• Home
  • Sikhi vs Other Faiths
  • ਕੀ ਗੁਰੂ ਸਾਹਿਬ ਨੇ ਕਿਹਾ ਸੀ “ਚੰਗੇ ਮੁਸਲਮਾਨ ਬਣੋ”?

ਕੀ ਗੁਰੂ ਸਾਹਿਬ ਨੇ ਕਿਹਾ ਸੀ “ਚੰਗੇ ਮੁਸਲਮਾਨ ਬਣੋ”?

ਗੁਰਬਾਣੀ ਦੀ ਰੌਸ਼ਨੀ ਵਿੱਚ ਗਲਤ-ਫਹਿਮੀਆਂ ਦਾ ਨਿਵਾਰਣ

ਅਕਸਰ ਇਹ ਗੱਲ ਸੁਣਨ ਵਿੱਚ ਆਉਂਦੀ ਹੈ, ਆਮ ਸਿੱਖਾਂ ਤੋਂ ਲੈ ਕੇ ਕਈ ਵਾਰ ਕੁਝ ਪ੍ਰਚਾਰਕਾਂ ਤੱਕ, ਕਿ ਗੁਰੂ ਸਾਹਿਬ ਨੇ ਕਦੇ ਕਿਸੇ ਨੂੰ ਸਿੱਖ ਬਣਨ ਲਈ ਨਹੀਂ ਕਿਹਾ। ਕਿਹਾ ਜਾਂਦਾ ਹੈ ਕਿ “ਜੇ ਤੁਸੀਂ ਮੁਸਲਮਾਨ ਹੋ ਤਾਂ ਚੰਗੇ ਮੁਸਲਮਾਨ ਬਣੋ, ਜੇ ਤੁਸੀਂ ਹਿੰਦੂ ਹੋ ਤਾਂ ਚੰਗੇ ਹਿੰਦੂ ਬਣੋ।” ਇਸ ਵਿਚਾਰ ਨਾਲ ਇੱਕ ਗੰਭੀਰ ਪ੍ਰਸ਼ਨ ਖੜ੍ਹਾ ਹੁੰਦਾ ਹੈ: ਫਿਰ ਸਿੱਖੀ ਕਿਉਂ? ਗੁਰਬਾਣੀ ਦੀ ਲੋੜ ਕਿਉਂ, ਜਦੋਂ ਕੁਰਾਨ, ਬਾਈਬਲ ਅਤੇ ਵੇਦ ਪਹਿਲਾਂ ਹੀ ਮੌਜੂਦ ਹਨ?

ਸਿੱਖੀ ਸਾਰੇ ਮਨੁੱਖਾਂ ਨਾਲ ਪਿਆਰ ਕਰਨ ਦੀ ਸਿੱਖਿਆ ਦਿੰਦੀ ਹੈ ਅਤੇ ਕਿਸੇ ਵਾਸਤੇ ਨਫ਼ਰਤ ਨਹੀਂ ਸਿਖਾਉਂਦੀ। ਇਹ ਲੇਖ ਕਿਸੇ ਧਰਮ ਜਾਂ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਲਈ ਨਹੀਂ, ਸਗੋਂ ਗੁਰਬਾਣੀ ਦੇ ਨਾਮ ‘ਤੇ ਫੈਲ ਰਹੀਆਂ ਗਲਤ-ਫਹਿਮੀਆਂ ਨੂੰ ਦੂਰ ਕਰਨ ਲਈ ਹੈ।

ਗੁਰੂ ਸਾਹਿਬ ਵੱਲੋਂ ਪ੍ਰਚਲਿਤ ਧਾਰਮਿਕ ਸ਼ਬਦਾਂ ਦੀ ਗੁਰਮਤਿ ਅਨੁਸਾਰ ਨਵੀਂ ਪਰਿਭਾਸ਼ਾ

ਸਤਿਗੁਰੂ ਨਾਨਕ ਦੇਵ ਜੀ ਲੋਕਾਂ ਦੇ ਜਾਣ-ਪਛਾਣ ਵਾਲੇ ਧਾਰਮਿਕ ਸ਼ਬਦ ਵਰਤ ਕੇ ਉਨ੍ਹਾਂ ਨੂੰ ਗੁਰਮਤਿ ਅਨੁਸਾਰ ਅਸਲੀ ਆਤਮਿਕ ਅਰਥ ਸਮਝਾਉਂਦੇ ਹਨ। ਜਨੇਊ ਦੇ ਪ੍ਰਸੰਗ ਵਿੱਚ ਉਨ੍ਹਾਂ ਨੇ ਧਾਗੇ ਵਾਲੇ ਜਨੇਊ, ਜੋ ਜਾਤ-ਵਰਨ, ਊਚ-ਨੀਚ ਅਤੇ ਮਰਦ-ਔਰਤ ਦੇ ਭੇਦਭਾਵ ਦਾ ਪ੍ਰਤੀਕ ਸੀ, ਦਾ ਇਨਕਾਰ ਕੀਤਾ, ਪਰ “ਜਨੇਊ” ਸ਼ਬਦ ਰਾਹੀਂ ਸੱਚ, ਦਇਆ, ਸੰਤੋਖ ਅਤੇ ਪਵਿੱਤਰਤਾ ਵਾਲੇ ਅਸਲੀ ਜਨੇਊ ਦੀ ਸਿੱਖਿਆ ਦਿੱਤੀ। ਇਸੇ ਤਰ੍ਹਾਂ ਮੌਲਵੀਆਂ ਵੱਲੋਂ ਪ੍ਰਚਾਰੀਆਂ ਬਾਹਰੀ ਨਿਮਾਜ਼ਾਂ ਅਤੇ ਜੋਗ ਮਤ ਵੱਲੋਂ ਪ੍ਰਚਾਰਿਆ ਹਠ-ਯੋਗ ਦਾ ਇਨਕਾਰ ਕਰਦੇ ਹੋਏ, ਸਤਿਗੁਰੂ ਨਾਨਕ ਦੇਵ ਜੀ ਉਹੋ ਹੀ ਸ਼ਬਦ ਵਰਤ ਕੇ ਗੁਰਮਤਿ ਪਰਿਭਾਸ਼ਾ ਰਾਹੀਂ ਲੋਕਾਂ ਨੂੰ ਅਸਲ ਸੱਚ ਦੀ ਸਿੱਖਿਆ ਦਿੰਦੇ ਹਨ।

ਇਸ ਲਈ ਰਾਗ ਆਸਾ ਦੇ ਜਨੇਊ ਵਾਲੇ ਸ਼ਬਦ ਨੂੰ ਲੈ ਕੇ ਇਹ ਕਹਿਣਾ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ ਨੂੰ ਜਨੇਊ ਪਾਉਣ ਲਈ ਕਿਹਾ, ਇਹ ਅਗਿਆਨਤਾ ਹੈ। ਸਤਿਗੁਰੂ ਨਾਨਕ ਦੇਵ ਜੀ ਮਨਘੜਤ ਰਸਮਾਂ ਦਾ ਇਨਕਾਰ ਕਰਦੇ ਹਨ ਜੋ ਮਨੁੱਖ ਨੂੰ ਸੱਚ, ਦਇਆ ਅਤੇ ਧਰਮ ਤੋਂ ਦੂਰ ਕਰਦੀਆਂ ਹਨ, ਪਰ ਉਹਨਾਂ ਦੀਆਂ ਵਰਤੀਆਂ ਉਦਾਹਰਣਾਂ ਰਾਹੀਂ ਅਸਲੀ ਧਰਮ ਦੀ ਸਿੱਖਿਆ ਦਿੰਦੇ ਹਨ, ਅਤੇ ਇਹੀ ਰੀਤ ਨਿਮਾਜ਼, ਮਸੀਤ, ਪੰਜ ਵਕਤ ਅਤੇ ਯੋਗ ਵਰਗੇ ਸ਼ਬਦਾਂ ਵਿੱਚ ਵੀ ਨਜ਼ਰ ਆਉਂਦੀ ਹੈ

ਗੁਰਬਾਣੀ ਵਿੱਚ ਸ਼ਬਦਾਂ ਦੀ ਤਿਹਰੀ ਅਰਥਵਾਰਤਾ: ਸਮਾਜਿਕ, ਗੁਰਮੁਖ ਅਤੇ ਗੁਰੁ-ਕਰਤਾਰ ਪੱਖ

ਗੁਰਬਾਣੀ ਵਿੱਚ “ਮੁਸਲਮਾਨ”, “ਜੋਗੀ”, “ਬ੍ਰਾਹਮਣ”, “ਪੰਡਿਤ” ਵਰਗੇ ਪੁਰਾਤਨ ਧਾਰਮਿਕ ਸ਼ਬਦ ਤਿੰਨ ਵੱਖ-ਵੱਖ ਪੱਧਰਾਂ ‘ਤੇ ਵਰਤੇ ਗਏ ਹਨ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਤਾਂ ਜੋ ਗੁਰਬਾਣੀ ਦੇ ਅਸਲ ਅਰਥ ਨੂੰ ਠੀਕ ਤਰੀਕੇ ਨਾਲ ਸਮਝਿਆ ਜਾ ਸਕੇ।

੧. ਸਮਾਜਿਕ (ਲੋਕਿਕ) ਅਰਥ

ਸਭ ਤੋਂ ਪਹਿਲਾਂ, ਇਹ ਸ਼ਬਦ ਆਪਣੇ ਸਮੇਂ ਦੀਆਂ ਖ਼ਾਸ ਕੌਮਾਂ ਜਾਂ ਧਾਰਮਿਕ ਵਰਗਾਂ ਲਈ ਵਰਤੇ ਜਾਂਦੇ ਸਨ। ਜਿਵੇਂ “ਮੁਸਲਮਾਨ” ਉਹਨਾਂ ਨੂੰ ਕਿਹਾ ਜਾਂਦਾ ਸੀ ਜੋ ਹਜ਼ਰਤ ਮੁਹੰਮਦ ਦੇ ਮਾਨਣ ਵਾਲੇ ਸਨ, “ਜੋਗੀ” ਉਹ ਜੋ ਹਠ-ਯੋਗ ਦੀ ਕਿਰਿਆ ਕਰਦੇ ਸਨ, “ਬ੍ਰਾਹਮਣ” ਅਤੇ “ਪੰਡਿਤ” ਹਿੰਦੂ ਧਾਰਮਿਕ ਵਰਗਾਂ ਨੂੰ ਦਰਸਾਉਂਦੇ ਸਨ।

ਜੋਗੀ ਜੁਗਤਿ ਨ ਜਾਣੈ ਅੰਧੁ ॥ (ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੬੨)

੨. ਗੁਰਮੁਖ (ਆਤਮਕ/ਸੱਚਾ) ਅਰਥ

ਫਿਰ ਗੁਰੂ ਸਾਹਿਬਾਨ ਇਹਨਾਂ ਹੀ ਸ਼ਬਦਾਂ ਨੂੰ ਨਵੀਂ ਪਰਿਭਾਸ਼ਾ ਦਿੰਦੇ ਹਨ ਅਤੇ ਉਹਨਾਂ ਨੂੰ ਗੁਰਮੁਖ ਜੀਵਨ ਨਾਲ ਜੋੜਦੇ ਹਨ। ਇਸ ਅਰਥ ਵਿੱਚ “ਸੱਚਾ ਜੋਗੀ”, “ਸੱਚਾ ਮੁਸਲਮਾਨ” ਆਦਿ ਉਹ ਹੈ ਜੋ ਗੁਰਮਤ ਅਨੁਸਾਰ ਜੀਵਨ ਜੀਊਂਦਾ ਹੈ ਅਤੇ ਸਤਿਗੁਰ ਦੀ ਸੇਵਾ ਕਰਦਾ ਹੈ।

ਸਤਿਗੁਰੁ ਸੇਵੇ ਸੋ ਜੋਗੀ ਹੋਇ ॥ (ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੨੩)

੩. ਗੁਰੁ-ਕਰਤਾਰ (ਪਰਮਾਤਮਕ) ਅਰਥ

ਇਸ ਤੋਂ ਅੱਗੇ, ਇਹੋ ਹੀ ਸ਼ਬਦ ਗੁਰਬਾਣੀ ਵਿੱਚ ਗੁਰੁ ਅਤੇ ਅਕਾਲ ਪੁਰਖ ਲਈ ਵੀ ਵਰਤੇ ਜਾਂਦੇ ਹਨ, ਜਿੱਥੇ ਉਹਨਾਂ ਦਾ ਅਰਥ ਪੂਰਨ ਰੂਪ ਵਿੱਚ ਪਰਮਾਤਮਕ ਹੋ ਜਾਂਦਾ ਹੈ।

ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ ॥ (ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੭੩)

ਇਸ ਤਰ੍ਹਾਂ, ਇੱਕੋ ਹੀ ਸ਼ਬਦ ਗੁਰਬਾਣੀ ਵਿੱਚ ਸਮਾਜਿਕ ਪਹਿਚਾਣ ਤੋਂ ਲੈ ਕੇ ਗੁਰਮੁਖ ਜੀਵਨ ਅਤੇ ਅੰਤ ਵਿੱਚ ਗੁਰੁ-ਕਰਤਾਰ ਦੇ ਸਰੂਪ ਤੱਕ ਤਿੰਨ ਪੱਖਾਂ ਵਿੱਚ ਵਰਤਿਆ ਗਿਆ ਹੈ। ਇਸ ਤਿਹਰੀ ਅਰਥਵਾਰਤਾ ਨੂੰ ਸਮਝਣ ਨਾਲ ਗੁਰਬਾਣੀ ਦੇ ਗੂੜ੍ਹੇ ਭੇਦ ਸਪੱਸ਼ਟ ਹੁੰਦ ਹਨ ਅਤੇ ਗਲਤ ਫਹਿਮੀਆਂ ਦੂਰ ਹੁੰਦੀਆਂ ਹਨ।

“ਮੁਸਲਮਾਨ” ਸ਼ਬਦ ਦਾ ਅਸਲ ਅਰਥ

“ਮੁਸਲਿਮ” (مُسْلِم) ਦਾ ਮੂਲ ਅਰਥ ਹੈ: “ਉਹ ਜੋ ਸਮਰਪਣ ਕਰਦਾ ਹੈ” ਰੱਬ ਦੀ ਰਜ਼ਾ ਅੱਗੇ ਝੁਕਣ ਵਾਲਾ।

ਕੁਰਾਨ ਦੀ ਗਵਾਹੀ: ਕੁਰਾਨ ਵਿੱਚ ਸੂਰਹ ਆਲਿ ਇਮਰਾਨ (3:67) ਵਿੱਚ ਆਉਂਦਾ ਹੈ:

مَا كَانَ إِبْرَٰهِيمُ يَهُودِيًّۭਾ وَلَا ਨَصْرَانِيًّۭਾ وَلَـٰكِن كَانَ حَنِيفًۭਾ مُّسْلِمًۭਾ وَمَا كَانَ مِنَ ٱلْمُشْرِكِينَ ٦੭
ਅਨੁਵਾਦ (ਅਰਥ): ਇਬਰਾਹੀਮ ਨਾ ਤਾਂ ਯਹੂਦੀ ਸੀ ਅਤੇ ਨਾ ਹੀ ਇਸਾਈ ਸੀ, ਸਗੋਂ ਉਹ ਇੱਕ ਸੱਚਾ, ਸਿੱਧੇ ਰਸਤੇ ‘ਤੇ ਚਲਣ ਵਾਲਾ ਮਨੁੱਖ ਸੀ ਜਿਸਨੇ ਆਪਣੇ ਆਪ ਨੂੰ ਰੱਬ ਦੀ ਰਜ਼ਾ ਅੱਗੇ ਸਮਰਪਿਤ ਕਰ ਦਿੱਤਾ ਸੀ (ਮੁਸਲਿਮ ਸੀ)। ਅਤੇ ਉਹ ਕਦੇ ਵੀ ਮੂਰਤੀ-ਪੂਜਕਾਂ ਵਿੱਚੋਂ ਨਹੀਂ ਸੀ।

ਇੱਥੇ ਧਿਆਨਯੋਗ ਗੱਲ ਇਹ ਹੈ ਕਿ ਇਬਰਾਹੀਮ ਦੇ ਸਮੇਂ ਨਾ ਮੁਹੰਮਦ ਸੀ, ਨਾ ਕੁਰਾਨ ਸੀ, ਨਾ ਹਦੀਸ। ਫਿਰ ਵੀ ਕੁਰਆਨ ਉਸਨੂੰ “ਮੁਸਲਿਮ” ਕਹਿੰਦਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ “ਮੁਸਲਮਾਨ” ਦਾ ਅਸਲ ਅਰਥ ਹੈ: ਰੱਬ ਅੱਗੇ ਪੂਰਨ ਸਮਰਪਣ ਨਾ ਕਿ ਇਸਲਾਮ ਮੱਤ ਦਾ ਪੈਰੋਕਾਰ।

ਸਤਿਗੁਰੂ ਨਾਨਕ ਦੇਵ ਜੀ ਦੀ ਵਿਆਖਿਆ

ਸਲੋਕੁ ਮਃ ੧ ॥
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥
ਅਰਥ:- ਅਸਲ ਰੱਬ ਦਾ ਸਮਰਪਿਤ (ਮੁਸਲਮਾਣੁ) ਅਖਵਾਣਾ ਬਹੁਤ ਔਖਾ ਹੈ; ਜੇ ਕੋਈ ਉਹੋ ਜਿਹਾ ਬਣ ਜਾਵੇ, ਤਦ ਹੀ ਉਹ ਆਪਣੇ ਆਪ ਨੂੰ ਮੁਸਲਮਾਨ (ਰੱਬ ਦਾ ਸਮਰਪਿਤ) ਕਹਿ ਸਕਦਾ ਹੈ। ਸਭ ਤੋਂ ਪਹਿਲਾਂ (ਅਵਲਿ) ਉਹ ਪ੍ਰਭੂ ਦੇ ਭਗਤਾਂ (ਅਉਲਿ) ਦੇ ਧਰਮ (ਦੀਨੁ) ਨੂੰ ਮਿੱਠਾ ਜਾਣੇ ਅਤੇ ਆਪਣੇ ਧਨ-ਦੌਲਤ ਦੇ ਅਹੰਕਾਰ ਨੂੰ ਰੇਤ ਨਾਲ ਘਸ ਕੇ ਮਿਟਾ ਦੇਵੇ। ਧਰਮ (ਦੀਨ) ਦੀ ਅਗਵਾਈ ਵਿੱਚ ਤੁਰ ਕੇ ਸੱਚਾ ਸਮਰਪਿਤ (ਮੁਸਲਿਮੁ) ਬਣੇ ਅਤੇ ਜਨਮ-ਮਰਨ ਦੇ ਭਰਮ ਨੂੰ ਦੂਰ ਕਰ ਦੇਵੇ। ਰੱਬ ਦੀ ਰਜ਼ਾ ਨੂੰ ਸਿਰ ਮੱਥੇ ਮੰਨੇ, ਕਰਤਾ ਪੁਰਖ ਨੂੰ ਹੀ ਸਭ ਕੁਝ ਕਰਨ ਵਾਲਾ ਮੰਨੇ ਅਤੇ ਆਪਣਾ ਅਹੰਕਾਰ ਮਿਟਾ ਦੇਵੇ। ਨਾਨਕ (ਗੁਰੂ ਜੀ ਫੁਰਮਾਉਂਦੇ ਹਨ): ਜਦੋਂ ਮਨੁੱਖ ਸਾਰੇ ਜੀਵਾਂ ਨਾਲ ਦਇਆ ਅਤੇ ਪਿਆਰ ਕਰਦਾ ਹੈ, ਤਦ ਹੀ ਉਹ ਅਸਲੀ ਮੁਸਲਮਾਨ (ਰੱਬ ਦਾ ਸਮਰਪਿਤ) ਕਹਾਉਂਦਾ ਹੈ।
(ਰਾਗ ਮਾਝ ਮ:੧, ਅੰਗ ੧੪੧)

ਇੱਥੇ “ਮੁਸਲਮਾਨ” ਦੀ ਪਰਿਭਾਸ਼ਾ ਪੂਰੀ ਤਰ੍ਹਾਂ ਆਤਮਿਕ ਹੈ, ਇਸਲਾਮ ਧਰਮ, ਮੁਹੰਮਦ (ਇਸਲਾਮ ਦੇ ਨਬੀ) ਜਾਂ ਹਦੀਸਾਂ (ਮੁਹੰਮਦ ਦੇ ਕਹੇ ਤੇ ਕੀਤੇ ਕੰਮਾਂ ਦੇ ਲਿਖਤ ਸੰਗ੍ਰਹਿ ਹਨ) ਦੇ ਮਾਨਣ ਵਾਲੇ ਵਾਸਤੇ ਨਹੀਂ ਹੈ। ਇੱਥੇ “ਮੁਸਲਮਾਨ” ਦਾ ਅਰਥ ਸਿਰਫ਼ ਰੱਬ ਅੱਗੇ ਪੂਰੀ ਤਰ੍ਹਾਂ ਸਮਰਪਿਤ ਮਨੁੱਖ ਹੈ।

ਕੀ ਗੁਰਬਾਣੀ ਨਿਮਾਜ਼ ਅਤੇ ਮਸੀਤ ਦੀ ਹਮਾਇਤ ਕਰਦੀ ਹੈ?

ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਗੁਰਬਾਣੀ ਮੁਸਲਮਾਨਾਂ ਨੂੰ ਪੰਜ ਵਾਰ ਨਿਮਾਜ਼ ਪੜ੍ਹਨ ਅਤੇ ਮਸੀਤ ਜਾਣ ਲਈ ਕਹਿੰਦੀ ਹੈ। ਉਹ ਇਹ ਸ਼ਬਦ ਦੱਸਦੇ ਹਨ:

ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥
(ਸਲੋਕ ਸ਼ੇਖ ਫਰੀਦ ਜੀ, ਅੰਗ 1381)

ਇਹ ਸਮਝਣਾ ਜ਼ਰੂਰੀ ਹੈ ਕਿ “ਨਿਵਾਜ”, “ਪੰਜੇ ਵਖਤ” ਅਤੇ “ਮਸੀਤ” ਦਾ ਅਸਲ ਅਰਥ ਗੁਰਬਾਣੀ ਆਪ ਦੱਸਦੀ ਹੈ।

ਗੁਰਬਾਣੀ ਵਿੱਚ ਨਿਮਾਜ਼ ਦੀ ਪਰਿਭਾਸ਼ਾ

ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਅਰਥ:- ਉੱਚਾ ਆਚਰਣ ਹੀ ਤੇਰਾ ਕਾਬਾ ਹੋਵੇ, ਸੱਚ (ਗੁਰ-ਸ਼ਬਦ) ਤੇਰਾ ਪੀਰ ਹੋਵੇ, ਅਤੇ ਨੇਕ ਅਮਲ ਹੀ ਤੇਰਾ ਕਲਮਾ ਅਤੇ ਨਿਮਾਜ਼ ਹੋਵੇ।
(ਰਾਗ ਮਾਝ, ਅੰਗ ੧੪੦)
ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥ ਅਰਥ:- ਉਹੀ ਮਨੁੱਖ ਅਸਲੀ ਨਿਮਾਜ਼ ਪੜ੍ਹਦਾ ਹੈ ਜੋ ਨਿਆਂ ਕਰਦਾ ਹੈ, ਅਤੇ ਜੋ ਅਕਲ ਨਾਲ ਰੱਬ ਨੂੰ ਪਛਾਣਦਾ ਹੈ ਉਹ ਅਸਲੀ ਕਲਮਾ ਉਚਾਰਦਾ ਹੈ।
(ਰਾਗ ਆਸਾ, ਭਗਤ ਕਬੀਰ ਜੀ, ਅੰਗ ੪੮੦)

ਗੁਰਬਾਣੀ ਅਨੁਸਾਰ “ਪੰਜੇ ਵਖਤ” ਕੀ ਹਨ?

ਅਵਲਿ ਸਿਫਤਿ ਦੂਜੀ ਸਾਬੂਰੀ ॥
ਤੀਜੈ ਹਲੇਮੀ ਚਉਥੈ ਖੈਰੀ ॥
ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥
ਅਰਥ:- ਹੇ ਬੇਅੰਤ ਪ੍ਰਭੂ! ਤੇਰੇ ਇਹ ਪੰਜ ਵਖਤ ਇਹ ਹਨ: ਪਹਿਲਾ ਵਖਤ: ਤੇਰੀ ਸਿਫ਼ਤ-ਸਾਲਾਹ ਕਰਨੀ। ਦੂਜਾ ਵਖਤ: ਸਾਬੂਰੀ, ਅਰਥਾਤ ਸੰਤੋਖ ਧਾਰਨ ਕਰਨਾ। ਤੀਜਾ ਵਖਤ: ਹਲੇਮੀ, ਅਰਥਾਤ ਨਿਮਰਤਾ ਅਤੇ ਨਿਵੇਂਪਣ ਵਿੱਚ ਰਹਿਣਾ। ਚੌਥਾ ਵਖਤ: ਖੈਰੀ, ਅਰਥਾਤ ਸਭ ਦਾ ਭਲਾ ਮੰਗਣਾ। ਪੰਜਵਾਂ ਵਖਤ: ਪੰਜਾਂ ਨੂੰ ਇੱਕ ਥਾਂ ਟਿਕਾਉਣਾ, ਭਾਵ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਵੱਸ ਵਿੱਚ ਰੱਖਣਾ। ਇਹੀ ਤੇਰੇ ਅਸਲ ਪੰਜ ਵਖਤ ਹਨ।
(ਰਾਗ ਮਾਰੂ ਮਃ ੫, ਅੰਗ ੧੦੪)

ਇੱਥੇ ਗੁਰੂ ਸਾਹਿਬ ਨੇ “ਪੰਜੇ ਵਖਤ” ਦੀ ਪਰਿਭਾਸ਼ਾ ਬੜੀ ਸਪਸ਼ਟ ਕਰ ਦਿੱਤੀ ਹੈ। ਇਹਨਾਂ ਦਾ ਅਰਥ ਇਹ ਨਹੀਂ ਕਿ ਦਿਨ ਦੇ ਖਾਸ ਸਮਿਆਂ ‘ਤੇ ਖੜ੍ਹ ਕੇ ਕੋਈ ਰਸਮੀ ਨਿਮਾਜ਼ ਪੜ੍ਹੀ ਜਾਵੇ। ਸਗੋਂ ਇਹ ਮਨੁੱਖ ਦੀ ਪੂਰੀ ਜ਼ਿੰਦਗੀ ਦੇ ਅੰਦਰੂਨੀ ਆਤਮਿਕ ਅਭਿਆਸ ਹਨ:

  • ਅਵਲਿ ਸਿਫਤਿ: ਜੀਵਨ ਦਾ ਪਹਿਲਾ ਧਰਮ ਰੱਬ ਦੀ ਸਿਫ਼ਤ ਕਰਨਾ
  • ਦੂਜੀ ਸਾਬੂਰੀ: ਸੰਤੋਖ ਵਿੱਚ ਰਹਿਣਾ
  • ਤੀਜੈ ਹਲੇਮੀ: ਨਿਮਰਤਾ ਧਾਰਨ ਕਰਨਾ
  • ਚਉਥੈ ਖੈਰੀ: ਸਰਬਤ ਦਾ ਭਲਾ ਮੰਗਣਾ
  • ਪੰਜਵੈ ਪੰਜੇ ਇਕਤੁ ਮੁਕਾਮੈ: ਪੰਜ ਵਿਕਾਰਾਂ ਨੂੰ ਸੰਯਮ ਵਿੱਚ ਰੱਖਣਾ

ਅਤੇ ਇਸ ਤਰ੍ਹਾਂ, “ਪੰਜੇ ਵਖਤ” ਦਾ ਭਾਵ ਅਰਥ ਆਤਮਿਕ ਜੀਵਨ ਦੀਆਂ ਪੰਜ ਅਵਸਥਾਵਾਂ ਤੇ ਅਭਿਆਸ ਹੈ, ਨਾ ਕਿ ਇਸਲਾਮਿਕ ਫਿਕਹ ਅਨੁਸਾਰ ਨਿਸ਼ਚਿਤ ਸਮਿਆਂ ਵਾਲੀਆਂ ਨਿਮਾਜ਼ਾਂ.

ਮਸੀਤ ਦੀ ਅਸਲੀ ਸਮਝ

ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥ ਅਰਥ:- ਤੇਰਾ ਸਰੀਰ ਹੀ ਮਸੀਤ ਹੈ, ਤੇਰਾ ਮਨ ਉਸ ਵਿੱਚ ਮੌਲਵੀ ਹੈ। ਇਸ ਮਨ ਨੂੰ ਪਵਿੱਤਰ ਅਤੇ ਸਾਫ਼ ਰੱਖਣਾ ਹੀ ਤੇਰਾ ਖੁਦਾਈ ਕਲਮਾ ਹੈ।
(ਰਾਗ ਮਾਰੂ, ਅੰਗ ੧੦੯੩)
ਕਹੁ ਰੇ ਮੁਲਾਂ ਬਾਂਗ ਨਿਵਾਜ ॥ ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥ ਅਰਥ:- ਹੇ ਮੁੱਲਾਂ! ਇਹ ਦਸ ਦਰਵਾਜ਼ਿਆਂ (ਇੰਦ੍ਰਿਆਂ) ਵਾਲਾ ਸਰੀਰ ਹੀ ਅਸਲ ਮਸੀਤ ਹੈ; ਇਸ ਦੇ ਅੰਦਰ ਰੱਬ ਦਾ ਸਿਮਰਨ ਕਰਨਾ ਹੀ ਅਸਲੀ ਨਿਮਾਜ਼ ਅਦਾ ਕਰਨੀ ਹੈ।
(ਰਾਗ ਭੈਰਉ, ਭਗਤ ਕਬੀਰ ਜੀ, ਅੰਗ ੧੧੫੮)

ਗੁਰਬਾਣੀ ਵਿੱਚ ਪੰਜ ਨਿਮਾਜ਼ਾਂ

ਮਃ ੧ ॥
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥
ਅਰਥ:- ਇਸਲਾਮ ਵਿੱਚ ਪੰਜ ਨਿਮਾਜ਼ਾਂ ਅਤੇ ਉਹਨਾਂ ਦੇ ਪੰਜ ਵਕਤ ਹਨ, ਅਤੇ ਹਰ ਨਿਮਾਜ਼ ਦਾ ਇੱਕ ਵੱਖਰਾ ਨਾਮ ਹੈ। ਪਰ ਅਸਲੀ ਨਿਮਾਜ਼ਾਂ ਇਹ ਹਨ: (੧) ਸੱਚ ਬੋਲਣਾ ਪਹਿਲੀ ਨਿਮਾਜ਼ ਹੈ; (੨) ਹੱਕ ਦੀ ਕਮਾਈ ਕਰਨੀ ਦੂਜੀ ਨਿਮਾਜ਼ ਹੈ; (੩) ਰੱਬ ਤੋਂ ਸਭ ਦਾ ਭਲਾ ਮੰਗਣਾ ਤੀਜੀ ਨਿਮਾਜ਼ ਹੈ; (੪) ਨੀਅਤ ਨੂੰ ਸਾਫ਼ ਕਰਨਾ ਅਤੇ ਮਨ ਨੂੰ ਪਵਿੱਤਰ ਰੱਖਣਾ ਚੌਥੀ ਨਿਮਾਜ਼ ਹੈ; ਅਤੇ (੫) ਰੱਬ ਦੀ ਸਿਫ਼ਤ-ਸਾਲਾਹ ਕਰਨੀ ਪੰਜਵੀਂ ਨਿਮਾਜ਼ ਹੈ। ਜੇ ਮਨੁੱਖ ਇਹ ਅਸਲ ਨਿਮਾਜ਼ਾਂ ਅਦਾ ਕਰਦਾ ਹੈ ਅਤੇ ਉੱਚਾ ਆਚਰਣ ਰੱਖਦਾ ਹੈ, ਤਦ ਹੀ ਉਹ ਸੱਚਾ ਮੁਸਲਮਾਨ ਕਹਾਉਂਦਾ ਹੈ। ਨਾਨਕ (ਗੁਰੂ ਜੀ ਫੁਰਮਾਉਂਦੇ ਹਨ): ਜਿਹੜੇ ਲੋਕ ਇਹਨਾਂ ਸੱਚੀਆਂ ਨਿਮਾਜ਼ਾਂ ਤੋਂ ਖਾਲੀ ਹਨ, ਉਹ ਝੂਠ ਦੇ ਵਪਾਰੀ ਹਨ ਅਤੇ ਉਹਨਾਂ ਦੀ ਇੱਜ਼ਤ ਵੀ ਝੂਠੀ ਹੈ।
(ਰਾਗ ਮਾਝ, ਅੰਗ ੧੪੧)

ਹੁਣ ਜਦੋਂ ਗੁਰਬਾਣੀ ਅਨੁਸਾਰ “ਮਸੀਤ”, “ਨਿਮਾਜ਼” ਅਤੇ “ਪੰਜ ਵਕਤ” ਦੇ ਅਸਲ ਗੁਰਮਤਿ ਅਰਥ ਸਪਸ਼ਟ ਹੋ ਗਏ ਹਨ, ਅਸੀਂ ਮੁੜ ਉਸ ਸਲੋਕ ਵੱਲ ਆਉਂਦੇ ਹਾਂ ਜੋ ਪਹਿਲਾਂ ਉਧਰਿਤ ਕੀਤਾ ਸੀ:

ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥
ਗੁਰਮਤਿ ਅਨੁਸਾਰ ਇਸ ਦਾ ਅਰਥ:ਹੇ ਫਰੀਦ! ਨੇਕ ਅਮਲਾਂ ਤੋਂ ਬਿਨਾਂ (ਬੇ ਨਿਵਾਜਾ) ਜੀਵਨ ਦਿਸ਼ਾਹੀਣ ਕੁੱਤੇ ਵਰਗਾ ਹੈ, ਇਹ ਚੰਗੀ ਰੀਤ ਨਹੀਂ। ਤੂੰ ਕਦੇ ਵੀ ਆਪਣੇ ਅੰਦਰਲੇ ਮਨ‑ਰੂਪੀ ਮਸੀਤ ਵਿੱਚ ਨਹੀਂ ਗਿਆ, ਨਾ ਹੀ ਪੰਜ ਆਤਮਿਕ ਅਵਸਥਾਵਾਂ (ਪੰਜੇ ਵਖਤ) ਵਿੱਚ ਸੁਰਤ ਨੂੰ ਜੋੜਿਆ.

ਇਹ ਸਲੋਕ ਕਿਸੇ ਬਾਹਰੀ ਰਸਮ ਦੀ ਨਿੰਦਾ ਨਹੀਂ ਕਰਦਾ; ਇਹ ਅੰਦਰਲੀ ਬੇਧਿਆਨਤਾ ਦੀ ਗੱਲ ਕਰਦਾ ਹੈ। ਗੁਰਮਤਿ ਅਨੁਸਾਰ ਸੱਚੀ ਨਿਮਾਜ਼, ਸੱਚੀ ਮਸੀਤ ਅਤੇ ਸੱਚੇ ਪੰਜ ਵਕਤ ਅੰਦਰ ਹਨ, ਜਿੱਥੇ ਮਨ ਨਾਮ ਨਾਲ ਰੰਗਦਾ ਹੈ, ਹਉਮੈ ਟੁੱਟਦੀ ਹੈ ਅਤੇ ਜੀਵ ਰੱਬ ਦੀ ਰਜ਼ਾ ਵਿੱਚ ਟਿਕਦਾ ਹੈ।

ਗੁਰਮਤ ਵਿੱਚ ਬਿਨਾ ਜਬਰ ਦੇ ਪ੍ਰੇਰਣਾ: ਪਿਆਰ, ਸਹਿਣਸ਼ੀਲਤਾ ਅਤੇ ਸਿੱਖੀ ਦਾ ਸੱਦਾ

ਗੁਰੂ ਸਾਹਿਬਾਨ ਅਤੇ ਸਿੱਖਾਂ ਦਾ ਇਤਿਹਾਸ ਅਤੇ ਗੁਰਬਾਣੀ ਸਪੱਸ਼ਟ ਕਰਦੀ ਹੈ ਕਿ ਕਿਸੇ ਨੂੰ ਵੀ ਆਪਣੇ ਧਰਮ ਨੂੰ ਛੱਡਣ ਲਈ ਕਦੇ ਜਬਰ ਨਹੀਂ ਕੀਤਾ ਗਿਆ। ਗੁਰੂ ਸਾਹਿਬਾਨ ਹਮੇਸ਼ਾਂ ਹੋਰਨਾਂ ਨਾਲ ਪਿਆਰ, ਆਦਰ ਅਤੇ ਸਹਿਣਸ਼ੀਲਤਾ ਨਾਲ ਪੇਸ਼ ਆਏ, ਪਰ ਨਾਲ ਹੀ ਗੁਰਮਤ (ਸਿੱਖੀ) ਨੂੰ ਅਪਣਾਉਣ ਲਈ ਪ੍ਰੇਰਿਤ ਵੀ ਕੀਤਾ।

ਇਸ ਦਾ ਪ੍ਰਮਾਣ ਇਤਿਹਾਸ ਵਿੱਚ ਵੀ ਮਿਲਦਾ ਹੈ। ਰੁਕਨੁੱਦੀਨ, ਜੋ ਮੱਕਾ ਦੇ ਕਾਬਾ ਦਾ ਮੁਖ ਕਾਜੀ ਸੀ, ਪਹਿਲਾਂ ਵਿਰੋਧ ਕਰਨ ਆਇਆ ਪਰ ਗੁਰੂ ਨਾਨਕ ਦੇਵ ਜੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਆਪਣੇ ਅਹੰਕਾਰ ਨੂੰ ਤਿਆਗ ਕੇ ਗੁਰੂ ਦੀ ਸ਼ਰਨ ਆ ਗਿਆ। ਤਾਜੁੱਦੀਨ ਦੀ ਡਾਇਰੀ ਅਨੁਸਾਰ, ਉਸ ਨੇ ਨਿਮਾਜ ਛੱਡ ਕੇ ਗੁਰੂ ਦੀ ਬਾਣੀ ਦਾ ਪਾਠ ਅਤੇ ਦਿੱਤੇ ਗੁਰਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਅਤੇ ਗੁਰੂ ਦਾ ਸਿੱਖ ਬਣ ਗਿਆ।

ਇਹ ਗੱਲ ਗੁਰਬਾਣੀ ਵਿੱਚ ਵੀ ਪ੍ਰਗਟ ਹੁੰਦੀ ਹੈ, ਜਿੱਥੇ ਸਤਿਗੁਰੂ ਅਮਰ ਦਾਸ ਜੀ ਇੱਕ ਸ਼ੇਖ ਨੂੰ ਗੁਰਬਾਣੀ ਨੂੰ ਪਛਾਣਣ ਅਤੇ ਸਤਿਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਉਣ ਲਈ ਉਪਦੇਸ਼ ਦਿੰਦੇ ਹਨ।

ਕਈ ਉਦਾਹਰਨਾਂ ਵਿੱਚ ਮੁਸਲਮਾਨ ਅਤੇ ਹਿੰਦੂ ਪਾਹੁਲ ਨਹੀਂ ਲੈਂਦੇ ਸਨ, ਪਰ ਗੁਰੂ ਨਾਲ ਡੂੰਘੀ ਭਗਤੀ ਰੱਖਦੇ ਸਨ। ਉਹ ਗੁਰੂ ਨੂੰ ਅਕਾਲ ਪੁਰਖ ਦੀ ਜੀਵੰਤ ਜੋਤ ਮੰਨਦੇ, ਗੁਰਬਾਣੀ ਦਾ ਪਾਠ ਕਰਦੇ, ਕੇਸ ਰੱਖਦੇ, ਤਮਾਕੂ ਅਤੇ ਜਿਬਾਹ ਤੋਂ ਬਚਦੇ ਸਨ। ਉਹਨਾਂ ਲਈ ਗੁਰੂ ਹੀ ਕਾਬਾ ਅਤੇ ਰੱਬ ਦਾ ਘਰ ਸੀ।

ਹਾਲਾਂਕਿ ਉਹਨਾਂ ਨੇ ਪਾਹੁਲ ਨਹੀਂ ਲਿਆ, ਫਿਰ ਵੀ ਉਹ “ਗੁਰੂ ਨਾਨਕ ਨਾਮ ਲੇਵਾ” ਜਾਂ “ਨਾਨਕ ਪੰਥੀ” ਵਜੋਂ ਜਾਣੇ ਜਾਂਦੇ ਸਨ, ਅਤੇ ਆਪਣੇ ਧਰਮ ਦੇ ਕੱਟੜਪੰਥੀਆਂ ਵੱਲੋਂ ਕਾਫ਼ਿਰ ਸਮਝੇ ਜਾਂਦੇ ਸਨ।

ਗੁਰਵਾਕ

ਸਲੋਕੁ ਮਃ ੩ ॥
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥
ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥
ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥
ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥
ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥
ਅਰਥ:- ਸਲੋਕ ਤੀਜੀ ਪਾਤਿਸ਼ਾਹੀ। ਹੇ ਚੌਹਾਂ ਪਾਸਿਆਂ ਵਿੱਚ ਫਿਰ ਕੇ ਵਾਦ-ਵਿਵਾਦ ਕਰਨ ਵਾਲੇ ਸ਼ੇਖ! ਤੂੰ ਆਪਣਾ ਇਹ ਚੰਚਲ ਮਨ ਇਕ ਟਿਕਾਣੇ ਲਿਆ ਕੇ ਟਿਕਾ। ਇਧਰ-ਉਧਰ ਦੀਆਂ ਟੇਢੀਆਂ-ਮੇਢੀਆਂ ਗੱਲਾਂ ਅਤੇ ਬਾਹਰੀ ਵਿਦਵਤਾ ਛੱਡ ਕੇ ਗੁਰੂ ਦੇ ਸ਼ਬਦ ਨੂੰ ਪਛਾਣ ਅਤੇ ਸਮਝ। ਸਤਿਗੁਰੂ ਦੇ ਅੱਗੇ ਨਿਵੀਂ ਹੋ ਕੇ ਸ਼ਰਨ ਪੈ, ਕਿਉਂਕਿ ਉਹ ਸਭ ਦੇ ਅੰਦਰ ਦੀ ਹਾਲਤ ਨੂੰ ਜਾਣਨ ਵਾਲਾ ਹੈ ਅਤੇ ਸੱਚਾ ਜਾਣੂ ਹੈ। ਆਪਣੀਆਂ ਆਸਾਂ, ਮਨ ਦੀਆਂ ਇੱਛਾਵਾਂ ਅਤੇ ਭਟਕਣਾਂ ਨੂੰ ਜਲਾ ਦੇ ਅਤੇ ਆਪਣੇ ਆਪ ਨੂੰ ਇਸ ਸੰਸਾਰ ਵਿੱਚ ਇਕ ਪਰਾਹੁਣਾ ਸਮਝ, ਜੋ ਥੋੜੇ ਸਮੇਂ ਲਈ ਆਇਆ ਹੈ। ਜੇ ਤੂੰ ਸਤਿਗੁਰੂ ਦੇ ਭਾਣੇ ਅਨੁਸਾਰ ਜੀਵਨ ਜੀਵੇਂਗਾ, ਤਾਂ ਤੈਨੂੰ ਰੱਬ ਦੀ ਦਰਗਾਹ ਵਿੱਚ ਆਦਰ ਅਤੇ ਮਾਣ ਪ੍ਰਾਪਤ ਹੋਵੇਗਾ। ਪਰ ਨਾਨਕ ਫੁਰਮਾਉਂਦੇ ਹਨ ਕਿ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨੂੰ ਯਾਦ ਨਹੀਂ ਕਰਦੇ, ਉਹਨਾਂ ਦਾ ਖਾਣਾ, ਪਹਿਨਣਾ ਅਤੇ ਸਾਰਾ ਜੀਵਨ ਫਿਟਕਾਰ ਜੋਗ ਅਤੇ ਵਿਅਰਥ ਹੈ।
(ਰਾਗੁ ਸੋਰਠਿ ਮਃ ੩, ਅੰਗ ੬੪੬)

ਨਤੀਜਾ: ਗੁਰਮਤਿ ਅਸਲ, ਪੂਰਨ ਅਤੇ ਸਰਬੋਤਮ ਸੱਚ ਦਾ ਮਾਰਗ ਹੈ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤ, ਜਿਵੇਂ ਬਾਬਾ ਫਰੀਦ ਜੀ, ਬ੍ਰਹਮ-ਗਿਆਨੀ ਸਨ ਜੋ ਆਪਣੇ ਪਰਵਾਰਿਕ ਮਜ਼ਬ ਤੋਂ ਉੱਪਰ ਉੱਠ ਕੇ ਸਤਿਗੁਰੂ ਰਾਹੀਂ ਅਸਲੀ ਸੱਚ ਦਾ ਗੁਰਮਤਿ ਦੇ ਨਾਮ-ਮਾਰਗ ਨੂੰ ਅਪਣਾਉਂਦੇ ਹਨ। ਗੁਰਮਤਿ ਵਿੱਚ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਮਨੁੱਖ ਉਹੀ ਹੈ ਜੋ ਕੇਸਧਾਰੀ ਹੋ ਕੇ ਸਰੀਰ ਨੂੰ ਸਾਬਤ-ਸੂਰਤ ਰੱਖਦਾ ਹੈ, ਹੁੱਕਾ-ਤਮਾਕੂ ਤੋਂ ਦੂਰ ਰਹਿੰਦਾ ਹੈ, ਜਾਨਵਰਾਂ ਵਿੱਚ ਵਾਹਿਗੁਰੂ ਦੀ ਜੋਤ ਵੇਖਦਾ ਹੈ, ਝੂਠ ਅਤੇ ਜੂਠ ਨੂੰ ਤਿਆਗ ਕੇ ਸੱਚ ਅਤੇ ਸੁਚਮਤਾ ‘ਤੇ ਪਹਿਰਾ ਦੇਂਦਾ ਹੈ, ਨਿਰਦਯੀ ਖੁਰਾਕ ਦੀ ਥਾਂ ਦਇਆ ਅਤੇ ਨਾਮ-ਸਿਮਰਨ ਨਾਲ ਭਰੀ ਖੁਰਾਕ ਚੱਖਦਾ ਹੈ, ਇਸਤ੍ਰੀ ਨੂੰ ਪੂਰਨ ਬਰਾਬਰੀ ਨਾਲ ਵੇਖਦਾ ਹੈ, ਕਿਸੇ ਨੂੰ ਕਾਫਿਰ ਜਾਂ ਬੇਗਾਨਾ ਨਹੀਂ ਸਮਝਦਾ ਅਤੇ ਗੁਰਮਤਿ ਅਨੁਸਾਰ ਨਾ ਕਿਸੇ ਹੋਰ ਇਨਸਾਨ ਨੂੰ ਗੁਲਾਮ ਬਣਾਉਣ ਦੀ ਮਨਜ਼ੂਰੀ ਹੈ ਤੇ ਨਾ ਹੀ ਕਿਸੇ ਦੇ ਵੱਖਰੇ ਸੋਚ-ਮਜ਼ਬ ਹੋਣ ਦਾ ਕਾਰਨ ਕਰਕੇ ਉਸ ‘ਤੇ ਜੰਗ ਅਤੇ ਕਤਲ ਕਰਨ ਦੀ।

ਇਸ ਲਈ ਗੁਰੂ ਸਾਹਿਬ ਜਦੋਂ “ਸੱਚਾ ਮੁਸਲਮਾਨ” ਕਹਿੰਦੇ ਹਨ, ਤਾਂ ਇਹ ਕਿਸੇ ਇਸਲਾਮ ਮਜ਼ਹਬ, ਮੁਹੰਮਦ (ਇਸਲਾਮ ਦੇ ਨਬੀ) ਜਾਂ ਕੁਰਾਨ ਦੇ ਦੇ ਪੈਰੋਕਾਰ ਲਈ ਨਹੀਂ ਵਰਤਿਆ ਗਿਆ, ਸਗੋਂ ਉਸ ਗੁਰਮੁਖ ਲਈ ਜੋ ਸਤਿਗੁਰੂ ਦੇ ਨਾਮ-ਮਾਰਗ ‘ਤੇ ਚੱਲ ਕੇ ਅਕਾਲ ਪੁਰਖ ਦੇ ਹੁਕਮ ਨੂੰ ਪੂਰੀ ਤਰ੍ਹਾਂ ਅਪਣਾਉਂਦਾ ਹੈ। ਗੁਰਬਾਣੀ ਵਿੱਚ “ਸੱਚਾ ਮੁਸਲਮਾਨ” ਇੱਕ ਆਤਮਿਕ ਅਵਸਥਾ ਹੈ, ਹਉਮੈ ਤੋਂ ਰਹਿਤ, ਰਜ਼ਾ ਵਿੱਚ ਰੰਗਿਆ, ਦਇਆ ਅਤੇ ਨਿਮਰਤਾ ਨਾਲ ਭਰਪੂਰ ਜੀਵਨ।

Leave A Comment

Your email address will not be published. Required fields are marked *