ।

ਗੁਰਬਾਣੀ ਅਨੁਸਾਰ “ਪੰਜੇ ਵਖਤ” ਕੀ ਹਨ?

ਸਤਿਗੁਰੂ ਜੀ ਫੁਰਮਾਉਂਦੇ ਹਨ:

ਅਵਲਿ ਸਿਫਤਿ ਦੂਜੀ ਸਾਬੂਰੀ ॥
ਤੀਜੈ ਹਲੇਮੀ ਚਉਥੈ ਖੈਰੀ ॥
ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥
(ਰਾਗ ਮਾਰੂ ਮਃ ੫, ਅੰਗ ੧੦੮੪)
ਅਰਥ:- ਹੇ ਬੇਅੰਤ ਪ੍ਰਭੂ! ਤੇਰੇ ਇਹ ਪੰਜ ਵਖਤ ਇਹ ਹਨ: ਪਹਿਲਾ ਵਖਤ — ਤੇਰੀ ਸਿਫ਼ਤ-ਸਾਲਾਹ ਕਰਨੀ। ਦੂਜਾ ਵਖਤ — ਸਾਬੂਰੀ, ਅਰਥਾਤ ਸੰਤੋਖ ਧਾਰਨ ਕਰਨਾ। ਤੀਜਾ ਵਖਤ — ਹਲੇਮੀ, ਅਰਥਾਤ ਨਿਮਰਤਾ ਅਤੇ ਨਿਵੇਂਪਣ ਵਿੱਚ ਰਹਿਣਾ। ਚੌਥਾ ਵਖਤ — ਖੈਰੀ, ਅਰਥਾਤ ਸਭ ਦਾ ਭਲਾ ਮੰਗਣਾ। ਪੰਜਵਾਂ ਵਖਤ — ਪੰਜਾਂ ਨੂੰ ਇੱਕ ਥਾਂ ਟਿਕਾਉਣਾ, ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਵੱਸ ਵਿੱਚ ਰੱਖਣਾ। ਇਹੀ ਤੇਰੇ ਅਸਲ ਪੰਜ ਵਖਤ ਹਨ।

ਇੱਥੇ ਗੁਰੂ ਸਾਹਿਬ ਨੇ “ਪੰਜੇ ਵਖਤ” ਦੀ ਪਰਿਭਾਸ਼ਾ ਬੜੀ ਸਪਸ਼ਟ ਕਰ ਦਿੱਤੀ ਹੈ। ਇਹਨਾਂ ਦਾ ਅਰਥ ਇਹ ਨਹੀਂ ਕਿ ਦਿਨ ਦੇ ਖਾਸ ਸਮਿਆਂ ‘ਤੇ ਖੜ੍ਹ ਕੇ ਕੋਈ ਰਸਮੀ ਨਿਮਾਜ਼ ਪੜ੍ਹੀ ਜਾਵੇ। ਸਗੋਂ ਇਹ ਮਨੁੱਖ ਦੀ ਪੂਰੀ ਜ਼ਿੰਦਗੀ ਦੇ ਅੰਦਰੂਨੀ ਆਤਮਿਕ ਅਭਿਆਸ ਹਨ:

  • ਅਵਲਿ ਸਿਫਤਿ — ਜੀਵਨ ਦਾ ਪਹਿਲਾ ਧਰਮ ਰੱਬ ਦੀ ਸਿਫ਼ਤ ਕਰਨਾ
  • ਦੂਜੀ ਸਾਬੂਰੀ — ਸੰਤੋਖ ਵਿੱਚ ਰਹਿਣਾ
  • ਤੀਜੈ ਹਲੇਮੀ — ਨਿਮਰਤਾ ਧਾਰਨ ਕਰਨਾ
  • ਚਉਥੈ ਖੈਰੀ — ਸਰਬਤ ਦਾ ਭਲਾ ਮੰਗਣਾ
  • ਪੰਜਵੈ ਪੰਜੇ ਇਕਤੁ ਮੁਕਾਮੈ — ਪੰਜ ਵਿਕਾਰਾਂ ਨੂੰ ਸੰਯਮ ਵਿੱਚ ਰੱਖਣਾ

ਅਤੇ ਇਸ ਤਰ੍ਹਾਂ, ਪੰਜੇ ਵਖਤ” ਦਾ ਭਾਵ ਅਰਥ ਆਤਮਿਕ ਜੀਵਨ ਦੀਆਂ ਪੰਜ ਅਵਸਥਾਵਾਂ ਤੇ ਅਭਿਆਸ ਹੈ, ਨਾ ਕਿ ਇਸਲਾਮਿਕ ਫਿਕਹ ਅਨੁਸਾਰ ਨਿਸ਼ਚਿਤ ਸਮਿਆਂ ਵਾਲੀਆਂ ਨਿਮਾਜ਼ਾਂ।

ਮਸੀਤ ਦੀ ਅਸਲੀ ਸਮਝ

ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥
(ਰਾਗ ਮਾਰੂ, ਅੰਗ ੧੦੯੩)
ਅਰਥ:- ਤੇਰਾ ਸਰੀਰ ਹੀ ਮਸੀਤ ਹੈ, ਤੇਰਾ ਮਨ ਉਸ ਵਿੱਚ ਮੌਲਵੀ ਹੈ। ਇਸ ਮਨ ਨੂੰ ਪਵਿੱਤਰ ਅਤੇ ਸਾਫ਼ ਰੱਖਣਾ ਹੀ ਤੇਰਾ ਖੁਦਾਈ ਕਲਮਾ ਹੈ।

ਕਹੁ ਰੇ ਮੁਲਾਂ ਬਾਂਗ ਨਿਵਾਜ ॥ ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥
(ਰਾਗ ਭੈਰਉ, ਭਗਤ ਕਬੀਰ ਜੀ, ਅੰਗ ੧੧੫੮)
ਅਰਥ:- ਹੇ ਮੁੱਲਾਂ! ਇਹ ਦਸ ਦਰਵਾਜ਼ਿਆਂ (ਇੰਦ੍ਰਿਆਂ) ਵਾਲਾ ਸਰੀਰ ਹੀ ਅਸਲ ਮਸੀਤ ਹੈ; ਇਸ ਦੇ ਅੰਦਰ ਰੱਬ ਦਾ ਸਿਮਰਨ ਕਰਨਾ ਹੀ ਅਸਲੀ ਨਿਮਾਜ਼ ਅਦਾ ਕਰਨੀ ਹੈ।

ਗੁਰਬਾਣੀ ਵਿੱਚ ਪੰਜ ਨਿਮਾਜ਼ਾਂ

ਮਃ ੧ ॥
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥
(ਰਾਗ ਮਾਝ, ਅੰਗ ੧੪੧)

ਅਰਥ:- ਇਸਲਾਮ ਵਿੱਚ ਪੰਜ ਨਿਮਾਜ਼ਾਂ ਅਤੇ ਉਹਨਾਂ ਦੇ ਪੰਜ ਵਕਤ ਹਨ, ਅਤੇ ਹਰ ਨਿਮਾਜ਼ ਦਾ ਇੱਕ ਵੱਖਰਾ ਨਾਮ ਹੈ। ਪਰ ਅਸਲੀ ਨਿਮਾਜ਼ਾਂ ਇਹ ਹਨ: (੧) ਸੱਚ ਬੋਲਣਾ ਪਹਿਲੀ ਨਿਮਾਜ਼ ਹੈ; (੨) ਹੱਕ ਦੀ ਕਮਾਈ ਕਰਨੀ ਦੂਜੀ ਨਿਮਾਜ਼ ਹੈ; (੩) ਰੱਬ ਤੋਂ ਸਭ ਦਾ ਭਲਾ ਮੰਗਣਾ ਤੀਜੀ ਨਿਮਾਜ਼ ਹੈ; (੪) ਨੀਅਤ ਨੂੰ ਸਾਫ਼ ਕਰਨਾ ਅਤੇ ਮਨ ਨੂੰ ਪਵਿੱਤਰ ਰੱਖਣਾ ਚੌਥੀ ਨਿਮਾਜ਼ ਹੈ; ਅਤੇ (੫) ਰੱਬ ਦੀ ਸਿਫ਼ਤ-ਸਾਲਾਹ ਕਰਨੀ ਪੰਜਵੀਂ ਨਿਮਾਜ਼ ਹੈ। ਜੇ ਮਨੁੱਖ ਇਹ ਅਸਲ ਨਿਮਾਜ਼ਾਂ ਅਦਾ ਕਰਦਾ ਹੈ ਅਤੇ ਉੱਚਾ ਆਚਰਣ ਰੱਖਦਾ ਹੈ, ਤਦ ਹੀ ਉਹ ਸੱਚਾ ਮੁਸਲਮਾਨ ਕਹਾਉਂਦਾ ਹੈ। ਨਾਨਕ (ਗੁਰੂ ਜੀ ਫੁਰਮਾਉਂਦੇ ਹਨ): ਜਿਹੜੇ ਲੋਕ ਇਹਨਾਂ ਸੱਚੀਆਂ ਨਿਮਾਜ਼ਾਂ ਤੋਂ ਖਾਲੀ ਹਨ, ਉਹ ਝੂਠ ਦੇ ਵਪਾਰੀ ਹਨ ਅਤੇ ਉਹਨਾਂ ਦੀ ਇੱਜ਼ਤ ਵੀ ਝੂਠੀ ਹੈ।

ਹੁਣ ਜਦੋਂ ਗੁਰਬਾਣੀ ਅਨੁਸਾਰ “ਮਸੀਤ”, “ਨਿਮਾਜ਼” ਅਤੇ “ਪੰਜ ਵਕਤ” ਦੇ ਅਸਲ ਗੁਰਮਤਿ ਅਰਥ ਸਪਸ਼ਟ ਹੋ ਗਏ ਹਨ, ਅਸੀਂ ਮੁੜ ਉਸ ਸਲੋਕ ਵੱਲ ਆਉਂਦੇ ਹਾਂ ਜੋ ਪਹਿਲਾਂ ਉਧਰਿਤ ਕੀਤਾ ਸੀ:

ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥
(ਸਲੋਕ ਸ਼ੇਖ ਫਰੀਦ ਜੀ, ਅੰਗ 1381)

ਗੁਰਮਤਿ ਅਨੁਸਾਰ ਇਸ ਦਾ ਅਰਥ ਇਹ ਨਹੀਂ ਕਿ ਫਰੀਦ ਜੀ ਕਿਸੇ ਬਾਹਰੀ ਮਸੀਤ ਵਿੱਚ ਪੰਜ ਵਾਰ ਇਸਲਾਮ ਮੱਤ ਅਨੁਸਾਰ ਨਿਮਾਜ਼ ਪੜ੍ਹਨ ਦੀ ਗੱਲ ਕਰ ਰਹੇ ਹਨ।  ਗੁਰਮਤਿ ਅਨੁਸਾਰ ਇਸ ਇਸ ਸਲੋਕ ਦਾ ਭਾਵ ਅਰਥ ਹੈ:

ਹੇ ਫਰੀਦ! ਨੇਕ ਅਮਲਾਂ ਤੋਂ ਬਿਨਾਂ (ਬੇ ਨਿਵਾਜਾ) ਜੀਵਨ ਦਿਸ਼ਾਹੀਣ ਕੁੱਤੇ ਵਰਗਾ ਹੈ—ਇਹ ਚੰਗੀ ਰੀਤ ਨਹੀਂ। ਤੂੰ ਕਦੇ ਵੀ ਆਪਣੇ ਅੰਦਰਲੇ ਮਨ‑ਰੂਪੀ ਮਸੀਤ ਵਿੱਚ ਨਹੀਂ ਗਿਆ, ਨਾ ਹੀ ਪੰਜ ਆਤਮਿਕ ਅਵਸਥਾਵਾਂ (ਪੰਜੇ ਵਖਤ) ਵਿੱਚ ਸੁਰਤ ਨੂੰ ਜੋੜਿਆ।

ਇਹ ਸਲੋਕ ਕਿਸੇ ਬਾਹਰੀ ਰਸਮ ਦੀ ਨਿੰਦਾ ਨਹੀਂ ਕਰਦਾ; ਇਹ ਅੰਦਰਲੀ ਬੇਧਿਆਨਤਾ ਦੀ ਗੱਲ ਕਰਦਾ ਹੈ। ਗੁਰਮਤਿ ਅਨੁਸਾਰ ਸੱਚੀ ਨਿਮਾਜ਼, ਸੱਚੀ ਮਸੀਤ ਅਤੇ ਸੱਚੇ ਪੰਜ ਵਕਤ ਅੰਦਰ ਹਨ—ਜਿੱਥੇ ਮਨ ਨਾਮ ਨਾਲ ਰੰਗਦਾ ਹੈ, ਹਉਮੈ ਟੁੱਟਦੀ ਹੈ ਅਤੇ ਜੀਵ ਰੱਬ ਦੀ ਰਜ਼ਾ ਵਿੱਚ ਟਿਕਦਾ ਹੈ।

 
ਨਤੀਜਾ: ਗੁਰਮਤਿ ਅਸਲ, ਪੂਰਨ ਅਤੇ ਸਰਬੋਤਮ ਸੱਚ ਦਾ ਮਾਰਗ ਹੈ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤ—ਜਿਵੇਂ ਬਾਬਾ ਫਰੀਦ ਜੀ—ਬ੍ਰਹਮ-ਗਿਆਨੀ ਸਨ ਜੋ ਆਪਣੇ ਪਰਵਾਰਿਕ ਮਜ਼ਬ ਤੋਂ ਉੱਪਰ ਉੱਠ ਕੇ ਸਤਿਗੁਰੂ ਰਾਹੀਂ ਅਸਲੀ ਸੱਚ ਦਾ ਗੁਰਮਤਿ ਦੇ ਨਾਮ‑ਮਾਰਗ ਨੂੰ ਅਪਣਾਉਂਦੇ ਹਨ। ਗੁਰਮਤਿ ਵਿੱਚ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਮਨੁੱਖ ਉਹੀ ਹੈ ਜੋ ਕੇਸਧਾਰੀ ਹੋ ਕੇ ਸਰੀਰ ਨੂੰ ਸਾਬਤ‑ਸੂਰਤ ਰੱਖਦਾ ਹੈ, ਹੁੱਕਾ‑ਤਮਾਕੂ ਤੋਂ ਦੂਰ ਰਹਿੰਦਾ ਹੈ, ਜਾਨਵਰਾਂ ਵਿੱਚ ਵਾਹਿਗੁਰੂ ਦੀ ਜੋਤ ਵੇਖਦਾ ਹੈ, ਝੂਠ ਅਤੇ ਜੂਠ ਨੂੰ ਤਿਆਗ ਕੇ ਸੱਚ ਅਤੇ ਸੁਚਮਤਾ ‘ਤੇ ਪਹਿਰਾ ਦੇਂਦਾ ਹੈ, ਨਿਰਦਯੀ ਖੁਰਾਕ ਦੀ ਥਾਂ ਦਇਆ ਅਤੇ ਨਾਮ‑ਸਿਮਰਨ ਨਾਲ ਭਰੀ ਖੁਰਾਕ ਚੱਖਦਾ ਹੈ, ਇਸਤ੍ਰੀ ਨੂੰ ਪੂਰਨ ਬਰਾਬਰੀ ਨਾਲ ਵੇਖਦਾ ਹੈ, ਕਿਸੇ ਨੂੰ ਕਾਫਿਰ ਜਾਂ ਬੇਗਾਨਾ ਨਹੀਂ ਸਮਝਦਾ ਅਤੇ ਗੁਰਮਤਿ ਅਨੁਸਾਰ ਨਾ ਕਿਸੇ ਹੋਰ ਇਨਸਾਨ ਨੂੰ ਗੁਲਾਮ ਬਣਾਉਣ ਦੀ ਮਨਜ਼ੂਰੀ ਹੈ ਤੇ ਨਾ ਹੀ ਕਿਸੇ ਦੇ ਵੱਖਰੇ ਸੋਚ-ਮਜ਼ਬ ਹੋਣ ਦਾ ਕਾਰਨ ਕਰਕੇ ਉਸ ‘ਤੇ ਜੰਗ ਅਤੇ ਕਤਲ ਕਰਨ ਦੀ।

ਇਸ ਲਈ ਗੁਰੂ ਸਾਹਿਬ ਜਦੋਂ “ਸੱਚਾ ਮੁਸਲਮਾਨ” ਕਹਿੰਦੇ ਹਨ, ਤਾਂ ਇਹ ਕਿਸੇ ਇਸਲਾਮ ਮਜ਼ਹਬ, ਮੁਹੰਮਦ (ਇਸਲਾਮ ਦੇ ਨਬੀ) ਜਾਂ ਕੁਰਾਨ ਦੇ ਦੇ ਪੈਰੋਕਾਰ ਲਈ ਨਹੀਂ ਵਰਤਿਆ ਗਿਆ, ਸਗੋਂ ਉਸ ਗੁਰਮੁਖ ਲਈ ਜੋ ਸਤਿਗੁਰੂ ਦੇ ਨਾਮ‑ਮਾਰਗ ‘ਤੇ ਚੱਲ ਕੇ ਅਕਾਲ ਪੁਰਖ ਦੇ ਹੁਕਮ ਨੂੰ ਪੂਰੀ ਤਰ੍ਹਾਂ ਅਪਣਾਉਂਦਾ ਹੈ। ਗੁਰਬਾਣੀ ਵਿੱਚ “ਸੱਚਾ ਮੁਸਲਮਾਨ” ਇੱਕ ਆਤਮਿਕ ਅਵਸਥਾ ਹੈ—ਹਉਮੈ ਤੋਂ ਰਹਿਤ, ਰਜ਼ਾ ਵਿੱਚ ਰੰਗਿਆ, ਦਇਆ ਅਤੇ ਨਿਮਰਤਾ ਨਾਲ ਭਰਪੂਰ ਜੀਵਨ। 

Leave A Comment

Your email address will not be published. Required fields are marked *